‘ਆਪ’ ਜਲੰਧਰ ਜ਼ਿਮਨੀ ਚੋਣਾਂ ਦੌਰਾਨ ਜਾਣਬੁੱਝ ਕੇ ਨੁੱਕੜ ਮੀਟਿੰਗਾਂ ਨਹੀਂ ਕਰ ਰਹੀ ਕਿਉਂਕਿ ਉਹ ਲੋਕਾਂ ਦੇ ਗ਼ੁੱਸੇ ਦਾ ਸਾਹਮਣਾ ਕਰਨ ਤੋਂ ਡਰਦੇ ਹਨ: ਵਿਰੋਧੀ ਧਿਰ ਦੇ ਆਗੂ
ਚੰਡੀਗੜ੍ਹ, ਗੁਰਦਾਸਪੁਰ, 19 ਅਪ੍ਰੈਲ (ਸਰਬਜੀਤ ਸਿੰਘ)— ਪੰਜਾਬ ਦੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਮੰਗਲਵਾਰ ਨੂੰ ਆਮ ਆਦਮੀ ਪਾਰਟੀ ਦੀ ਚੋਟੀ ਦੀ ਲੀਡਰਸ਼ਿਪ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਉਹ ਆਮ ਲੋਕਾਂ ਦੇ ਸਿੱਧੇ ਸਵਾਲਾਂ ਤੋਂ ਆਪਣੇ ਆਪ ਨੂੰ ਦੂਰ ਰੱਖਣ ਲਈ ਜਲੰਧਰ ਪਾਰਲੀਮੈਂਟ ਸੀਟ ਦੀਆਂ ਜ਼ਿਮਨੀ ਚੋਣਾਂ ਦੌਰਾਨ ਲੋਕਾਂ ਨਾਲ ਸਿੱਧੀਆਂ ਮੀਟਿੰਗਾਂ ਕਰਨ ਤੋਂ ਝਿਜਕ ਰਹੀ ਹੈ।
ਸੀਨੀਅਰ ਕਾਂਗਰਸੀ ਆਗੂ ਬਾਜਵਾ ਨੇ ਕਿਹਾ ਕਿ ‘ਆਪ’ ਨੇ ਵਿਧਾਨ ਸਭਾ ਚੋਣਾਂ 2022 ਦੌਰਾਨ ਪੰਜਾਬ ਦੇ ਲੋਕਾਂ ਦੀਆਂ ਵੋਟਾਂ ਹਾਸਲ ਕਰਨ ਲਈ ਰੱਜ ਕੇ ਝੂਠ ਬੋਲਿਆ ਸੀ। ਉਨ੍ਹਾਂ ਨੇ ਵੱਡੇ-ਵੱਡੇ ਵਾਅਦੇ ਕੀਤੇ ਜੋ ਬਾਅਦ ਵਿੱਚ ਸੱਤਾ ‘ਤੇ ਕਾਬਜ਼ ਹੋਣ ਤੋਂ ਬਾਅਦ ਝੂਠੇ ਸਾਬਤ ਹੋਏ। ਹੁਣ ‘ਆਪ’ ਨੂੰ ਪਤਾ ਹੈ ਕਿ ਉਹ ਜਲੰਧਰ ‘ਚ ਸ਼ਰਮਨਾਕ ਹਾਰ ਦਾ ਸਵਾਦ ਚੱਖਣ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਵਿਧਾਨ ਸਭਾ ਚੋਣਾਂ 2022 ਦੌਰਾਨ ਜਦੋਂ ‘ਆਪ’ ਦੀ ਅਖੌਤੀ ਲਹਿਰ ਵੀ ਸੀ ਤਾਂ ਜਲੰਧਰ ਜ਼ਿਲ੍ਹੇ ‘ਚ ਕਾਂਗਰਸ 3,68,705 ਵੋਟਾਂ ਲੈ ਕੇ ਜੇਤੂ ਰਹੀ ਸੀ | ‘ਆਪ’ ਨੂੰ 3,17,388 ਵੋਟਾਂ ਮਿਲੀਆਂ ਸਨ। ਕਾਂਗਰਸ ਇਸ ਵਾਰ ਵੀ ਹੁਣ ਤੱਕ ਦੇ ਸਭ ਤੋਂ ਵੱਡੇ ਫ਼ਰਕ ਨਾਲ ਜਿੱਤ ਨੂੰ ਦੁਹਰਾਏਗੀ।
ਬਾਜਵਾ ਨੇ ਅੱਗੇ ਕਿਹਾ, “ਜਲੰਧਰ ਜ਼ਿਮਨੀ ਚੋਣਾਂ ਵਿੱਚ, ‘ਆਪ’ ਲੀਡਰਸ਼ਿਪ ਜਾਣਦੀ ਹੈ ਕਿ ਪੰਜਾਬ ਦੇ ਲੋਕ ਉਨ੍ਹਾਂ ਨੂੰ ਜਵਾਬਦੇਹ ਬਣਾਉਣਗੇ ਅਤੇ ਪੰਜਾਬ ਵਿੱਚ ਕੀਤੇ ਗਏ ਝੂਠ ਅਤੇ ਖੋਖਲੇ ਵਾਅਦਿਆਂ ਦੀ ਭਰਮਾਰ ਬਾਰੇ ਸਖ਼ਤ ਸਵਾਲ ਪੁੱਛਣਗੇ, ਨਤੀਜੇ ਵਜੋਂ, ਉਹ ਨੁੱਕੜ ਮੀਟਿੰਗਾਂ ਕਰਨ ਤੋਂ ਗੁਰੇਜ਼ ਕਰ ਰਹੇ ਹਨ।”
ਬਾਜਵਾ ਨੇ ਕਿਹਾ ਕਿ ਉਹ ਲੋਕਾਂ ਨਾਲ ਸਿੱਧੇ ਸਵਾਲ ਜਵਾਬ ਤੋਂ ਬਚਣ ਲਈ ਸ਼ਾਨਦਾਰ ਰੈਲੀਆਂ ਅਤੇ ਰੋਡ ਸ਼ੋਅ ਦਾ ਆਯੋਜਨ ਕਰ ਰਹੇ ਹਨ। ਕਿਉਂਕਿ ਲੋਕ ‘ਆਪ’ ਸਰਕਾਰ ਨੂੰ ਇੱਕ ਸਾਲ ਤੋਂ ਵੱਧ ਦੇ ਸ਼ਾਸਨ ਵਿੱਚ ਪ੍ਰਦਰਸ਼ਨ ਕਰਨ ਵਿੱਚ ਅਸਫਲ ਰਹਿਣ ਲਈ ਕਟਹਿਰੇ ਵਿੱਚ ਖੜ੍ਹਾ ਕਰ ਦੇਣਗੇ। ਹੁਣ ਉਹ ਪਿੰਡਾਂ ਵਿਚ ਜਾਣ ਤੋਂ ਡਰਦੇ ਹਨ ਕਿਉਂਕਿ ਜ਼ਿਆਦਾਤਰ ਪਿੰਡਾਂ ਵਿਚ ਕਣਕ ਦੀ ਫ਼ਸਲ ਦੇ ਨੁਕਸਾਨ ਦਾ ਮੁਲਾਂਕਣ ਕਰਨ ਲਈ ਕਿਸੇ ਵੀ ਗਿਰਦਾਵਰੀ ਨੂੰ ਲੋੜੀਂਦੇ ਮਾਪਦੰਡ ਅਨੁਸਾਰ ਨਹੀਂ ਕੀਤਾ ਗਿਆ ਸੀ। ਉਨ੍ਹਾਂ ਨੇ ਮੁਆਵਜ਼ੇ ‘ਤੇ ਕਿਸਾਨਾਂ ਨਾਲ ਧੋਖਾ ਕੀਤਾ। ਉਹ ਕਿਸਾਨਾਂ ਦੇ ਗ਼ੁੱਸੇ ਦਾ ਸਾਹਮਣਾ ਕਿਵੇਂ ਕਰਨਗੇ?
“ਇਹ ਉਨ੍ਹਾਂ ਦੇ ਦਿਮਾਗ਼ ਦੀ ਉਪਜ ਸੀ ਕਿ ਉਹ ਸ਼ਹਿਰੀ ਖੇਤਰਾਂ ਵਿੱਚ ਨੁੱਕੜ ਮੀਟਿੰਗਾਂ ਕਰਨ ਅਤੇ ਪੇਂਡੂ ਖੇਤਰਾਂ ਦੇ ਭਾਈਚਾਰਿਆਂ ਨਾਲ ਛੋਟੀਆਂ-ਛੋਟੀਆਂ ਮੀਟਿੰਗਾਂ ਕਰਨ। ਹੁਣ ਉਹ ਇਸ ਨੂੰ ਜਾਰੀ ਰੱਖਣ ਤੋਂ ਝਿਜਕਦੇ ਹਨ ਕਿਉਂਕਿ ਉਹ ਆਪਣੇ ਵਾਅਦੇ ਪੂਰੇ ਕਰਨ ਵਿੱਚ ਬੁਰੀ ਤਰਾਂ ਅਸਫਲ ਰਹੇ ਹਨ”, ਵਿਰੋਧੀ ਧਿਰ ਦੇ ਆਗੂ ਨੇ ਅੱਗੇ ਕਿਹਾ।
ਬਾਜਵਾ ਨੇ ਇੱਕ ਬਿਆਨ ਵਿਚ ਕਿਹਾ ਕਿ ‘ਆਪ’ ਨੇ 14 ਮਹੀਨਿਆਂ ਦੇ ਸ਼ਾਸਨ ਦੌਰਾਨ ਆਪਣੀ ਘਟੀਆ ਕਾਰਗੁਜ਼ਾਰੀ ਕਾਰਨ ਲੋਕਾਂ ਦਾ ਭਰੋਸਾ ਗੁਆ ਦਿੱਤਾ ਹੈ। ਉਹ ਸੂਬੇ ਦੀ ਵਿੱਤੀ ਸਿਹਤ ਵਿੱਚ ਸੁਧਾਰ ਕਰਨ ਵਿੱਚ ਅਸਫਲ ਰਹੇ। ਦਿੱਲੀ ਦੇ ਸੀ ਐੱਮ ਅਰਵਿੰਦ ਕੇਜਰੀਵਾਲ ਦੇ ਚਾਰ ਮਹੀਨਿਆਂ ਵਿੱਚ ਨਸ਼ੇ ਨਾਲ ਨਜਿੱਠਣ ਦੇ ਭਰੋਸੇ ਦੇ ਬਾਵਜੂਦ ਸੂਬੇ ਵਿੱਚ ਨਸ਼ਿਆਂ ਦਾ ਖ਼ਤਰਾ ਕਾਬੂ ਤੋਂ ਬਾਹਰ ਜਾ ਰਿਹਾ ਹੈ। ਕਿਸਾਨਾਂ ਨੂੰ ਵੱਖ-ਵੱਖ ਮੌਕਿਆਂ ‘ਤੇ ਧੋਖਾ ਦਿੱਤਾ ਗਿਆ ਹੈ। ‘ਆਪ’ ਦੇ ਰਾਜ ਵਿੱਚ ਸੂਬੇ ਦੀ ਅਮਨ-ਕਾਨੂੰਨ ਦੀ ਸਥਿਤੀ ਵਿਗੜ ਗਈ ਹੈ। ਉਦਯੋਗ ਦੂਜੇ ਸੂਬਿਆਂ ਵਿੱਚ ਪਰਵਾਸ ਕਰ ਗਿਆ ਹੈ। ‘ਆਪ’ ਦੀ ਮਾੜੀ ਕਾਰਗੁਜ਼ਾਰੀ ਦੀ ਸੂਚੀ ਬਹੁਤ ਲੰਬੀ ਹੈ।


