ਗੁਰਦਾਸਪੁਰ, 14 ਮਈ (ਸਰਬਜੀਤ ਸਿੰਘ।)–ਸੀਪੀਆਈ ਐਮ ਐਲ ਲਿਬਰੇਸ਼ਨ ਨੇ ਕਰਨਾਟਕਾ ਵਿਚ ਭਾਜਪਾ ਦੀ ਹੋਈ ਹਾਰ ਨੂੰ ਦੇਸ਼ ਵਿਚ ਫਾਸ਼ੀਵਾਦ ਵਿਰੁੱਧ ਚੱਲ ਰਹੀ ਲੜਾਈ ਵਿਚ ਸ਼ੁਭ ਸ਼ਗਨ ਦਸਿਆ ਹੈ। ਇਸ ਸਬੰਧੀ ਪ੍ਰੈਸ ਨਾਲ ਗੱਲਬਾਤ ਕਰਦਿਆਂ ਲਿਬਰੇਸ਼ਨ ਦੇ ਸੂਬਾ ਸਕੱਤਰ ਕਾਮਰੇਡ ਗੁਰਮੀਤ ਸਿੰਘ ਬੱਖਤਪੁਰਾ ਨੇ ਕਿਹਾ ਕਿ ਭਾਜਪਾ ਦੀ ਕਰਨਾਟਕਾ ਵਿਚਲੀ ਹਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਗ੍ਰਿਹ ਮੰਤਰੀ ਦੀ ਨਿਜੀ ਹਾਰ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦੇ ਸੂਰਜ ਦੇ ਡੁਬਣ ਦੀ ਸ਼ੁਰੂਆਤ ਹੋ ਚੁੱਕੀ ਹੈ। ਸਾਰਾ ਦੇਸ ਮੋਦੀ ਸਰਕਾਰ ਦੀਆਂ ਲੋਕ ਅਤੇ ਦੇਸ਼ ਵਿਰੋਧੀ ਨੀਤੀਆਂ ਤੋ ਪ੍ਰੇਸ਼ਾਨ ਹੋ ਚੁੱਕਾ ਹੈ। ਜਿਸ ਤਰ੍ਹਾਂ ਮੋਦੀ, ਸ਼ਾਹ, ਯੋਗੀ ਆਦਿਤਿਆ ਨਾਥ ਅਤੇ ਆਰ ਐਸ ਐਸ ਨੇ ਦੇਸ਼ ਨੂੰ ਆਪਣੀ ਜਗੀਰ ਹੋਂਣ ਦਾ ਭਰਮ ਪਾਲਣਾ ਸ਼ੁਰੂ ਕਰ ਦਿੱਤਾ ਹੈ, ਕਰਨਾਟਕਾ ਦੇ ਵੋਟਰਾਂ ਨੇ ਇਸ ਦਾ ਢੁਕਵਾਂ ਜਵਾਬ ਦਿੱਤਾ ਹੈ ਕਿ ਇਸ ਦੇਸ਼ ਦੇ ਮਾਲਕ ਦੇਸ ਦੇ ਲੋਕ ਹਨ ਨਾਂ ਕਿ ਆਰ ਐਸ ਐਸ ਦਾ ਫਾਸਿਸਟ ਲਾਣਾ। ਕਰਨਾਟਕਾ ਵਿਚ ਭਾਜਪਾ ਦੀ ਹਾਰ ਤੋਂ ਵੋਟਾਂ ਦਾ ਬਾਈਕਾਟ ਕਰਨ ਦੀ ਸਿਆਸਤ ਕਰਨ ਵਾਲਿਆਂ ਲਈ ਵੀ ਸਬਕ ਹੈ ਕਿ ਪਾਰਲੀਮਾਨੀ ਸਿਆਸਤ ਤੋਂ ਅਖਾਂ ਮੀਟਨਾ ਸਿਆਸੀ ਬਚਗਾਨਾ ਪਣ ਹੈ।ਇਹ ਸੱਚ ਹੈ ਕਿ ਇਤਿਹਾਸ ਵਿਚ ਪਹਿਲੀ ਵਾਰ ਮੋਦੀ ਰਾਜ ਵਿੱਚ ਦੇਸ ਦੇ ਲੋਕ ਤੰਤਰ, ਧਰਮ ਨਿਰਪੱਖਤਾ ਅਤੇ ਸੰੰਘੀ ਢਾਂਚੇ ਨੂੰ ਭਾਰੀ ਸੱਟ ਵੱਜੀ ਹੈ। ਬੱਖਤਪੁਰਾ ਨੇ ਜਲੰਧਰ ਜ਼ਿਮਨੀ ਚੋਣ ਵਿੱਚ ਆਮ ਆਦਮੀ ਪਾਰਟੀ ਦੀ ਜਿੱਤ ਨੂੰ ਉਨ੍ਹਾਂ ਦੀ ਕਾਰਗੁਜ਼ਾਰੀ ਦੀ ਨਹੀਂ , ਦਲਬਦਲੀਆਂ ਦੀ ਰਾਜਨੀਤੀ ਦੀ ਜਿਤ ਦਸਦਿਆਂ ਕਿਹਾ ਕਿ ਜਲੰਧਰ ਦੇ ਵੋਟਰਾ ਨੇ ਇਥੇ ਵੀ ਭਾਜਪਾ ਦੀ ਜ਼ਮਾਨਤ ਜ਼ਬਤ ਕਰਵਾ ਕੇ ਮੋਦੀ ਸਰਕਾਰ ਦਾ ਘੁਮੰਡ ਚੂਰ ਚੂਰ ਕਰ ਦਿੱਤਾ ਹੈ।