ਗੋਬਿੰਦ ਛਾਜਲੀ ਸੂਬਾ ਪ੍ਰਧਾਨ ਅਤੇ ਗੁਰਪ੍ਰੀਤ ਰੂੜੇਕੇ ਜਨਰਲ ਸਕੱਤਰ ਚੁਣੇ ਗਏ
ਮਾਨਸਾ, ਗੁਰਦਾਸਪੁਰ 6 ਮਈ (ਸਰਬਜੀਤ ਸਿੰਘ)– ਮਜ਼ਦੂਰ ਜਮਾਤ ਦੇ ਮਹਾਨ ਆਗੂ ਤੇ ਇਨਕਲਾਬੀ ਸਿਧਾਂਤਕਾਰ ਕਾਰਲ ਮਾਰਕਸ ਦੇ ਜਨਮ ਦਿਹਾੜੇ ਮੌਕੇ ਅੱਜ ਇਥੇ ਬਾਬਾ ਬੂਝਾ ਸਿੰਘ ਭਵਨ ਵਿਖੇ ਹੋਏ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਸੂਬਾ ਜਥੇਬੰਦਕ ਇਜਲਾਸ ਵਲੋਂ ਭਗਵੰਤ ਸਮਾਓ ਤੇ ਹਰਵਿੰਦਰ ਸੇਮਾ ਨੂੰ ਜਥੇਬੰਦੀ ਵਿਚੋਂ ਖਾਰਜ ਕਰਕੇ, ਜਥੇਬੰਦੀ ਦੀ 31 ਮੈਂਬਰੀ ਨਵੀਂ ਸੂਬਾ ਜਥੇਬੰਦਕ ਕਮੇਟੀ ਦੀ ਚੋਣ ਕੀਤੀ ਗਈ ।

ਇਜਲਾਸ ਵਿਚ ਮਜ਼ਦੂਰ ਮੁਕਤੀ ਮੋਰਚੇ ਦੀ ਤੇ ਇਸ ਦੇ ਆਗੂਆਂ ਦੀ ਕਾਰਗੁਜ਼ਾਰੀ ਬਾਰੇ ਚਰਚਾ ਵਿਚ ਜਥੇਬੰਦੀ ਦੇ ਸੂਬਾ ਉਪ ਪ੍ਰਧਾਨ ਕਾਮਰੇਡ ਗੋਬਿੰਦ ਸਿੰਘ ਛਾਜਲੀ, ਗੁਰਪ੍ਰੀਤ ਸਿੰਘ ਰੂੜੇ ਕੇ, ਗੁਰਮੀਤ ਸਿੰਘ ਨੰਦਗੜ੍ਹ, ਵਿਜੇ ਕੁਮਾਰ ਭੀਖੀ, ਹਰਮਨਦੀਪ ਹਿੰਮਤਪੁਰਾ, ਘੁਮੰਡ ਸਿੰਘ ਉਗਰਾਹਾਂ, ਗੁਰਸੇਵਕ ਸਿੰਘ ਮਾਨ, ਨਰਿੰਦਰ ਕੌਰ ਸਮੇਤ ਕਈ ਡੈਲੀਗੇਟਾਂ ਨੇ ਅਪਣੇ ਵਿਚਾਰ ਪੇਸ਼ ਕੀਤੇ।
ਇਸ ਮੌਕੇ ਬੋਲਦਿਆਂ ਇੰਨਾਂ ਮਜ਼ਦੂਰ ਆਗੂਆਂ ਨੇ ਕਿਹਾ ਕਿ ਮਾਰਕਸਵਾਦ ਲੈਨਿਨਵਾਦ ਹੀ ਮਜ਼ਦੂਰ ਜਮਾਤ ਦੀ ਮੁਕਤੀ ਅਤੇ ਬੁਨਿਆਦੀ ਸਮਾਜਿਕ ਤਬਦੀਲੀ ਦੀ ਵਿਗਿਆਨਕ ਵਿਚਾਰਧਾਰਾ ਹੈ, ਪਰ ਜਥੇਬੰਦੀ ਦੇ ਮੋਹਰੀ ਆਗੂ ਭਗਵੰਤ ਸਮਾਂਉ, ਹਰਵਿੰਦਰ ਸੇਮਾ ਤੇ ਉਨਾਂ ਦੇ ਕੁਝ ਪੈਰੋਕਾਰ ਐਲਾਨੀਆ ਇਸ ਇਨਕਲਾਬੀ ਵਿਚਾਰਧਾਰਾ ਨੂੰ ਤਿਲਾਂਜਲੀ ਦੇ ਚੁੱਕੇ ਹਨ। ਇਸ ਕਰਕੇ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦਾ ਇਹ ਜਥੇਬੰਦਕ ਇਜਲਾਸ ਸੂਬਾ ਪ੍ਰਧਾਨ ਭਗਵੰਤ ਸਮਾਂਉ ਤੇ ਸੂਬਾ ਸਕੱਤਰ ਹਰਵਿੰਦਰ ਸਿੰਘ ਸੇਮਾ ਨੂੰ ਉਨ੍ਹਾਂ ਦੇ ਅਹੁਦਿਆਂ ਤੋਂ ਬਰਖ਼ਾਸਤ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਡਾਕਟਰ ਭੀਮ ਰਾਓ ਅੰਬੇਦਕਰ ਜੀ ਜੀਵਨ ਭਰ ਜਾਤ ਪਾਤ ਦੇ ਬੀਜ਼ ਨਾਸ਼ ਲਈ ਪ੍ਰਤੀਬੱਧ ਰਹੇ, ਪਰ ਉਕਤ ਆਗੂ ਜਾਤੀ ਨਫ਼ਰਤ ਫੈਲਾਉਣ ਵਾਲਾ ਪ੍ਰਚਾਰ ਕਰ ਰਹੇ ਹਨ। ਉਹ ਤਮਾਮ ਪੇਂਡੂ ਮਜ਼ਦੂਰਾਂ ਤੇ ਸ਼ਹਿਰੀ ਗਰੀਬਾਂ ਦੇ ਸੰਘਰਸ਼ ਨੂੰ ਵਿਚਾਰਧਾਰਕ ਸੇਧ ਦੇਣ ਵਾਲੀ ਪਾਰਟੀ ਸੀਪੀਆਈ (ਐਮ ਐਲ) ਲਿਬਰੇਸ਼ਨ ਦੇ ਉਨਾਂ ਆਗੂਆਂ ਖਿਲਾਫ ਕੂੜ ਪ੍ਰਚਾਰ ਕਰ ਰਹੇ ਹਨ, ਜੋ ਮਜ਼ਦੂਰਾਂ ਦੇ ਹਰ ਸੰਘਰਸ਼ ‘ਚ ਡੱਟ ਕੇ ਖੜਦੇ ਰਹੇ ਹਨ ਅਤੇ ਮਜ਼ਦੂਰ ਆਗੂਆਂ ਦੇ ਬਰਾਬਰ ਜੇਲਾਂ ਕੱਟਦੇ ਰਹੇ ਹਨ। ਬੁਲਾਰਿਆਂ ਨੇ ਕਿਹਾ ਕਿ ਜਥੇਬੰਦੀ ਨੂੰ ਜਮਹੂਰੀ ਢੰਗ ਨਾਲ ਚਲਾਉਣ, ਕਮੇਟੀਆਂ ਰਾਹੀਂ ਫੈਸਲੇ ਲੈਣ ਅਤੇ ਜਥੇਬੰਦੀ ਅੰਦਰ ਫੰਡਾਂ ਦਾ ਹਿਸਾਬ ਕਿਤਾਬ ਦਿੱਤੇ ਜਾਣ ਦੀ ਮੰਗ ਕਰਨ ਵਾਲੇ ਮਜ਼ਦੂਰ ਆਗੂਆਂ ਤੇ ਵਰਕਰਾਂ ਨੂੰ ਖੂੰਜੇ ਲਾ ਕੇ ਭਗਵੰਤ ਸਮਾਂਉ ਵੱਲੋਂ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਨੂੰ ਆਪਣਾ ਜੇਬੀ ਸੰਗਠਨ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਪਰ ਇੰਨਾਂ ਕੋਸ਼ਿਸ਼ਾਂ ਨੂੰ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਕਾਮਰੇਡ ਨਿਰਮਲ ਸਿੰਘ ਛੱਜਲਵਿੰਡੀ, ਘੁਮੰਡ ਸਿੰਘ ਖਾਲਸਾ ਉਗਰਾਹਾਂ, ਸ਼ਿੰਦਰ ਕੌਰ ਹਰੀਗੜ੍ਹ, ਵਿਜੇ ਕੁਮਾਰ ਸੋਹਲ ਅਤੇ ਵਿਜੇ ਕੁਮਾਰ ਭੀਖੀ ਦੀ ਪ੍ਰਧਾਨਗੀ ਹੇਠ ਹੋਏ ਇਸ ਜਥੇਬੰਦਕ ਇਜਲਾਸ ਵਿਚ ਸੂਬੇ ਦੇ 10 ਜ਼ਿਲਿਆਂ ‘ਚੋਂ ਆਏ ਚੋਣਵੇਂ ਆਗੂ ਤੇ ਵਰਕਰ ਹਾਜ਼ਰ ਹੋਏ।ਇਜਲਾਸ ਨੇ ਲੁਧਿਆਣਾ ਗੈਸ ਕਾਂਡ ਲਈ ਦੋਸ਼ੀ ਮੁਨਾਫ਼ਾਖੋਰ ਕੰਪਨੀਆਂ ਨੂੰ ਸਜ਼ਾ ਤੇ ਹਰਜਾਨੇ ਪਾਉਣ ਦੀ ਮੰਗ ਦੇ ਨਾਲ ਇਸ ਕਾਂਡ ‘ਚ ਮਾਰੇ ਗਏ ਅਣਭੋਲ ਲੋਕਾਂ ਨੂੰ ਇਕ ਮਿੰਟ ਦਾ ਮੋਨ ਰੱਖ ਕੇ ਸ਼ਰਧਾਂਜਲੀ ਅਰਪਿਤ ਕੀਤੀ।
ਇਸ ਮੌਕੇ ਸਰਬਸੰਮਤੀ ਨਾਲ ਸਾਰੇ ਅਹੁਦੇਦਾਰਾਂ ਸਮੇਤ ਜਥੇਬੰਦੀ ਦੀ ਪਿਛਲੀ ਸੂਬਾ ਕਮੇਟੀ ਨੂੰ ਭੰਗ ਕਰਨ ਦਾ ਮਤਾ ਪਾਸ ਕਰਨ ਤੋਂ ਬਾਦ ਇਕ 31 ਮੈਂਬਰੀ ਨਵੀਂ ਸੂਬਾ ਜਥੇਬੰਦਕ ਕਮੇਟੀ ਦੀ ਚੋਣ ਕੀਤੀ ਗਈ । ਇਸ ਕਮੇਟੀ ਵਲੋਂ ਕਾਮਰੇਡ ਗੋਬਿੰਦ ਸਿੰਘ ਛਾਜਲੀ ਨੂੰ ਸੂਬਾ ਪ੍ਰਧਾਨ ਅਤੇ ਕਾਮਰੇਡ ਗੁਰਪ੍ਰੀਤ ਸਿੰਘ ਰੂੜੇਕੇ ਨੂੰ ਸੂਬਾ ਜਨਰਲ ਸਕੱਤਰ, ਗੁਰਮੀਤ ਸਿੰਘ ਨੰਦਗੜ੍ਹ ਨੂੰ ਵਿੱਤ ਸਕੱਤਰ, ਦੋ ਉਪ ਪ੍ਰਧਾਨ ਵਿਜੇ ਕੁਮਾਰ ਭੀਖੀ ਤੇ ਨਿਰਮਲ ਸਿੰਘ ਛੱਜਲਵਿੰਡੀ, ਸਹਾਇਕ ਸਕੱਤਰ ਵਿਜੇ ਕੁਮਾਰ ਸੋਹਲ ਅਤੇ ਪ੍ਰੈਸ ਸਕੱਤਰ ਹਰਮਨਦੀਪ ਹਿੰਮਤਪੁਰਾ ਨੂੰ ਚੁਣਿਆ ਗਿਆ। ਇਜਲਾਸ ਵਲੋਂ ਪ੍ਰਵਾਨ ਕੀਤੇ ਮਤਿਆਂ ਵਿਚ ਸੂਬੇ ਵਿਚ ਜਥੇਬੰਦੀ ਦੀ ਮੈਂਬਰਸ਼ਿਪ ਕਰਨ ਤੋਂ ਬਾਦ ਜ਼ਿਲਿਆਂ ਦੇ ਅਤੇ ਸੂਬੇ ਦਾ ਡੈਲੀਗੇਟ ਇਜਲਾਸ ਕਰਨ, ਭਗਵੰਤ ਮਾਨ ਸਰਕਾਰ ਦੇ ਘੋਰ ਮਜ਼ਦੂਰ ਦੋਖੀ ਰਵਈਏ ਦੀ ਸਖਤ ਨਿਖੇਧੀ ਕਰਨ, ਮਨਰੇਗਾ ਮਜ਼ਦੂਰਾਂ ਦੀ ਦਿਹਾੜੀ 700 ਰੁਪਏ ਤੇ ਕੰਮ ਦੇ ਦਿਨ ਵਧਾ ਕੇ 200 ਕਰਨ, ਲੋੜਵੰਦ ਬੇਜ਼ਮੀਨਿਆਂ ਨੂੰ ਰਿਹਾਇਸ਼ੀ ਪਲਾਟ ਅਤੇ ਤੀਜੇ ਹਿੱਸੇ ਦੀ ਪੰਚਾਇਤੀ ਜ਼ਮੀਨ ਰੀਜ਼ਰਵ ਕੀਮਤ ‘ਤੇ ਖੇਤੀ ਲਈ ਦਲਿਤ ਮਜ਼ਦੂਰਾਂ ਨੂੰ ਦੇਣ, ਪੇਂਡੂ ਤੇ ਸ਼ਹਿਰੀ ਗਰੀਬਾਂ ਲਈ ਸਿਹਤ ਤੇ ਸਿੱਖਿਆ ਵਰਗੀਆਂ ਬੁਨਿਆਦੀ ਸੇਵਾਵਾਂ ਮੁਫ਼ਤ ਪ੍ਰਦਾਨ ਕਰਨ ਦੀਆਂ ਮੰਗਾਂ ਪ੍ਰਮੁੱਖਤਾ ਨਾਲ ਉਠਾਈਆਂ ਗਈਆਂ।ਅੰਤ ਵਿਚ ਪਾਰਟੀ ਦੇ ਕੇਂਦਰੀ ਇੰਚਾਰਜ ਕਾਮਰੇਡ ਪਰਸ਼ੋਤਮ ਸ਼ਰਮਾ, ਸੂਬਾ ਸਕੱਤਰ ਗੁਰਮੀਤ ਸਿੰਘ ਬਖਤਪੁਰ, ਰਾਜਵਿੰਦਰ ਸਿੰਘ ਰਾਣਾ ਅਤੇ ਪੰਜਾਬ ਕਿਸਾਨ ਯੂਨੀਅਨ ਦੇ ਪ੍ਰਧਾਨ ਰੁਲਦੂ ਸਿੰਘ ਮਾਨਸਾ ਨੇ ਇਸ ਇਜਲਾਸ ਨੂੰ ਸੰਬੋਧਨ ਕਰਦੇ ਹੋਏ ਨਵੀਂ ਚੁਣੀ ਗਈ ਕਮੇਟੀ ਵਲੋਂ ਮਜ਼ਦੂਰ ਮੁਕਤੀ ਮੋਰਚਾ ਨੂੰ ਪੰਜਾਬ ਦੀ ਪਹਿਲੇ ਨੰਬਰ ਦੀ ਮਜ਼ਦੂਰ ਜਥੇਬੰਦੀ ਬਣਾਉਣ ਦਾ ਸਾਹਮਣੇ ਟੀਚਾ ਰੱਖਣ ਜਥੇਬੰਦੀ ਨੂੰ ਅਪਣੀ ਇਨਕਲਾਬੀ ਸ਼ੁਭ ਇੱਛਾਵਾਂ ਭੇਂਟ ਕੀਤੀਆਂ।


