ਮਾਨਸਾ, ਗੁਰਦਾਸਪੁਰ, 10 ਅਪ੍ਰੈਲ (ਸਰਬਜੀਤ ਸਿੰਘ)–ਕਾਮਰੇਡ ਹਰਭਗਵਾਨ ਭੀਖੀ ਲਿਬਰੇਸ਼ਨ ਆਗੂ ਸੀ.ਪੀ.ਆਈ.ਐਮ ਐਲ ਲਿਖਦੇ ਹਨ ਕਿ ਮਾਨਸਾ ਦੇ ਪਿੰਡ ਭੀਖੀ ਵਿਖੇ ਕਮਿਊਨਿਸਟ ਲਹਿਰ ਅੰਦਰ ਕੁਝ ਸੂਰਜ ਬਣ ਚਮਕੇ ਹਨ ਪਰ ਧਰਤੀ ਤੇ ਸੂਰਜ ਚ ਉਨ੍ਹਾਂ ਸਿਤਾਰਿਆਂ ਦਾ ਨਾਮ ਮੁੱਖ ਹੈ ਜੋ ਬੇਸ਼ੱਕ ਖੁੱਦ ਗੁੰਮਨਾਮ ਰਹੇ ਲੇਕਿਨ ਮੰਜ਼ਿਲ ਸਥਾਪਨਾ ਤੋਂ ਪਹਿਲਾਂ ਨੀਹਾਂ ਦੇ ਰੋੜੇ ਬਣੇ।ਏਹ ਵੀ ਹਕੀਕਤ ਹੈ ਜਦ ਜੋ ਚੰਗਾ ਵਰਕਰ ਨੀ ਬਣ ਸਕਦਾ ਉਹ ਚੰਗਾ ਲੀਡਰ ਵੀ ਨਹੀਂ ਬਣ ਸਕਦਾ।ਜਦ ਲਹਿਹ ਦੀ ਪੂਰੀ ਤੂਤੀ ਬੋਲਦੀ ਸੀ ਤਾਂ ਬੇਸ਼ੱਕ ਲੀਡਰਾਂ ਦੀ ਖਾਸ ਭੂਮਿਕਾ ਸੀ ਲੇਕਿਨ ਇਸ ਚ ਵੱਡਾ ਰੋਲ ਕਾਰਕੁਨਾਂ ਦਾ ਸੀ।ਤੁਰ ਕੇ ਮੀਲਾਂ ਬੱਧੀ ਸੁਨੇਹੇ ਲਾਉਣੇ,ਨਾਅਰੇ ਲਿਖਣੇ ਪੋਸਟਰ ਲਾਉਣੇ ,ਅਣਥੱਕ ਮਿਸ਼ਨ ਦੀ ਯਾਤਰਾ ਤੇ ਰਹਿਣਾ ਏਹ ਵਰਕਰਾਂ ਦੇ ਬਹੁਤੇਰਾ ਹਿੱਸੇ ਆਇਆ ਹੈ। ਅਸੀਂ ਖੁਦ ਵੀ ਜਦ ਲਹਿਰ ਚ ਤੁਰੇ ਤੁਛ ਵਰਕ ਸਾਡੇ ਹਿੱਸੇ ਵੀ ਆਇਆ ਜਦ ਪੋਸਟਰ ਲਾਉਂਦੇ, ਨਾਅਰੇ ਲਿਖਦੇ ਤੁਰ ਕੇ ਜਾਂ ਬੱਸਾਂ ਤੇ ਜਾਕੇ ਮੀਟਿੰਗਾਂ ਦੇ ਸੁਨੇਹੇ ਲਾਉਣੇ ਜਾਂ ਮੀਟਿੰਗਾਂ ਕਰਵਾਉਣੀਆਂ। ਸਾਨੂੰ ਭਾਸ਼ਣ ਨਾ ਕਰਨਾ ਆਉਂਦਾ ਤਾਂ ਪੁੱਛਦੇ ਤੇ ਸੋਚਦੇ ਅਸੀਂ ਕਦ ਸਟੇਜ ਤੇ ਚੜਾਂਗੇ।ਇੱਕ ਵਾਰ ਜਦ ਸਾਨੂੰ ਪਾਰਟੀ ਚ ਆਇਆਂ ਥੋੜਾ ਚਿਰ ਹੋਇਆ ਸੀ ਉਸ ਸਮੇਂ ਸਾਡੇ ਜਿਲ੍ਹੇ ਚ ਇੰਡੀਅਨ ਪੀਪਲਜ਼ ਫਰੰਟ ਸਰਗਰਮ ਸੀ ਅਸੀਂ ਪੰਜਾਬ ਸਟੂਡੈਂਟਸ ਆਰਗੇਨਾਈਜੇਸ਼ਨ ਚ ਜੋ ਬਾਅਦ ਚ ਆਇਸਾ ਬਣੀ ਚ ਸਰਗਰਮ ਸੀ। ਉਨ੍ਹਾਂ ਦਿਨਾਂ ਚ ਕਾਮਰੇਡ ਰਛਪਾਲ ਪਾਲੀ ,ਜੋ ਮੇਰੀ ਮਾਸੀ ਦਾ ਬੇਟਾ ਵੀ ਸੀ ਮੇਰੇ ਤੋਂ ਪਹਿਲਾਂ ਸਰਗਰਮ ਸੀ,ਉਸ ਸਮੇਂ ਮੈਂ ਨਾ ਸਮਝੀ ਚ ਉਸ ਦਾ ਤੇ ਕਾਮਰੇਡਾਂ ਦਾ ਵਿਰੋਧ ਕਰਦਾ ਸੀ ਪਰ ਪਤਾ ਹੀ ਨਾ ਲੱਗਿਆ ਕਦ ਵਿਰੋਧ ਸਮੱਰਥਨ ਚ ਬਦਲ ਗਿਆ ਤੇ ਮੈਂ ਜਥੇਬੰਦੀ ਚ ਸਰਗਰਮ ਹੋ ਗਿਆ।ਇਸ ਤੋਂ ਪਹਿਲਾਂ ਜਦ ਅੱਤਵਾਦ ਦਾ ਦੌਰ ਸੀ ਅਸੀਂ ਛੇਵੀਂ ਸੱਤਵੀਂ ਚ ਪੜ੍ਹਦੇ ਸੀ ਫੈਡਰੇਸ਼ਨ ਦਾ ਪੂਰਾ ਜ਼ੋਰ ਸੀ ਉਹ ਸਕੂਲ ਚ ਬਾਅਦ ਚ ਆਉਂਦੇ ਛੁੱਟੀ ਪਹਿਲਾਂ ਹੋ ਜਾਂਦੀ।ਕਿਤੇ ਨਾ ਕਿਤੇ ਅਚੇਤ ਮਨ ਚ ਇਸ ਦਾ ਪ੍ਰਭਾਵ ਸੀ ਜੋ ਮੈਨੂੰ ਵਿਦਿਆਰਥੀ ਲਹਿਰ ਵੱਲ ਆਕਰਸ਼ਿਤ ਕਰ ਗਿਆ।ਖੈਰ….ਅਸੀਂ ਸਰਗਰਮ ਹੋਏ ਪਰ ਜਿਸ ਨੇ ਸਾਨੂੰ ਤੁਰਨ ਲਈ ਹੱਲਾਸ਼ੇਰੀ ਦਿੱਤੀ ,ਉਸ ਦੇ ਪਟਵਾਰੀ ਪਰਿਵਾਰ ਨੂੰ ਉਨ੍ਹਾਂ ਦੇ ਘਰ ਜਾਣਾ ਚੰਗਾ ਨਾ ਲੱਗਦਾ ।ਕਈ ਵਾਰ ਨਿਰਾਸ਼ ਹੁੰਦੇ ਪਰ ਇਹ ਕਹਿ ਕੇ ਮੁੜ ਆਉਂਦੇ ਕਿ ਕਾਮਰੇਡ ਤਾਂ ਸਾਡੇ ਨਾਲ ਹੈ…ਬੁੜਿਆਂ ਦਾ ਕੀ ਹੈ।ਪਰ ਇੱਕ ਦਿਨ ਇਸ ਸਾਰੀ ਸਮੱਸਿਆ ਕਾਮਰੇਡ ਪਾਲੀ ਨੂੰ ਦੱਸੀ ਉਸ ਨੇ ਕਿਹਾ ਬਹੁਤੀ ਪ੍ਰਵਾਹ ਨਹੀਂ ਕਰੀਦੀ ਚੱਲ ਤੈਨੂੰ ਹਰ ਕਾਮਰੇਡ ਨੂੰ ਮਿਲਾਉਂਦਾ ਹਾਂ।ਇਤਫਾਕਨ ਇੱਕ ਦਿਨ ਮੈਂ, ਪਾਲੀ, ਰਮੇਸ਼ ਸਹੀਆ,ਹਰਬੰਸ ਰਵੀ ਤੇ ਇੱਕ ਸਾਥੀ ਲਾਲੀ ਜੋ ਸ਼ਾਇਦ ਧਾਗਾ ਮਿੱਲ ਚ ਕੰਮ ਕਰਦਾ ਸੀ ਉਸ ਨਵੇਂ ਕਾਮਰੇਡ ਦੇ ਘਰ ਚਲੇ ਗਏ।ਸ਼ਾਮ ਦਾ ਸਮਾ ਸੀ ਉਸ ਘਰ ਦੋਵੇਂ ਮੀਆਂ ਬੀਵੀ ਤੇ ਦੋ ਨਿੱਕੇ ਨਿੱਕੇ ਪਿਆਰੇ ਬੱਚੇ ਸਨ।ਜਾਣ ਪਛਾਣ ਹੋਈ ਤੇ ਤੇ ਪਤਾ ਲੱਗਿਆ ਇਹ ਕਾਮਰੇਡ ਰਾਣੇ ਦਾ ਭਰਾ ਹੈ ਜਿਸ ਨੂੰ ਨੂੰ ਨੱਤ ਆਖਦੇ ਨੇ।ਬਾਕੀ ਪਰਿਵਾਰ ਨਾਲ ਜਾਣ ਪਛਾਣ ਤਾਂ ਹੋਈ ਪਰ ਬਹੁਤੀ ਹੋਰ ਗੱਲ ਨੀ। ਮੈਂ ਇਸ ਪਰਵਾਰ ਨੂੰ ਮਿਲ ਖੁਸ਼ ਸੀ ਸਾਨੂੰ ਚਾਹ ਪਿਲਾਈ ਗਈ ਰੋਟੀ ਬਾਰੇ ਪੁੱਛਿਆ ।ਨਾਲ ਹੀ ਕਹਿ ਦਿੱਤਾ ਜਦ ਭੁੱਖ ਲੱਗੀ ਜਾਂ ਚਾਹ ਪੀਣੀ ਹੋਈ ਰਸੋਈ ਖੁੱਲੀ ਹੈ..ਇਹ ਆਪਣੇ ਪਣ ਦੀ ਸਿਖਰ ਸੀ ਜੋ ਸਾਨੂੰ ਲਹਿਰ ਦੇ ਹੋਰ ਵੀ ਨੇੜੇ ਲੈ ਆਈ,ਜਿਸ ਬਾਰੇ ਅਸੀਂ ਕਿੰਨੇ ਹੀ ਦਿਨ ਗੱਲਬਾਤ ਕਰਦੇ ਰਹੇ ਤੇ ਕਾਮਰੇਡ ਪਾਲੀ ਮੈਨੂੰ ਕਾਮਰੇਡਾਂ ਦੀਆਂ ਵਧੀਆ ਵਧੀਆ ਗੱਲਾਂ ਸੁਣਾਉਂਦਾ ਜੋ ਪ੍ਰਭਾਵਿਤ ਕਰਦੀਆ।
ਉਸ ਦਿਨ ਜਦ ਅਸੀਂ ਚਾਰੇ ਪੰਜੇ ਨੱਤ ਕੋਲ ਸੀ ਤਾਂ ਨੱਤ ਨੇ ਕਿਹਾ ਹਾਂ ਮੁੰਡਿਓ ਸੁਣਾਓ ਫਿਰ ਕੀ ਕਰਦੇ ਹੁੰਦੇ ਹੋ?ਬਾਕੀ ਤਾਂ ਪਹਿਲਾਂ ਜਾਣਦੇ ਸੀ ਮੈਂ ਕਿਹਾ ਜੀ ਗਿਆਰਵੀਂ ਚ ਪੜ੍ਹਦਾ ਹਾਂ ਤੇ ਪੀ ਐਸ ਓ ਚ ਕੰਮ ਕਰਦਾ ਹਾਂ।ਉਨ੍ਹਾਂ ਅਗਲਾ ਸਵਾਲ ਕੀਤਾ ਕਿੱਥੇ ਰਹਿੰਦਾ ਹੈਂ ਮੈਂ ਇੱਕੋ ਸ਼ਬਦ ਚ ਦੋ ਪਿੰਡਾਂ ਦਾ ਨਾਮ ਲਿਆ ਜੀ ਬਰੇਟੇ ਕੁਲਰੀਆਂ।ਉਨ੍ਹਾਂ ਅੱਛਾ ਕਹਿੰਦਿਆਂ ਕਿਹਾ ਮੱਘਰ ਕੁਲਰੀਆਂ ਨੂੰ ਜਾਣਦਾ ਹੈਂ ਮੈਂ ਨਾਂਹ ਚ ਸਿਰ ਮਾਰਿਆ।ਐਨੇ ਪਾਲੀ ਬੋਲ ਪਿਆ ਕਹਿੰਦਾ ਇਹ ਮੇਰੀ ਮਾਸੀ ਦਾ ਤੇ ਚਾਚੇ ਦਾ ਵੀ ਮੁੰਡਾ ਹੈ,ਜੋ ਸਾਡੇ ਕੋਲ ਭੀਖੀ ਰਹਿੰਦਾ ਹੈ। ਕਾਫੀ ਗੱਲਾਂ ਦਾ ਦੌਰ ਚੱਲਦਾ ਰਿਹਾ । ਚਾਹ ਫਿਰ ਪੀਤੀ ਗਈ ।ਆਉਣ ਤੋਂ ਪਹਿਲਾਂ ਪਾਲੀ ਨੇ ਕਿਹਾ ਜੀ ਏਹ ਭਾਸ਼ਣ ਕਰਨਾ ਸਿੱਖਣਾ ਚਾਹੁੰਦਾ ਹੈ। ਉਨ੍ਹਾਂ ਕਿਹਾ ਵਧੀਆ ਗੱਲ ਹੈ ਇਸਦੇ ਨਾਲ ਕਿਹਾ ਕਦੇ ਪੋਸਟਰ ਲਾਏ ਨੇ? ਮੈਂ ਕਿਹਾ ਨਹੀਂ ਜੀ ਉਨ੍ਹਾਂ ਪਾਲੀ ਨੂੰ ਕਿਹਾ ਇਸ ਨੂੰ ਨਾਲ ਲਿਜਾ ਤੇ ਪੋਸਟਰ ਲਵਾ।ਜਦ ਪੋਸਟਰ ਲਾਓ ਭਾਸ਼ਣ ਆਪੇ ਸਿੱਖ ਜੂ…ਮੈਂ ਤਾਂ ਹੋਣਾ ਹੀ ਸੀ ਪਾਲੀ ਵੀ ਹੈਰਾਨ ਹੋਇਆ ਕਹਿੰਦਾ ਕਿਵੇਂ ਕਿਸੇ ਵਿਸਥਾਰ ਚ ਜਾਂਦਿਆਂ ਉਨ੍ਹਾਂ ਕਿਹਾ ਜਦ ਏਹ ਕਿਤੇ ਪੋਸਟਰ ਲਾਊ ਉਥੇ ਕੋਈ ਤਾਂ ਹੋਊ ਅਸੀਂ ਕਿਹਾ ਹਾਂ ਵਸ ਭਾਸ਼ਣ ਦੀ ਤਿਆਰੀ ਉਥੋਂ ਹੀ ਹੋਊ …ਅਸੀਂ ਕੋਈ ਸਵਾਲ ਨਾ ਕੀਤਾ ਬਲਕਿ ਇੱਧਰ ਉੱਧਰ ਝਾਕਣ ਲੱਗੇ .ਕਾਮਰੇਡ ਨੇ ਕਿਹਾ ਜਦ ਪੋਸਟਰ ਲਾਓਗੇ ਕੋਈ ਤਾਂ ਪੁੱਛੂ ਕੀ ਕਰਦੇ ਹੋ?ਅਸੀਂ ਕਿਹਾ ਹਾਂ ..ਤੁਸੀਂ ਦੱਸੋਗੇ ਕੀ ਕਰਦੇ ਹਾਂ…ਬਾਕੀਆਂ ਨੂੰ ਚੁੱਪ ਰਹਿਣ ਲਈ ਕਹਿ ਦਿੱਤਾ ਮੈਂਨੂੰ ਨੱਤ ਆਖਦਾ ਤੂੰ ਦੱਸ ਵੀ ।ਮੈਂ ਇੰਝ ਮਹਿਸੂਸ ਕਰਨ ਲੱਗਾ ਜੇ ਨਾ ਦੱਸਿਆ ਏਹ ਕਲਾਸ ਵਾਂਗ ਕੰਨ ਫੜਾਊ ਅੰਦਰੋਂ ਅੰਦਰ ਮੈਂ ਉਥੋਂ ਜਾਣਾ ਚਾਹੁੰਦਾ ਸੀ ਪਰ…ਮੈਂ ਝਿਜਕਦੇ ਨੇ ਕਿਹਾ ਜੀ ਮੈਂ ਕਹੂੰ ਫਲਾਣੀ ਥਾਂ ਪ੍ਰੋਗਰਾਮ ਹੈ ਐਨੀ ਤਰੀਕ ਨੂੰ ਹੈ……ਫਲਾਣਾ ਆਊ ਨਾਟਕ ਵੀ ਨੇ ।ਇਸ ਤੇ ਨੱਤ ਬੋਲਿਆ ਹੋਰ ਭਾਸ਼ਣ ਦੇਣਾ ਕੀ ਹੁੰਦਾ ਹੈ ਮੈਸਿਜ ਦੇਣਾ ਹੀ ਹੁੰਦਾ ਹੈ। ਮੈਂ ਥੋੜਾ ਖੁਸ਼ ਸੀ ਐਨੇ ਪਾਲੀ ਬੋਲਿਆ ਮੈਂ ਤਾਂ ਆਪ ਕਦੇ ਭਾਸ਼ਣ ਨੀ ਕੀਤਾ ਲੱਤਾਂ ਕੰਬਦੀਆਂ ਨੇ।ਫਿਰ ਨੱਤ ਬੋਲਿਆ ਬੋਲਿਆ ਬੋਲਣਾ ਕੀ ਔਖਾ ਹੈ,ਸਮਝੋ ਜੋ ਤੁਹਾਡੇ ਸਾਹਮਣੇ ਬੈਠੇ ਨੇ ਤੁਸੀਂ ਉਨ੍ਹਾਂ ਤੋਂ ਸਿਆਣੇ ਹੋ,ਜੇ ਤੁਹਾਡੀ ਕਿਸੇ ਗੱਲ ਤੇ ਕੋਈ ਹੱਸਦਾ ਹੈ ਇਸ ਚ ਦੁੱਖੀ ਹੋਣ ਦੀ ਲੋੜ ਨੀ ਬਲਕਿ ਖੁਸ਼ ਹੋਵੋ ਕਿ ਲੋਕ ਕਲਾਕਾਰਾਂ ਨੂੰ ਪੈਸੇ ਦੇ ਕੇ ਹਸਾਉਂਦੇ ਨੇ ਤੁਸੀਂ ਮੁਫਤ ਚ ਹਸਾ ਦਿੱਤਾ।ਇਹ ਟਿੱਪਸ ਲੈ ਵਾਪਸ ਆ ਗਏ।ਮੈਂ ਪਾਲੀ ਨਾਲ ਪੋਸਟਰ ਲਾਉਣ ਜਾਂਦਾ ਪਿੰਡਾਂ ਚ ਤੁਰ ਕੇ ਸੁਨੇਹੇ ਲਾਉਂਦੇ ਕੋਈ ਸਾਧਨ ਨੀ ਸੀ ਜਿੱਥੇ ਪਾਰਟੀ ਦਾ ਕੰਮ ਸੀ ਉਥੇ ਕੋਈ ਬੱਸ ਨੀ ਜਾਂਦੀ ਸੀ।ਪੋਸਟਰ,ਸੁਨੇਹੇ ਲਾਉਂਦੇ ,ਹੌਲੀ ਹੌਲੀ ਆਗੂ ਬਣ ਗਏ।ਕਹਿਣ ਦਾ ਭਾਵ ਵਰਕਰ ਲਹਿਰ ਦੀ ਪੂੰਜੀ ਹੁੰਦੇ ਨੇ ਜੋ ਵਰਕਰ ਨਹੀਂ ਓਹ ਲਹਿਰ ਦਾ ਭਵਿੱਖ ਵੀ ਨਹੀਂ।ਏਹ ਗੱਲ ਬਾਅਦ ਚ ਕਾਮਰੇਡ ਕ੍ਰਿਪਾਲ ਬੀਰ ਤੋਂ ਵੀ ਅਨੇਕਾਂ ਵਾਰ ਸੁਣੀ। ਅੱਜ ਪਾਲੀ ਦੀ ਬਰਸੀ ਮੌਕੇ ਮੈਨੂੰ ਸਮਰਪਿਤ ਕਾਰਕੁਨਾਂ ਵਰਕਰਾਂ ਦੀ ਘਾਟ ਨਜ਼ਰ ਆ ਰਹੀ ਹੈ।ਸ਼ਾਇਦ ਮੌਜੂਦਾ ਦੌਰ ਦੀ ਕਮਿਊਨਿਸਟ ਲਹਿਰ ਦਾ ਵੀ ਏਹ ਕਾਰਨ ਹੈ ਕਾਰਕੁੰਨ ਵਿਹੁਣੇ ਹੋਣਾ।
ਅੱਜ ਜਦ ਪਾਲੀ ਨੂੰ ਪੰਜਵੀਂ ਬਰਸੀ ਮੌਕੇ ਯਾਦ ਕਰ ਰਹੇ ਹਾਂ ਉਸ ਦਾ ਪਿਛੋਕੜ ਜਾਨਣਾ ਵੀ ਜ਼ਰੂਰੀ ਹੈ।
ਕਾਮਰੇਡ ਰਛਪਾਲ ਪਾਲੀ ਦਾ ਜਨਮ 1 ਜਨਵਰੀ 1974 ਨੂੰ ਪਿਤਾ ਦੇਸ ਰਾਜ ਤੇ ਮਾਤਾ ਕੁੁਸ਼ੱਲਿਆ ਦੇਵੀ ਦੀ ਸੁਲੱਖਣੀ ਕੁੱਖੋਂ ਪਿੰਡ ਭੀਖੀ ਜਿਲ੍ਹਾ ਮਾਨਸਾ ਵਿਖੇ ਬ੍ਰਾਹਮਣ ਪਰਿਵਾਰ ਵਿੱਚ ਹੋਇਆ। ਉਹ ਆਪਣੇ ਤਿੰਨ ਭਰਾਵਾਂ ਚੋਂ ਸਭ ਤੋਂ ਵੱਡੇ ਸਨ। ਉਨ੍ਹਾਂ ਦੇ ਪਿਤਾ ਜਨ ਸਿਹਤ ਵਿਭਾਗ ਵਿੱਚ ਮੁਲਾਜ਼ਮ ਹੋਣ ਕਾਰਨ ਰਛਪਾਲ ਪਾਲੀ ਦੀ ਮੁੱਢਲੀ ਪੜ੍ਹਾਈ ਭੀਖੀ, ਘੁਰਕਣੀ ਤੇ ਝੁਨੀਰ ਵਿਖੇ ਹੋਈ। ਦਸਵੀਂ ਕਲਾਸ ’ਚ ਪੜ੍ਹਦਿਆਂ ਹੀ ਉਹ ਇੰਡੀਅਨ ਪੀਪਲਜ਼ ਫਰੰਟ ਤੇ ਸੀ.ਪੀ.ਆਈ. (ਐਮ.ਐਲ.) ਲਿਬਰੇਸ਼ਨ ਨਾਲ ਜੁੜ ਗਏ। 1989 ’ਚ ਉਨ੍ਹਾਂ ਦੇ ਪਿਤਾ ਜੀ ਦੀ ਮੌਤ ਐਕਸੀਡੈਂਟ ’ਚ ਹੋ ਜਾਣ ਕਾਰਨ ਪੂਰੇ ਪਰਿਵਾਰ ਦੀ ਜੁੰਮੇਵਾਰੀ ਉਨ੍ਹਾਂ ਦੇ ਮੋਢਿਆਂ ’ਤੇ ਆ ਗਈ ਅਤੇ ਉਸ ਨੂੰ ਆਪਣੀ ਪੜ੍ਹਾਈ ਨੂੰ ਅੱਧ ਵਿਚਕਾਰ ਛੱਡਕੇ ਆਪਣੇ ਪਿਤਾ ਜੀ ਦੀ ਥਾਂ ਤੇ ਨੌਕਰੀ ਕਰਨੀ ਪਈ। ਪਰਿਵਾਰ ਦੀ ਇਸ ਵੱਡੀ ਜੁੰਮੇਵਾਰੀ ਦੇ ਬਾਵਜੂਦ ਉਸ ਨੇ ਇਨਕਲਾਬੀ ਵਿਚਾਰਧਾਰਾ ਨਾਲ ਆਪਣਾ ਰਾਬਤਾ ਲਗਾਤਾਰ ਬਣਾਈ ਰੱਖਿਆ। 1990 ਵਿੱਚ ਵੀ.ਪੀ. ਸਿੰਘ ਦੀ ਸਰਕਾਰ ਤੇ ਪਾਕਿਸਤਾਨ ਦੇ ਹੁਕਮਰਾਨਾਂ ਵੱਲੋਂ ਲੋਕਾਂ ਦਾ ਧਿਆਨ ਬੁਨਿਆਦੀ ਮਸਲਿਆਂ ਤੋਂ ਹਟਾਉਣ ਲਈ ਭੜਕਾਏ ਜਾ ਰਹੇ ਜੰਗੀ ਜਨੂੰਨ ਖਿਲਾਫ਼ 19 ਮਈ 1990 ਨੂੰ ਇੰਡੀਅਨ ਪੀਪਲਜ਼ ਫਰੰਟ ਵਲੋਂ ਦਿੱਲੀ ਵਿਖੇ ਰੱਖੀ ਕਨਵੈਨਸ਼ਨ ’ਚ ਹਿੱਸਾ ਲੈਣ ਗਿਆ। ਲੇਕਿਨ ਰਸਤੇ ’ਚ ਟਰੱਕ ਦੇ ਹੋਏ ਐਕਸੀਡੈਂਟ ਕਾਰਨ ਦੋ ਨੌਜਵਾਨ ਬਲਵਿੰਦਰ ਸਿੰਘ ਸਮਾਓ ਤੇ ਮਨੋਜ ਕੁਮਾਰ ਭੀਖੀ ਦੀ ਮੌਤ ਹੋ ਗਈ। ਇਸ ਖੌਫ਼ਨਾਕ ਘਟਨਾ ਨੇ ਉਸ ਨੂੰ ਧੁਰ ਅੰਦਰ ਤੱਕ ਹਿਲਾ ਕੇ ਰੱਖ ਦਿੱਤਾ ਪਰ ਉਸ ਦਾ ਇਨਕਲਾਬੀ ਸਫ਼ਰ ਜਾਰੀ ਰਿਹਾ। ਉਸ ਦੀ ਕਮਿਊਨਿਸਟ ਵਿਚਾਰਾਂ ਪ੍ਰਤੀ ਪ੍ਰਤੀਬੱਧਤਾ ਐਨੀ ਮਜ਼ਬੂਤ ਸੀ ਕਿ ਉਹ ਇਨਕਲਾਬੀ ਰਸਤੇ ਤੇ ਅਣ ਐਲਾਨਿਆ ਕੁਲਵਕਤੀ ਤੁਰ ਪਿਆ ਤੇ ਨੌਕਰੀ ਦੀ ਬਜਾਏ ਪਾਰਟੀ ਸਰਗਰਮੀਆ ਵਿੱਚ ਹਿੱਸਾ ਲੈਣ ਲੱਗਾ। ਪਰ ਉਸ ਦੇ ਮੋਢਿਆਂ ਉਪਰ ਪਰਿਵਾਰ ਦੀ ਵੱਡੀ ਜੁੰਮੇਵਾਰੀ ਨੂੰ ਜਾਣਦਿਆਂ ਪਾਰਟੀ ਨੇ ਉਸ ਨੂੰ ਗੰਭੀਰਤਾ ਨਾਲ ਨੌਕਰੀ ਕਰਨ ਲਈ ਕਿਹਾ, ਬੇਸ਼ੱਕ ਪਾਰਟੀ ਆਦੇਸ਼ ਦੇ ਚਲਦਿਆਂ ਉਹ ਨੌੰਕਰੀ ਤੇ ਪਰਤ ਗਿਆ, ਪ੍ਰੰਤੂ ਹਰ ਸਮੇਂ ਪਾਰਟੀ ਉਸ ਦੇ ਦਿਲ ਦਿਮਾਗ ਚ ਭਾਰੂ ਰਹੀ । 1992 ਚ ਅੱਤਵਾਦ ਦੇ ਸਮੇਂ ਦੌਰਾਨ ਹੋਈਆਂ ਵਿਧਾਨ ਸਭਾ ਚੋਣਾਂ ਜਿਸ ਵਿੱਚ ਆਈ.ਪੀ.ਐਫ. ਵੱਲੋਂ ਨਕਸਲੀ ਧਾਰਾ ਦਾ ਪਹਿਲਾ ਵਿਧਾਇਕ ਚੁਣਿਆ ਗਿਆ ਸੀ । ਇਨ੍ਹਾਂ ਚੋਣਾਂ ਵਿੱਚ ਕਾਮਰੇਡ ਪਾਲੀ ਨੇ ਸਰਗਰਮ ਭੂਮਿਕਾ ਨਿਭਾਈ । ਭੀਖੀ ਵਿੱਚ ਸੰਘਰਸ਼ ਕਮੇਟੀ ਤੇ ਲੋਕ ਭਲਾਈ ਯੂਥ ਵਿੰਗ ਬਣਾਉਣ ਵਾਲੇ ਮੋਹਰੀਆਂ ਵਿਚੋਂ ਉਹ ਇੱਕ ਸੀ । ਭੀਖੀ ਚ ਸ਼ਹੀਦ ਭਗਤ ਸਿੰਘ ਯਾਦਗਾਰੀ ਲਾਇਬਰੇਰੀ ਬਣਾਉਣ ਚ ਆਪਣੀ ਬਣਦੀ ਭੂਮਿਕਾ ਨਿਭਾਈ। ਆਪਦੇ ਛੋਟੇ ਭਰਾ ਹਰਭਗਵਾਨ ਭੀਖੀ ਨੂੰ ਇਨਕਲਾਬੀ ਧਾਰਾ ਨਾਲ ਜੋੜਨ ’ਚ ਉਸ ਦਾ ਵੱਡਾ ਹੱਥ ਰਿਹਾ ।
5 ਅਪ੍ਰੈਲ 1994 ਨੂੰ ਗੈਟ ਸਮਝੌਤੇ ਤੇ ਡੰਕਲ ਤਜਵੀਜ਼ਾਂ ਖਿਲਾਫ਼ ਜਨਤਕ ਜਥੇਬੰਦੀਆਂ ਵਲੋਂ ਦਿੱਲੀ ਵਿਖੇ ਕੀਤੇ ਗਏ ਇਤਿਹਾਸਕ ਇਕੱਠ ਵਿੱਚ ਉਹ ਆਪਣੇ ਸਾਥੀਆਂ ਸਮੇਤ ਸ਼ਾਮਲ ਹੋਇਆ। 12 ਸਤੰਬਰ 1999 ਨੂੰ ਉਸ ਦਾ ਵਿਆਹ ਕੱਟੂ ਬਾਲੀਆਂ (ਸੰਗਰੂਰ) ਵਿਖੇ ਕਿਰਨਦੀਪ ਕੌਰ ਨਾਲ ਹੋਇਆ, ਜਿਸ ਤੋਂ ਉਨ੍ਹਾਂ ਦੇ ਘਰ ਇਕਲੌਤੇ ਬੇਟੇ ਅਕਾਸ਼ਦੀਪ ਨੇ ਜਨਮ ਲਿਆ ।
ਕਾਮਰੇਡ ਰਛਪਾਲ ਪਾਲੀ ਨੇ ਕਿਰਨਜੀਤ ਕਤਲ/ਬਲਾਤਕਾਰ ਕਾਂਡ ਵਿਰੋਧੀ ਤੇ ਬੰਤ ਸਿੰਘ ਝੱਬਰ ਕਾਂਡ ਵਿਰੋਧੀ ਸੰਘਰਸ਼ਾਂ ਦੇ ਨਾਲ ਨਾਲ 2001 ਚ ਮਾਲਵੇ ਦੀ ਧਰਤੀ ਤੋਂ ਉਠੇ ਮਜ਼ਦੂਰ/ਕਿਸਾਨ ਕਰਜ਼ਾ ਮੁਕਤੀ ਘੋਲ, 2009 ’ਚ ਬੇਘਰੇ ਮਜ਼ਦੂਰਾਂ ਦੇ ਉਭਰੇ ਪਲਾਟ ਅੰਦੋਲਨ ਤੋਂ ਲੈ ਕੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਵਾਉਣ ਲਈ ਉਠੇ ਅੰਦੋਲਨਾਂ ਵਿੱਚ ਪਾਲੀ ਦੀ ਭੂਮਿਕਾ ਯਾਦਗਰ ਰਹੀ। ਜਿੱਥੇ ਕਾਮਰੇਡ ਰਛਪਾਲ ਇਨਕਲਾਬੀ ਰਾਜਨੀਤਕ ਘੋਲਾਂ ਦਾ ਨਿਰੰਤਰ ਸਿਪਾਹੀ ਸੀ ਉਥੇ ਭੀਖੀ ਵਿਖੇ ਸ਼ਹੀਦ ਭਗਤ ਸਿੰਘ ਯਾਦਗਰੀ ਲਾਇਬਰੇਰੀ ਸਥਾਪਤ ਕਰਨ, ਸਰਕਾਰੀ ਗਰਲਜ਼ ਸਕੂਲ ਦਾ ਨਵੀਨੀਕਰਨ ਕਰਨ, ਲੜਕੀਆਂ ਨੂੰ ਖੇਡਾਂ ਲਈ ਉਤਸ਼ਾਹਿਤ ਕਰਨ, ਭੀਖੀ ਗਰਲਜ਼ ਸਕੂਲ ਵਿੱਚ ਸ਼ਾਨਦਾਰ ਬਾਸਟਕਬਾਲ ਦਾ ਮੈਦਾਨ ਬਣਾਉਣ ਤੇ ਲੜਕੀਆਂ ਦੇ ਬਾਸਟਕਬਾਲ ਦੇ ਭੀਖੀ ’ਚ ਦੋ ਬਾਰ ਰਾਜ ਪੱਧਰੀ ਟੂਰਨਾਮੈਂਟ ਕਰਵਾਉਣ ਚ ਉਸ ਦਾ ਤਨ, ਮਨ, ਧਨ ਨਾਲ ਮੋਹਰੀ ਰੋਲ ਰਿਹਾ। ਵਿਗਿਆਨਕ ਸੋਚ ਦਾ ਪਹਿਰੇਦਾਰ ਹੋਣ ਸਦਕਾ ਹੀ ਪਿਛਲੇ ਸਾਲ ਜਦੋਂ ਉਸ ਦੀ ਮਾਤਾ ਜੀ ਦੀ ਮੌਤ ਹੋਈ ਤਾਂ ਉਸ ਨੇ ਸਥਾਪਤ ਰਿਵਾਇਤਾਂ ਦੇ ਉਲਟ ਤੇ ਸਮਾਜਿਕ/ਰਿਸ਼ਤੇਦਾਰਾਂ ਦੇ ਭਾਰੀ ਵਿਰੋਧ ਦੇ ਬਾਵਜੂਦ ਆਪਣੀ ਮਾਤਾ ਦੇ ਸਰੀਰ ਨੂੰ ਮੈਡੀਕਲ ਖੋਜ ਕਾਰਜਾਂ ਲਈ ਦਾਨ ਕਰ ਦਿੱਤਾ ।
ਪਿਛਲੇ ਸਾਲ 23 ਤੋਂ 28 ਮਾਰਚ ਤੱਕ ਮਾਨਸਾ ਵਿਖੇ ਸੀ.ਪੀ.ਆਈ. (ਐਮ.ਐਲ.) ਲਿਬਰੇਸ਼ਨ ਦੇ ਹੋਏ ਦਸਵੇਂ ਮਹਾਂਸੰਮੇਲਨ ਦੀ ਸਫ਼ਲਤਾ ਲਈ ਦਿਨ ਰਾਤ ਇੱਕ ਕਰਨ ਵਾਲਾ ਇਲਕਲਾਬ ਦਾ ਇਹ ਜੁਝਾਰੂ ਪਾਂਧੀ ਅਚਨਚੇਤ 10 ਅਪ੍ਰੈਲ 2018 ਨੂੰ ਸਦੀਵੀ ਵਿਛੋੜਾ ਦੇ ਗਿਆ ਸੀ ਕਾਮਰੇਡ ਪਾਲੀ ਦਾ ਸੰਸਕਾਰ ਬਗੈਰ ਕਿਸੇ ਰਸਮ ਦੇ ਕਰਨ ਤੋਂ ਬਾਅਦ ਉਸ ਦੀਆਂ ਅਸਥੀਆਂ ’ਤੇ ਪੌਦੇ ਲਾਏ ਗਏ। ਪਾਲੀ ਅੱਜ ਜਿਉਂਦਾ ਹੈ ਓਹ ਸਾਬਤ ਕਰਦਾ ਹੈ ਇਨਕਲਾਬ ਚੰਗੇ ਵਰਕਰਾਂ ਤੋਂ ਬਗੈਰ ਨਹੀਂ ਹੋ ਸਕਦਾ । ਓਹ ਕਈ ਵਾਰ ਆਖਦਾ ਹੁਣ ਲਹਿਰਾਂ ਚ ਬਿਓਰੋਕਰੇਟ ਸੋਚ ਵਾਲੇ ਬਹੁਤ ਤੇ ਸਮਰਪਿਤ ਭਾਵਨਾ ਵਾਲੇ ਬਹੁਤ ਘੱਟ ਆ ਰਹੇ ਨੇ। ਉਸ ਦੇ ਕਹੇ ਆਖਰੀ ਸ਼ਬਦ ਅੱਜ ਵੀ ਚੇਤੇ ਨੇ ਜਿਸ ਚ ਉਸ ਨੇ ਕਿਹਾ ਸੀ ਜੇ ਕਾਮਰੇਡ ਬਣ ਗਿਆ ਕਦੇ ਲਹਿਰ ਨੂੰ ਪਿੱਠ ਨਾ ਵਖਾਈਂ।ਦੂਜਾ ਕਦੋਂ ਆਏਂਗਾ ਜਦ ਮੈਂ ਮਰ ਗਿਆ…ਸੱਚਮੁੱਚ ਮੇਰੀ ਉਸ ਨਾਲ ਆਖਰੀ ਮੁਲਾਕਾਤ ਨਾ ਹੋਈ ਜਦ ਹੋਈ ਉਸ ਨੂੰ ਐਂਬੂਲੈਂਸ ਚ ਲੈ ਕੇ ਜਾ ਰਹੇ ਸਨ।ਪਰ ਪਹਿਲੀ ਗੱਲ ਤੇ ਸਦਾ ਖਰਾ ਉਤਰਨ ਦੀ ਕੋਸ਼ਿਸ਼ ਕਰੂੰ ਜਦ ਤੱਕ ਸਾਂਹ ਨੇ ਪਾਲੀ ਦੀ ਸੋਚ ਤੇ ਲਾਲ ਝੰਡੇ ਦੀ ਮੰਜ਼ਿਲ ਨੂੰ ਸਮਰਪਿਤ ਰਹੂ।


