ਪੰਜਾਬ ਦੇ ਮੁੱਖ ਮੰਤਰੀ ਦੀ ਸੋਚ ‘ਤੇ ਪਹਿਰਾ ਦੇ ਰਹੇ ਹਨ ਡੀ.ਆਈ.ਜੀ ਭੁੱਲਰ
ਗੁਰਦਾਸਪੁਰ, 25 ਮਈ (ਸਰਬਜੀਤ ਸਿੰਘ)–ਇੰਡੀਅਨ ਓਲੰਪਿਕ ਐਸੋਸੀਏਸ਼ਨ ਵੱਲੋਂ ਗਤਕੇ ਨੂੰ ਨੈਸ਼ਨਲ ਖੇਡਾਂ ਵਿੱਚ ਸ਼ਾਮਲ ਕਰਨਾ ਪੰਜਾਬ ਲਈ ਬਹੁਤ ਪ੍ਰਸ਼ੰਸਾ ਯੋਗ ਵਾਲੀ ਗੱਲ ਹੈ | ਉਕਤ ਲਫਜ਼ ਆਲ ਇੰਡੀਆ ਗਤਕਾ ਫੈਡਰੇਸ਼ਨ ਦੇ ਪ੍ਰਧਾਨ ਡੀ.ਆਈ.ਜੀ ਹਰਚਰਨ ਸਿੰਘ ਭੁੱਲਰ ਆਈ.ਪੀ.ਐਸ ਅਤੇ ਪੰਜਾਬ ਗਤਕਾ ਐਸੋਸੀਏਸ਼ਨ ਦੇ ਪ੍ਰਧਾਨ ਡਾ. ਰਜਿੰਦਰ ਸਿੰਘ ਸੋਹਲ ਪੀ.ਐਚ.ਡੀ ਨੇ ਸਾਂਝੇ ਕੀਤੇ |
ਉਨ੍ਹਾਂ ਕਿਹਾ ਕਿ ਇਸ ਸਾਲ ਅਕਤੂਬਰ ਵਿੱਚ ਗੋਆ ਵਿਖੇ 37ਵੀਂ ਇਹ ਨੈਸ਼ਨਲ ਖੇਡਾਂ ਕਰਵਾਈਆ ਜਾ ਰਹੀਆ ਹਨ | ਪਰ ਇੱਥੇ ਇਹ ਵਰਣਯੋਗ ਹੈ ਕਿ ਇੰਡੀਅਨ ਓਲੰਪਿਕ ਐਸੋਸ਼ੀਏਸ਼ਨ ਵੱਲੋਂ ਗਤਕੇ ਨੂੰ ਰਾਸ਼ਟਰੀ ਖੇਡ ਵੱਜੋਂ ਮਾਨਤਾ ਦੇ ਕੇ ਇਸ ਖੇਡ ਦੇ ਖਿਡਾਰੀਆ ਵਿੱਚ ਉਤਸ਼ਾਹ ਭਰਿਆ ਗਿਆ ਹੈ |
ਡੀ.ਆਈ.ਜੀ ਹਰਚਰਨ ਸਿੰਘ ਭੁੱਲਰ ਆਈ.ਪੀ.ਐਸ ਨੇ ਦੱਸਿਆ ਕਿ ਗਤਕਾ ਖੇਡ ਨੂੰ ਸ਼ਿਖਰਾਂ ਤੱਕ ਪਹੁੰਚਾਉਣ ਲਈ ਫੈਡਰੇਸ਼ਨ ਆਫ ਇੰਡੀਆ ਲੰਬੇ ਸਮੇਂ ਤੋਂ ਨਿਰੰਤਰ ਕੋਸ਼ਿਸ਼ਾ ਕਰਦੀ ਰਹੀ ਹੈ ਅਤੇ ਹੁਣ ਉਨ੍ਹਾਂ ਦੀ ਕੋਸ਼ਿਸ਼ਾਂ ਨੂੰ ਬੂਰ ਪਿਆ ਹੈ | ਇੰਡੀਅਨ ਓਲੰਪਿਕ ਐਸੋਸੀਏਸ਼ਨ ਵੱਲੋਂ ਗਤਕੇ ਨੂੰ ਰਾਸ਼ਟਰੀ ਖੇਡ ਦੀ ਮਾਨਤਾ ਮਿਲਣ ਨਾਲ ਖਿਡਾਰੀ ਨਵੀਆਂ ਬੁਲੰਦੀਆ ਨੂੰ ਛੂਹਣਗੇ | ਉਧਰ ਡਾ. ਰਜਿੰਦਰ ਸਿੰਘ ਸੋਹਲ ਜਿੱਥੇ ਗਤਕਾ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਹਨ, ਉਥੇ ਨਾਲ ਹੀ ਆਲ ਇੰਡੀਆ ਐਸੋਸੀਏਸ਼ਨ ਦੇ ਵਾਈਸ ਪ੍ਰਧਾਨ ਵੀ ਹਨ | ਉਨ੍ਹਾਂ ਵੀ ਗਤਕੇ ਨੂੰ ਰਾਸ਼ਟਰੀ ਖੇਡ ਵਿੱਚ ਸ਼ਾਮਲ ਕਰਨ ‘ਤੇ ਖੁਸ਼ੀ ਦਾ ਇਜਹਾਰ ਕੀਤਾ ਹੈ | ਉਨ੍ਹਾਂ ਕਿਹਾ ਕਿ ਇਸ ਸਾਲ ਖਿਡਾਰੀਆਂ ਦੇ ਹੌਂਸਲੇ ਬੁਲੰਦ ਹੋਣਗੇ |
ਇਸ ਸਮੇਂ ਬਲਜਿੰਦਰ ਸਿੰਘ ਤੂਰ ਜਨਰਲ ਸਕੱਤਰ ਗਤਕਾ ਫੈਡਰੇਸ਼ਨ ਆਲ ਇੰਡੀਆ ਨੇ ਸਮੂਹ ਗਤਕਾ ਖਿਡਾਰੀਆ ਨੂੰ ਵਧਾਈ ਦਿੰਦੇ ਹੋਇਆ ਕਿਹਾ ਕਿ ਇੰਡੀਆ ਓਲੰਪਿਕ ਐਸੋਸੀਏਸ਼ਨ ਵੱਲੋਂ ਇਸ ਖੇਡ ਨੂੰ ਰਾਸ਼ਟਰੀ ਖੇਡ ਮਿਲਣ ਨਾਲ ਆਉਣ ਵਾਲੀਆਂ ਪੀੜੀਆ ਸਾਡੀ ਵਿਰਾਸਤੀ ਖੇਡ ਗਤਕੇ ਨਾਲ ਜੁੜਨਗੀਆਂ ਜੋ ਕਿ ਇੱਕ ਵਧੀਆ ਕਦਮ ਹੈ |
ਇਸ ਮੌਕੇ ਆਲ ਇੰਡੀਆ ਗਤਕਾ ਫੈਡਰੇਸ਼ਨ ਦੇ ਇੰਡੀਅਨ ਓਲੰਪਿਕ ਐਸੋਸੀਏਸ਼ਨ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ, ਸਪੀਕਰ ਪੰਜਾਬ ਵਿਧਾਨਸਭਾ ਕੁਲਤਾਰ ਸਿੰਘ ਸੰਧਵਾਂ, ਕੇਂਦਰੀ ਖੇਡ ਮੰਤਰੀ ਅਨੁਰਾਗ ਠਾਕੁਰ, ਭਾਰਤੀ ਓਲੰਪਿਕ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਰਾਜਸਭਾ ਮੈਂਬਰ ਪੀ.ਟੀ ਊਸ਼ਾ, ਖੇਡ ਤੇ ਤਕਨੀਕੀ ਮਾਮਲਿਆਂ ਬਾਰੇ ਕਮੇਟੀ ਦੇ ਚੇਅਰਮੈਨ ਅਮਿਤਾਭ ਸ਼ਰਮਾ ਅਤੇ ਹੋਰਨਾਂ ਮੈਂਬਰਾਂ ਦਾ ਵੀ ਸਵਾਗਤ ਕੀਤਾ ਹੈ |
ਇੱਥੇ ਵਰਣਯੋਗ ਹੈ ਕਿ ਡੀ.ਆਈ.ਜੀ ਹਰਚਰਨ ਸਿੰਘ ਭੁੱਲਰ ਆਈ.ਪੀ.ਐਸ ਜੋ ਕਿ ਇੱਕ ਈਮਾਨਦਾਰ ਅਫਸਰ ਵੱਜੋਂ ਜਾਣੇ ਜਾਂਦੇ ਹਨ | ਉਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸੋਚ ‘ਤੇ ਪਹਿਰਾ ਦੇ ਕੇ ਆਉਣ ਵਾਲੀ ਜਵਾਨੀ ਨੂੰ ਖੇਡਾਂ ਵੱਲ ਲਾ ਰਹੇ ਹਨ ਤਾਂ ਜੋ ਉਹ ਨਸ਼ਿਆ ਵਿੱਚ ਗੜੂਚ ਨਾ ਹੋਣ ਅਤੇ ਆਪਣੀ ਵਿਰਾਸਤੀ ਖੇਡ ਗਤਕੇ ਨੂੰ ਹੋਰ ਵੀ ਪ੍ਰਫੁੱਲਿਤ ਕਰ ਸਕਣ |


