ਇਕ ਮਈ ਦਿਵਸ ਮਨਾਉਣ ਅਤੇ ਨਸ਼ਾ ਵਿਰੋਧੀ ਮੁਹਿੰਮ ਦੀ ਹਿਮਾਇਤ ਦਾ ਫੈਸਲਾ
ਕਾਰਲ ਮਾਰਕਸ ਦੇ ਜਨਮ ਦਿਨ ਮੌਕੇ ਮਜ਼ਦੂਰ ਮੋਰਚੇ ਦੀ ਸੂਬਾ ਕਨਵੈਨਸ਼ਨ ‘ਚ ਪਹੁੰਚਣ ਦੀ ਅਪੀਲ
ਮਾਨਸਾ, ਗੁਰਦਾਸਪੁਰ, 1 ਮਈ (ਸਰਬਜੀਤ ਸਿੰਘ)– ਅੱਜ ਇਥੇ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਅਤੇ ਸੀਪੀਆਈ (ਐਮ ਐਲ) ਲਿਬਰੇਸ਼ਨ ਦੀ ਮਾਨਸਾ ਜ਼ਿਲਾ ਕਮੇਟੀ ਦੇ ਮੈਂਬਰਾਂ ਅਤੇ ਸਰਗਰਮ ਵਰਕਰਾਂ ਦੀ ਇਕ ਸਾਂਝੀ ਹੰਗਾਮੀ ਮੀਟਿੰਗ ਕਾਮਰੇਡ ਗੁਰਮੀਤ ਸਿੰਘ ਨੰਦਗੜ੍ਹ ਦੀ ਪ੍ਰਧਾਨਗੀ ਹੇਠ ਬਾਬਾ ਬੂਝਾ ਸਿੰਘ ਭਵਨ ਵਿਖੇ ਹੋਈ।
ਮੀਟਿੰਗ ਨੇ ਪਾਰਟੀ ਅਨੁਸ਼ਾਸਨ ਨਾ ਮੰਨਣ, ਲੰਬੇ ਅਰਸੇ ਤੋਂ ਵਾਰ ਵਾਰ ਕਹਿਣ ਦੇ ਬਾਵਜੂਦ ਪਾਰਟੀ ਤੇ ਮਜ਼ਦੂਰ ਮੋਰਚਾ ਦੇ ਫੰਡਾਂ ਦਾ ਹਿਸਾਬ ਨਾ ਦੇਣ, ਜਮਹੂਰੀ ਢੰਗ ਨਾਲ ਅਦਾਰਿਆਂ ਰਾਹੀਂ ਫੈਸਲੇ ਲੈਣ ਦੀ ਬਜਾਏ ਜਥੇਬੰਦੀ ਨੂੰ ਅਪਣੀ ਨਿੱਜੀ ਜਾਗੀਰ ਸਮਝ ਕੇ ਆਪ ਹੁਦਰੇ ਢੰਗ ਨਾਲ ਚਲਾਉਣ ਅਤੇ ਜਾਤੀਵਾਦੀ ਪਹੁੰਚ ਥੋਪਣ ਬਦਲੇ ਸੀਪੀਆਈ (ਐਮ ਐਲ) ਲਿਬਰੇਸ਼ਨ ਦੀ ਸੂਬਾ ਕਮੇਟੀ ਵਲੋਂ ਭਗਵੰਤ ਸਿੰਘ ਸਮਾਓ ਤੇ ਹਰਵਿੰਦਰ ਸਿੰਘ ਸੇਮਾ ਦੀ ਮੈਂਬਰਸ਼ਿਪ ਖਾਰਜ ਕਰਨ ਦਾ ਜ਼ੋ ਫੈਸਲੇ ਲਿਆ ਗਿਆ ਹੈ, ਉਸ ਦੀ ਡੱਟ ਕੇ ਤਾਇਦ ਕੀਤੀ ਗਈ । ਜਥੇਬੰਦੀ ਨੂੰ ਪਾਰਟੀ ਦੀ ਮਾਰਗ ਸੇਧ ਮੁਤਾਬਿਕ ਚਲਾਉਣ ਲਈ ਮੀਟਿੰਗ ਨੇ ਤਹਿ ਕੀਤਾ ਗਿਆ ਕਿ ਮਜ਼ਦੂਰ ਮੁਕਤੀ ਮੋਰਚੇ ਦਾ ਜ਼ਿਲਾ ਦਾ ਪੁਰਾਣਾ ਜਥੇਬੰਦਕ ਢਾਂਚਾ ਭੰਗ ਕਰਕੇ ਨਵੀਂ ਮੈਂਬਰਸ਼ਿਪ ਕਰਕੇ ਨੇੜੇ ਭਵਿੱਖ ਵਿਚ ਹੇਠਲੀਆਂ ਇਕਾਈਆਂ ਦੀ ਚੋਣ ਕਰਕੇ ਜ਼ਿਲਾ ਇਜਲਾਸ ਕੀਤਾ ਜਾਵੇਗਾ। ਇਸ ਸਬੰਧੀ ਜ਼ਿਲੇ ਵਿਚ ਮੈਂਬਰਸ਼ਿਪ ਤੇ ਪ੍ਰਚਾਰ ਮੁਹਿੰਮ ਚਲਾਉਣ ਲਈ ਸਰਬਸੰਮਤੀ ਨਾਲ ਫੈਸਲਾ ਮਜ਼ਦੂਰ ਮੋਰਚੇ ਦੀ ਇਕ 21 ਮੈਂਬਰੀ ਐਡਹਾਕ ਕਮੇਟੀ ਬਣਾਈ ਗਈ , ਜਿਸ ਦਾ ਜਥੇਬੰਦਕ ਜ਼ਿਲਾ ਪ੍ਰਧਾਨ ਕਾਮਰੇਡ ਗੁਰਮੀਤ ਸਿੰਘ ਨੰਦਗੜ੍ਹ ਅਤੇ ਜ਼ਿਲਾ ਸਕੱਤਰ ਕਾਮਰੇਡ ਵਿਜੇ ਕੁਮਾਰ ਭੀਖੀ ਨੂੰ ਚੁਣਿਆ ਗਿਆ।
ਮੀਟਿੰਗ ਨੇ ਮਜ਼ਦੂਰ ਮੋਰਚੇ ਦੇ ਜ਼ਿਲਾ ਵਿਚਲੇ ਸਾਰੇ ਸਰਗਰਮ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਕੌਮਾਂਤਰੀ ਮਜ਼ਦੂਰ ਦਿਵਸ ਮੌਕੇ ਆਪੋ ਆਪਣੇ ਪਿੰਡਾਂ ਕੇਂਦਰਾਂ ‘ਤੇ ਲਾਲ ਝੰਡੇ ਝੁਲਾਉਣ ਬਾਦ ਪਹਿਲੀ ਮਈ ਨੂੰ ਸਵੇਰੇ 10 ਵਜੇ ਮਜ਼ਦੂਰ ਦਿਵਸ ਮਨਾਉਣ ਲਈ ਅਤੇ ਨਸ਼ਾ ਵਿਰੋਧੀ ਮੁਹਿੰਮ ਦੀ ਸ਼ੁਰੂਆਤ ਕਰਨ ਲਈ ਬਾਬਾ ਬੂਝਾ ਸਿੰਘ ਭਵਨ ਪਹੁੰਚਣ।
ਮੀਟਿੰਗ ਨੇ ਇਕ ਮਤਾ ਪਾਸ ਕਰਕੇ ਚੋਣਵੇਂ ਮਜ਼ਦੂਰ ਆਗੂਆਂ ਨੂੰ ਸੱਦਾ ਦਿੱਤਾ ਕਿ ਉਹ ਮਜ਼ਦੂਰ ਜਮਾਤ ਦੇ ਮਹਾਨ ਇਨਕਲਾਬੀ ਆਗੂ ਤੇ ਵਿਚਾਰਵਾਨ ਕਾਰਲ ਮਾਰਕਸ ਦੇ ਜਨਮ ਦਿਨ ਪੰਜ ਮਈ ਨੂੰ ਮਜ਼ਦੂਰ ਮੁਕਤੀ ਮੋਰਚੇ ਵਲੋਂ ਮਾਨਸਾ ਵਿਖੇ ਕੀਤੀ ਜਾ ਰਹੀ ਸੂਬਾਈ ਕਨਵੈਨਸ਼ਨ ਵਿਚ ਲਾਜਮੀ ਸ਼ਾਮਲ ਹੋਣ।