ਆਮ ਆਦਮੀ ਪਾਰਟੀ ਦੀ ਸਰਕਾਰ ਦਾ ਮੁੱਖ ਏਜੰਡਾ ਸੂਬੇ ਨੂੰ ਵਿਕਾਸ ਪੱਖੋਂ ਦੇਸ਼ ਦਾ ਮੋਹਰੀ ਸੂਬਾ ਬਣਾਉਣਾ – ਚੇਅਰਮੈਨ ਜਗਰੂਪ ਸਿੰਘ ਸੇਖਵਾਂ
ਗੁਰਦਾਸਪੁਰ, 11 ਮਾਰਚ (ਸਰਬਜੀਤ ਸਿੰਘ) – ਜਗਰੂਪ ਸਿੰਘ ਸੇਖਵਾਂ, ਚੇਅਰਮੈਨ, ਜਿ਼ਲ੍ਹਾ ਯੋਜਨਾ ਕਮੇਟੀ, ਗੁਰਦਾਸਪੁਰ ਵੱਲੋਂ ਅੱਜ ਆਪਣੇ ਦਫ਼ਤਰ ਵਿਖੇ ਲੋਕ ਨਿਰਮਾਣ ਵਿਭਾਗ, ਮੰਡੀ ਬੋੋਰਡ ਵੱਲੋਂ ਜਿ਼ਲ੍ਹੇ ਅੰਦਰ ਕਰਵਾਏ ਜਾ ਰਹੇ ਸੜਕਾਂ ਅਤੇ ਪੁਲਾਂ ਦੀ ਉਸਾਰੀ ਦੇ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਦੀ ਪ੍ਰਗਤੀ ਰੀਵਿਊ ਲਈ ਕਾਰਜਕਾਰੀ ਇੰਜੀਨੀਅਰ ਉਸਾਰੀ ਮੰਡਲ ਬਟਾਲਾ, ਕਾਰਜਕਾਰੀ ਇੰਜੀਨੀਅਰ ਪ੍ਰਾਂਤਕ ਮੰਡਲ, ਗੁਰਦਾਸਪੁਰ, ਕਾਰਜਕਾਰੀ ਇੰਜੀਨੀਅਰ ਮੰਡੀ ਬੋੋਰਡ, ਗੁਰਦਾਸਪੁਰ ਅਤੇ ਕਾਰਜਕਾਰੀ ਇੰਜੀਨੀਅਰ ਉਸਾਰੀ ਮੰਡਲ, ਪਠਾਨਕੋਟ ਨਾਲ ਵਿਸ਼ੇਸ਼ ਮੀਟਿੰਗ ਕੀਤੀ ਗਈ। ਉਨ੍ਹਾਂ ਵੱਲੋਂ ਦੱਸਿਆ ਗਿਆ ਕਿ ਜਿ਼ਲ੍ਹੇ ਅੰਦਰ ਵੱਖ-ਵੱਖ ਸਕੀਮਾਂ ਅਧੀਨ ਨਵੀਆਂ ਉਸਾਰੀਆਂ ਜਾ ਰਹੀਆਂ ਸੜਕਾਂ ਅਤੇ ਵਿਸ਼ੇਸ਼ ਮੁਰੰਮਤ ਵਾਲੀਆਂ ਸੜਕਾਂ ਦਾ ਲੱਗਭੱਗ 80 ਫੀਸਦੀ ਕੰਮ ਮੁਕੰਮਲ ਹੋ ਚੁੱਕੇ ਹਨ, ਬਕਾਇਆ ਲੁੱਕ ਆਦਿ ਦੇ ਕੰਮ 30 ਅਪ੍ਰੈਲ 2023 ਤੱਕ ਮੁਕੰਮਲ ਕਰ ਲਏ ਜਾਣਗੇ।
ਮੀਟਿੰਗ ਦੌਰਾਨ ਜਿ਼ਲ੍ਹਾ ਪ੍ਰੋਗਰਾਮ ਅਫ਼ਸਰ ਸੁਮਨਦੀਪ ਕੌਰ ਵੱਲੋਂ ਦੱਸਿਆ ਗਿਆ ਹੈ ਕਿ ਸਰਕਾਰ ਦੀਆਂ ਵੱਖ-ਵੱਖ ਸਕੀਮਾਂ ਅਧੀਨ ਆਂਗਨਵਾੜੀ ਸੈਂਟਰਾਂ ਅੰਦਰ ਛੋਟੀ ਉੱਮਰ ਦੇ ਬੱਚਿਆਂ ਅਤੇ ਗਰਭਵੱਤੀ ਮਾਂਵਾਂ ਦੀ ਸਿਹਤ ਲਈ ਨਿਊਟ੍ਰੀਸ਼ਨ ਡਾਈਟ ਦਿੱਤੀ ਜਾਂਦੀ ਹੈ। ਉਨ੍ਹਾਂ ਨੇ ਰੀਵਿਊ ਦੌੌਰਾਨ ਦੱਸਿਆ ਕਿ ਕਈ ਆਂਗਨਵਾੜੀ ਸੈਂਟਰਾਂ ਦੀ ਉਸਾਰੀ ਦੇ ਕੰਮ ਵੀ ਮਹਿਕਮਾ ਕਾਰਜਕਾਰੀ ਇੰਜੀਨੀਅਰ ਪੰਚਾਇਤੀ ਰਾਜ ਵੱਲੋਂ ਕੀਤੇ ਜਾ ਰਹੇ ਹਨ। ਇਸ ਤੋਂ ਇਲਾਵਾ ਸਰਕਾਰ ਵੱਲੋਂ ਕੁਝ ਦਿਨ ਪਹਿਲਾਂ ਆਂਗਨਵਾੜੀ ਵਰਕਰਾਂ ਦੀ ਭਰਤੀ ਸਬੰਧੀ ਵੀ ਜਾਰੀ ਕੀਤੇ ਹੁਕਮਾਂ ਅਨੁਸਾਰ ਕਾਰਵਾਈ ਕੀਤੀ ਜਾ ਰਹੀ ਹੈ।
ਚੇਅਰਮੈਨ ਜਿ਼ਲ੍ਹਾ ਯੋਜਨਾ ਕਮੇਟੀ ਵੱਲੋਂ ਵਿਸ਼ੇਸ ਤੌਰ ਤੇ ਪੰਜਾਬ ਰਾਜ ਪਾਵਰਕਾਮ, ਗੁਰਦਾਸਪੁਰ ਦੇ ਨਿਗਰਾਨ ਇੰਜੀਨੀਅਰ ਨਾਲ ਵੀ ਬਿਜਲੀ ਸਬੰਧੀ ਕੰਮਾਂ ਦੀ ਪ੍ਰਗਤੀ ਦਾ ਜਾਇਜਾ ਲਿਆ ਗਿਆ। ਇਸ ਦੌਰਾਨ ਅਧਿਕਾਰੀ ਵੱਲੋਂ ਦੱਸਿਆ ਗਿਆ ਕਿ ਜਿ਼ਲ੍ਹੇ ਅੰਦਰ ਕੇਂਦਰ ਸਰਕਾਰ ਦੀ ਸਕੀਮ ਅੰਦਰ ਲੱਗਭੱਗ 132 ਕਰੋੜ ਰੁਪਏ ਦੇ ਫੰਡ ਪ੍ਰਾਪਤ ਹੋਏ ਹਨ, ਜੋ ਕਿ ਬਿਜਲੀ ਸਪਲਾਈ ਦੀ ਬਿਹਤਰੀ ਦੇ ਕੰਮਾਂ 66 ਕੇ.ਵੀ. ਪਾਵਰ ਸਟੇਸ਼ਨਾਂ ਦੀ ਸਮਰੱਥਾ ਨੂੰ ਦੁਗਣਾ ਕਰਨ, ਨਵੇਂ ਬਿਜਲੀ ਘਰ ਉਸਾਰਨ, ਨਵੇਂ ਟਰਾਂਸਫਾਰਮਰ ਲਗਾਉਣ ਅਤੇ ਪੁਰਾਣੀਆਂ ਲਾਈਨਾਂ ਨੂੰ ਬਦਲਣ ਅਤੇ ਅਪਗਰੇਡ ਕਰਨ ਲਈ ਸਾਲ 2026 ਤੱਕ ਇਹ ਕੰਮ ਮੁਕੰਮਲ ਕੀਤੇ ਜਾਣੇ ਹਨ। ਅਧਿਕਾਰੀ ਵੱਲੋਂ ਇਹ ਵੀ ਦੱਸਿਆ ਗਿਆ ਕਿ ਇਸ ਵਾਰ ਕਣਕ ਦੀਆਂ ਵਾਡੀਆਂ ਦੌਰਾਨ ਸਰਕਾਰ ਵੱਲੋਂ ਇਸ ਵਾਰ ਬਿਜਲੀ ਕੱਟ ਨਾ ਲਗਾਉਣ ਦੇ ਨਿਰਦੇਸ਼ ਦਿੱਤੇ ਗਏ ਹਨ।ਇਸ ਦੌਰਾਨ ਅਧਿਕਾਰੀ ਵੱਲੋਂ ਚੇਅਰਮੈਨ ਜੀ ਨੂੰ ਬੇਨਤੀ ਕੀਤੀ ਗਈ ਕਿ ਬੇਟ ਏਰੀਏ ਅੰਦਰ ਪਿੰਡ ਔਲਖ ਜਾਂ ਬੇਰੀ ਵਿਖੇ ਪੰਚਾਇਤ ਵੱਲੋਂ 3 ਕਿੱਲੇ ਜਮੀਨ ਮਤਾ ਪਵਾਕੇ ਦਿਵਾਈ ਜਾਵੇ ਤਾਂ ਜੋ ਉਸ ਏਰੀਏ ਦੇ ਪਿੰਡਾਂ ਨੂੰ ਬਿਹਤਰ ਬਿਜਲੀ ਸਪਲਾਈ ਦੇਣ ਲਈ ਪਾਵਰ ਸਟੇਸ਼ਨ ਉਸਾਰਿਆ ਜਾ ਸਕੇ।
ਚੇਅਰਮੈਨ ਜਗਰੂਪ ਸਿੰਘ ਸੇਖਵਾਂ ਵੱਲੋਂ ਹਾਜ਼ਰ ਆਏ ਅਧਿਕਾਰੀਆਂ ਨੂੰ ਕਿਹਾ ਗਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਰਾਜ ਅੰਦਰ ਬਿਨ੍ਹਾਂ ਕਿਸੇ ਪੱਖਪਾਤ ਦੇ ਰਾਜ ਦੇ ਲੋਕਾਂ ਦੀ ਬਿਹਤਰੀ ਲਈ ਕੰਮ ਕਰ ਰਹੀ ਹੈ ਅਤੇ ਉਸ ਦਾ ਮਕਸਦ ਪੰਜਾਬ ਨੂੰ ਦੇਸ਼ ਦਾ ਇੱਕ ਬਹੁਤ ਵਧੀਆ ਸੂਬਾ ਪ੍ਰਗਤੀ ਦੇ ਪੱਖੋਂ ਬਣਾਉਣ ਦਾ ਟੀਚਾ ਰੱਖਦੇ ਹੋਏ ਯਤਨ ਕੀਤੇ ਜਾ ਰਹੇ ਹਨ ਇਸ ਲਈ ਸਮੂਹ ਵਿਭਾਗ ਲੋਕਾਂ ਨੂੰ ਸਮੇਂ ਸਿਰ ਸਹੂਲਤਾਂ ਦੇਣ ਵਿੱਚ ਆਪਣਾ ਆਪਣਾ ਯੋਗਦਾਨ ਪਾਉਣ ਅਤੇ ਪਾਰਦਰਸ਼ੀ ਤਰੀਕੇ ਨਾਲ ਸੇਵਾਂਵਾਂ ਦੇਣ।