ਸ਼ਿੰਦਰ ਕੌਰ ਹਰੀਗੜ੍ਹ ਜ਼ਿਲਾ ਪ੍ਰਧਾਨ ਤੇ ਸਵਰਨ ਸਿੰਘ ਜ਼ਿਲਾ ਸਕੱਤਰ ਸਮੇਤ 21 ਮੈਂਬਰੀ ਜ਼ਿਲਾ ਕਮੇਟੀ ਚੁਣੀ ਗਈ
ਬਰਨਾਲਾ, ਗੁਰਦਾਸਪੁਰ, 20 ਮਈ (ਸਰਬਜੀਤ ਸਿੰਘ)– ਕਾਮਰੇਡ ਹਰਮਨਦੀਪ ਹਿੰਮਤਪੁਰਾ, ਸੂਬਾ ਪ੍ਰੈਸ ਸਕੱਤਰ ਨੇ ਪ੍ਰੈਸ ਨੋਟ ਜਾਰੀ ਕਰਦੇ ਹੋਏ ਦੱਸਿਆ ਕਿ ਮਜ਼ਦੂਰ ਲਹਿਰ ਦੀ ਇਨਕਲਾਬੀ ਦਾਅਵੇਦਾਰੀ ਮਜ਼ਬੂਤ ਕਰਨ ਦੇ ਸੱਦੇ ਨਾਲ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦਾ ਜ਼ਿਲ੍ਹਾ ਜਥੇਬੰਦਕ ਇਜਲਾਸ ਅੱਜ ਇਥੇ ਤਰਕਸ਼ੀਲ ਭਵਨ ਵਿਖੇ ਸੰਪੰਨ ਹੋਇਆ।
ਕਾਮਰੇਡ ਕੌਰ ਸਿੰਘ ਸਹਿਜੜਾ, ਕਰਨੈਲ ਸਿੰਘ ਠੀਕਰੀਵਾਲਾ, ਕਮਲਜੀਤ ਕੌਰ ਭਦੌੜ, ਰਜਿੰਦਰ ਕੌਰ ਭੱਠਲ ਅਤੇ ਜੱਗਾ ਸਿੰਘ ਸੰਘੇੜਾ ਦੀ ਪ੍ਰਧਾਨਗੀ ਹੇਠ ਹੋਏ ਇਜਲਾਸ ਦੀ ਸੁਰੂਆਤ ਜਥੇਬੰਦੀ ਦੇ ਸੀਨੀਅਰ ਆਗੂ ਕਾਮਰੇਡ ਕੌਰ ਸਿੰਘ ਸਹਿਜੜਾ ਵੱਲੋਂ ਮਜ਼ਦੂਰ ਜਮਾਤ ਦੇ ਸੂਹੇ ਝੰਡੇ ਨੂੰ ਝੁਲਾਏ ਜਾਣ ਨਾਲ ਹੋਈ। ਇਜਲਾਸ ਵਿਚ ਜ਼ਿਲੇ ਦੇ ਤਿੰਨੇ ਬਲਾਕਾਂ ‘ਚੋਂ ਔਰਤਾਂ ਦੀ ਵੱਡੀ ਸ਼ਮੂਲੀਅਤ ਨਾਲ ਸੈਂਕੜੇ ਡੈਲੀਗੇਟ ਹਾਜ਼ਰ ਸਨ। ਅਪਣੇ ਉਦਘਾਟਨੀ ਭਾਸ਼ਨ ਵਿਚ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਸੂਬਾ ਸਕੱਤਰ ਕਾਮਰੇਡ ਗੁਰਪ੍ਰੀਤ ਸਿੰਘ ਰੂੜੇਕੇ ਨੇ ਕਿਹਾ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਅਪਣੇ ਹੁਣ ਤੱਕ ਦੇ ਕਾਰਜਕਾਲ ਦੌਰਾਨ ਮਜ਼ਦੂਰ ਜਮਾਤ ਦੀ ਸਭ ਤੋਂ ਵੱਧ ਅਣਦੇਖੀ ਕੀਤੀ ਹੋਈ ਹੈ। ਇਸੇ ਸੋਚ ਤਹਿਤ ਹੀ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਮਜ਼ਦੂਰ ਆਗੂਆਂ ਨਾਲ ਮੀਟਿੰਗ ਕਰਨ ਤੋਂ ਵੀ ਭੱਜ ਰਹੇ ਹਨ।
ਸੀਪੀਆਈ (ਐਮ ਐਲ ) ਲਿਬਰੇਸ਼ਨ ਦੇ ਸੂਬਾਈ ਆਗੂ ਕਾਮਰੇਡ ਸੁੱਖਦਰਸ਼ਨ ਨੱਤ ਨੇ ਅਪਣੇ ਸੰਬੋਧਨ ਵਿਚ ਕਿਹਾ ਕਿ ਅੱਜ ਜਿੱਥੇ ਮਜ਼ਦਰ ਲਹਿਰ ਰੁਜ਼ਗਾਰ, ਰਿਹਾਇਸ਼ ਤੇ ਕਰਜ਼ਾ ਮੁਕਤੀ ਵਰਗੇ ਬੁਨਿਆਦੀ ਹੱਕਾਂ ਲਈ ਜੂਝ ਰਹੀ ਹੈ, ਉੱਥੇ ਕੇਂਦਰ ਦੀ ਬੀਜੇਪੀ ਸਰਕਾਰ ਨੇ ਮਜ਼ਦੂਰ ਦੇ ਹਿੱਤਾਂ ਦੀ ਰੱਖਿਆ ਕਰਨ ਵਾਲੇ ਕਿਰਤ ਕਾਨੂੰਨਾਂ ਰੱਦ ਕਰਕੇ ਅਤੇ ਮਨਰੇਗਾ ਦੇ ਬਜਟ ‘ਤੇ ਕੱਟ ਲਾ ਕੇ ਪਹਿਲਾਂ ਤੋਂ ਦੁਸ਼ਵਾਰੀਆਂ ਕੱਟ ਰਹੇ ਮਜ਼ਦੂਰਾਂ ਦੇ ਪੇਟ ਤੇ ਲੱਤ ਮਾਰੀ ਹੈ। ਮੋਦੀ ਸਰਕਾਰ ਲੋਕਤੰਤਰ ਦਾ ਘਾਂਣ ਕਰਕੇ ਅਤੇ ਡਾਕਟਰ ਅੰਬੇਦਕਰ ਸਾਹਿਬ ਦੇ ਬਣਾਏ ਸੰਵਿਧਾਨ ਨੂੰ ਰੱਦ ਕਰਕੇ ਜਾਤੀਵਾਦ ਤੇ ਛੂਤ ਛਾਤ ਨੂੰ ਮਾਨਤਾ ਦਿੰਦੀ ਮਨੂੰ ਸਮਿ੍ਰਤੀ ਨੂੰ ਦੇਸ਼ ਦਾ ਸੰਵਿਧਾਨ ਬਣਾਉਣਾ ਚਾਹੁੰਦੀ ਹੈ। ਇਸ ਲਈ ਮਜ਼ਦੂਰ ਲਹਿਰ ਦੇਸ਼ ਦੀਆਂ ਇਨਕਲਾਬੀ ਜਮਹੂਰੀ ਤੇ ਫਾਸ਼ੀਵਾਦ ਵਿਰੋਧੀ ਤਾਕਤਾਂ ਨਾਲ ਮਿਲ ਕੇ ਬੀਜੇਪੀ – ਆਰਐੱਸਐਸ ਨੂੰ ਲੱਕ ਤੋੜਵੀਂ ਹਾਰ ਦੇਣ ਲਈ ਜ਼ੋਰ ਲਾਵੇਗੀ।
ਇਜਲਾਸ ਵਲੋਂ ਪਾਸ ਕੀਤੇ ਮਤਿਆਂ ਵਿਚ ਮਨਰੇਗਾ ਤਹਿਤ ਦੌ ਸੌ ਦਿਨ ਕੰਮ ਤੇ 700 ਰੁਪੈ ਦਿਹਾੜੀ, ਮਕਾਨ ਉਸਾਰਨ ਲਈ ਗੁਜ਼ਾਰੇ ਲਾਇਕ ਪਲਾਟ ਅਤੇ ਮਕਾਨਾਂ ਦੀ ਉਸਾਰੀ ਲਈ ਗਰਾਂਟ ਦਿੱਤੇ ਜਾਣ, ਸਾਂਝੇ ਤੌਰ ‘ਤੇ ਖੇਤੀ ਲਈ ਹਰ ਪਿੰਡ ਚ ਤੀਜੇ ਹਿੱਸੇ ਦੀ ਪੰਚਾਇਤੀ ਜ਼ਮੀਨ ਰਾਖਵੀਂ ਕੀਮਤ ‘ਤੇ ਦਲਿਤ ਮਜ਼ਦੂਰਾਂ ਨੂੰ ਅਲਾਟ ਕੀਤੇ ਜਾਣ, ਲੋੜਵੰਦ ਪਰਿਵਾਰਾਂ ਦੇ ਕੱਟੇ ਰਾਸ਼ਨ ਕਾਰਡ ਮੁੜ ਬਹਾਲ ਕੀਤੇ ਜਾਣ, ਬੁਢਾਪਾ ਵਿਧਵਾ ਤੇ ਅੰਗਹੀਣ ਪੈਨਸ਼ਨ ਘੱਟੋ ਘੱਟ 5000 ਰੁਪਏ ਅਤੇ ਵਾਅਦੇ ਮੁਤਾਬਿਕ ਔਰਤਾਂ ਨੂੰ 1000 ਰੁ ਮਹੀਨਾ ਤੁਰੰਤ ਦਿੱਤੇ ਜਾਣ ਲਈ ਹਰ ਪਿੰਡ ਵਿਚ ਮਜ਼ਦੂਰ ਮੁਕਤੀ ਮੋਰਚੇ ਦੀ ਭਾਰੀ ਗਿਣਤੀ ਵਿਚ ਮੈਂਬਰਸ਼ਿਪ ਕਰਕੇ ਸੰਘਰਸ਼ ਛੇੜੇ ਜਾਣ ਦਾ ਐਲਾਨ ਕੀਤਾ ਗਿਆ। ਇਸ ਕਾਰਜ ਲਈ ਪਿੰਡ ਪਿੰਡ ਚ ਮਜ਼ਦੂਰ ਜਥੇਬੰਦੀ ਦੀ ਮੈਂਬਰਸ਼ਿਪ ਮੁਹਿੰਮ ਚਲਾਉਂਦੇ ਹੋਏ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੀਆਂ ਪਿੰਡ ਇਕਾਈਆਂ ਦੀ ਚੋਣ ਕਰਨ ਦਾ ਸੱਦਾ ਦਿੱਤਾ ਗਿਆ। ਇਜਲਾਸ ਨੂੰ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੀ ਜ਼ਿਲ੍ਹਾ ਪ੍ਰਧਾਨ ਕਾਮਰੇਡ ਸਿੰਦਰ ਕੌਰ ਹਰੀਗੜ੍ਹ ਨੇ ਜਥੇਬੰਦੀ ਦੇ ਪਿਛਲੇ ਕੰਮਕਾਜ ਦੀ ਰਿਪੋਰਟ ਪੇਸ਼ ਕਰਦਿਆਂ ਕਿਹਾ ਕਿ ਪਿਛਲੇ ਸਮੇਂ ਦੌਰਾਨ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਨੇ ਮਨਰੇਗਾ ਕਾਨੂੰਨ ਤਹਿਤ ਮਜ਼ਦੂਰਾਂ ਨੂੰ ਕੰਮ ਅਤੇ ਮਿਹਨਤਾਨਾ ਦਿਵਾਏ ਜਾਣ ਲਈ ਆਪਣੇ ਪੱਧਰ ‘ਤੇ ਅਤੇ ਸਾਂਝੇ ਘੋਲ ਲੜੇ ਹਨ। ਮਾਈਕਰੋ ਫਾਇਨਾਂਸ ਕੰਪਨੀਆਂ ਦੀ ਲੁੱਟ ਤੇ ਕਰਜ਼ੇ ਤੋ ਮੁਕਤੀ ਲਈ ਹਜ਼ਾਰਾਂ ਔਰਤਾਂ ਨੂੰ ਲਾਮਬੰਦ ਕਰਕੇ ਜ਼ਿਲ੍ਹੇ ਭਰ ‘ਚ ਸਫ਼ਲਤਾਪੂਰਵਕ ਸੰਘਰਸ਼ ਅੱਜ ਵੀ ਲੜਿਆ ਜਾ ਰਿਹਾ ਹੈ। ਇਸ ਮੌਕੇ ਉਨ੍ਹਾਂ ਭੱਵਿਖ ਦੀਆਂ ਚੁਣੌਤੀਆਂ ਦੇ ਮੱਦੇਨਜ਼ਰ ਘੋਲ ਨੂੰ ਹੋਰ ਮਜ਼ਬੂਤ ਕਰਨ ਦਾ ਸੱਦਾ ਦਿੱਤਾ ।
ਇਜਲਾਸ ਨੇ ਪਹਿਲਵਾਨਾਂ ਦੇ ਸੰਘਰਸ਼ ਦੀ ਹਿਮਾਇਤ ਕਰਦੇ ਹੋਏ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਤੇ ਬੀਜੇਪੀ ਦੇ ਐਮਪੀ ਬ੍ਰਿਜ ਭੂਸ਼ਨ ਸਿੰਘ ਨੂੰ ਤੁਰੰਤ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ। ਮਨੁੱਖੀ ਅਧਿਕਾਰਾਂ ਦੀ ਕਾਰਕੁੰਨ ਤੇ ਲੋਕ ਪੱਖੀ ਨਾਟਕਕਾਰ ਭਾਅ ਜੀ ਗੁਰਸ਼ਰਨ ਸਿੰਘ ਜੀ ਦੀ ਬੇਟੀ ਨਵਸ਼ਰਨ ਨੂੰ ਈਡੀ ਵੱਲੋਂ ਤੰਗ ਪ੍ਰੇਸ਼ਾਨ ਕਰਨ ਦੀ ਨਿਖੇਧੀ ਕੀਤੀ ਗਈ। ਬੰਦੀ ਸਿੰਘਾਂ ਸਮੇਤ ਸਜ਼ਾ ਪੂਰੀ ਕਰ ਚੁੱਕੇ ਸਾਰੇ ਸਿਆਸੀ ਕੈਦੀਆਂ ਨੂੰ ਤੁਰੰਤ ਰਿਹਾਅ ਕੀਤੇ ਜਾਣ, ਜਾਅਲੀ ਐਸਸੀ ਸਰਟੀਫਿਕੇਟ ਬਣਾ ਕੇ ਨੌਕਰੀਆਂ ‘ਤੇ ਲੱਗੇ ਵਿਅਕਤੀਆਂ ਅਤੇ ਇਸ ਧੋਖਾਧੜੀ ਵਿਚ ਉਨ੍ਹਾਂ ਦੀ ਭਾਈਵਾਲ ਅਫ਼ਸਰਸ਼ਾਹੀ ਖ਼ਿਲਾਫ਼ ਕੇਸ ਦਰਜ ਕਰਕੇ ਸਖ਼ਤ ਸਜ਼ਾ ਦਿੱਤੇ ਜਾਣ, ਪਟਿਆਲਾ ਜ਼ਿਲ੍ਹੇ ਚ ਤੀਜੇ ਹਿੱਸੇ ਦੀ ਜ਼ਮੀਨ ਲਈ ਸੰਘਰਸ਼ ਕਰ ਰਹੇ ਗ੍ਰਿਫਤਾਰ ਕੀਤੇ ਮਜ਼ਦੂਰ ਆਗੂਆਂ ਦੀ ਤੁਰੰਤ ਰਿਹਾਈ ਦੀ ਮੰਗ ਕੀਤੀ ਗਈ। ਸਟੇਜ ਸੰਚਾਲਨ ਜਥੇਬੰਦੀ ਦੇ ਸੂਬਾ ਪ੍ਰੈਸ ਸਕੱਤਰ ਕਾਮਰੇਡ ਹਰਮਨਦੀਪ ਹਿੰਮਤਪੁਰਾ ਨੇ ਕੀਤਾ।
ਇਜਲਾਸ ਨੇ ਸਰਬਸੰਮਤੀ ਨਾਲ 21 ਮੈਂਬਰੀ ਨਵੀਂ ਜਿਲਾ ਜਥੇਬੰਦਕ ਕਮੇਟੀ ਦੀ ਚੋਣ ਕੀਤੀ। ਨਵੀਂ ਜਿਲਾ ਕਮੇਟੀ ਨੇ ਕਾਮਰੇਡ ਸ਼ਿੰਦਰ ਕੌਰ ਹਰੀਗੜ੍ਹ ਨੂੰ ਪ੍ਰਧਾਨ, ਕਾਮਰੇਡ ਸਵਰਨ ਸਿੰਘ ਜੰਗੀਆਣਾ ਨੂੰ ਜ਼ਿਲਾ ਸਕੱਤਰ, ਕਾ. ਸੁਖਦੇਵ ਸਿੰਘ ਮੱਝੂਕੇ ਨੂੰ ਸੀਨੀਅਰ ਮੀਤ ਪ੍ਰਧਾਨ, ਕਮਲਜੀਤ ਕੌਰ ਭਦੌੜ ਨੂੰ ਮੀਤ ਪ੍ਰਧਾਨ, ਜੱਗਾ ਸਿੰਘ ਸੰਘੇੜਾ ਨੂੰ ਵਿੱਤ ਸਕੱਤਰ, ਹਰਚਰਨ ਸਿੰਘ ਰੂੜੇਕੇ ਤੇ ਬੂਟਾ ਸਿੰਘ ਧੌਲਾ ਦੋਵਾਂ ਨੂੰ ਜਥੇਬੰਦਕ ਸਕੱਤਰ ਚੁਣਿਆ ਗਿਆ।
ਅੰਤ ਵਿਚ ਕਾਮਰੇਡ ਸ਼ਿੰਦਰ ਕੌਰ ਹਰੀਗੜ੍ਹ ਨੇ ਸਾਰੇ ਡੈਲੀਗੇਟਾਂ ਦਾ ਧੰਨਵਾਦ ਕੀਤਾ ਤੇ ਇਨਕਲਾਬੀ ਨਾਅਰਿਆਂ ਦੀ ਗੂੰਜ ਵਿਆਪਕ ਮਜ਼ਦੂਰ ਲਹਿਰ ਖੜ੍ਹੀ ਕਰਨ ਦੇ ਅਹਿਦ ਨਾਲ ਇਜਲਾਸ ਦੀ ਸਮਾਪਤੀ ਹੋਈ।


