ਬਾਜਵਾ ਨੇ ‘ਆਪ’ ਸਰਕਾਰ ਨੂੰ ਕਿਸਾਨਾਂ ਨੂੰ ਉਚਿੱਤ ਬਿਜਲੀ ਸਪਲਾਈ ਯਕੀਨੀ ਬਣਾਉਣ ਦੀ ਕੀਤੀ ਅਪੀਲ

ਪੰਜਾਬ

ਇਸ ਸਾਲ ਤਾਪਮਾਨ ਵਿੱਚ ਸ਼ੁਰੂਆਤੀ ਵਾਧਾ ਦੇਖਿਆ ਗਿਆ ਹੈ, ਜਿਸ ਲਈ ਕਿਸਾਨਾਂ ਨੂੰ ਕਣਕ ਦੀ ਹਲਕੀ ਸਿੰਚਾਈ ਦੀ ਵਾਰਵਰਤਾ ਵਧਾਉਣ ਦੀ ਲੋੜ ਹੈ: ਵਿਰੋਧੀ ਧਿਰ ਦੇ ਆਗੂ

ਚੰਡੀਗੜ੍ਹ, ਗੁਰਾਦਸਪੁਰ 26 ਫਰਵਰੀ (ਸਰਬਜੀਤ ਸਿੰਘ)– ਪੰਜਾਬ ਦੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਸ਼ਨੀਵਾਰ ਨੂੰ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ‘ਤੇ ਕਣਕ ਦੀ ਫ਼ਸਲ ਦੀ ਸਿੰਚਾਈ ਲਈ ਕਿਸਾਨਾਂ ਨੂੰ ਲੋੜੀਂਦੀ ਬਿਜਲੀ ਸਪਲਾਈ ਯਕੀਨੀ ਬਣਾਉਣ ‘ਚ ਨਾਕਾਮ ਰਹਿਣ ਲਈ ਆਲੋਚਨਾ ਕੀਤੀ।

ਕਾਂਗਰਸ ਦੇ ਸੀਨੀਅਰ ਆਗੂ ਬਾਜਵਾ ਨੇ ਕਿਹਾ ਕਿ ਇਸ ਸਾਲ ਤਾਪਮਾਨ ਵਿੱਚ ਬੇਮੌਸਮੀ ਵਾਧਾ ਦੇਖਿਆ ਗਿਆ ਹੈ, ਜਿਸ ਕਾਰਨ ਖੇਤੀ ਮਾਹਿਰਾਂ ਅਨੁਸਾਰ ਕਿਸਾਨਾਂ ਨੂੰ ਵੱਧ ਰਹੇ ਤਾਪਮਾਨ ਦੇ ਮਾੜੇ ਪ੍ਰਭਾਵਾਂ ਤੋਂ ਬਚਾਉਣ ਲਈ ਕਣਕ ਦੀ ਹਲਕੀ ਸਿੰਚਾਈ ਦੀ ਵਾਰਵਰਤਾ ਵਧਾਉਣ ਦੀ ਲੋੜ ਹੈ। ਹਾਲਾਂਕਿ, ਸੂਬੇ ਦੀ ‘ਆਪ’ ਸਰਕਾਰ ਨੇ ਇਸ ਪ੍ਰਤੀ ਲਾਪਰਵਾਹੀ ਵਾਲਾ ਰਵੱਈਆ ਅਪਣਾਇਆ ਜਾਪਦਾ ਹੈ।

ਬਾਜਵਾ ਨੇ ਕਿਹਾ, “ਡੀਜ਼ਲ ਦੀ ਕੀਮਤ ਅਸਮਾਨ ਨੂੰ ਛੂਹ ਰਹੀ ਹੈ, ਇਸ ਲਈ ਕਿਸਾਨਾਂ ਲਈ ਡੀਜ਼ਲ ਨਾਲ ਚੱਲਣ ਵਾਲੇ ਟਿਊਬਵੈੱਲਾਂ ਨਾਲ ਆਪਣੀ ਫ਼ਸਲ ਦੀ ਸਿੰਚਾਈ ਕਰਨਾ ਇੱਕ ਵਿਹਾਰਕ ਵਿਕਲਪ ਨਹੀਂ ਹੈ।”

ਕੁੱਝ ਮੀਡੀਆ ਰਿਪੋਰਟਾਂ ਦਾ ਹਵਾਲਾ ਦਿੰਦੇ ਹੋਏ ਬਾਜਵਾ ਨੇ ਕਿਹਾ ਕਿ ਜੇਕਰ ਆਉਣ ਵਾਲੇ ਦਿਨਾਂ ‘ਚ ਹਾਲਾਤ ਇਸੇ ਤਰਾਂ ਰਹੇ ਤਾਂ ਕਿਸਾਨ ਜਥੇਬੰਦੀਆਂ ਨਵਾਂ ਅੰਦੋਲਨ ਸ਼ੁਰੂ ਕਰਨ ਦੀ ਯੋਜਨਾ ਬਣਾ ਰਹੀਆਂ ਹਨ।

ਬਾਜਵਾ ਨੇ ਕਿਹਾ ਕਿ ਪਿਛਲੇ ਸਾਲ ਵੀ ਜਦੋਂ ਮਾਰਚ ਮਹੀਨੇ ਕਣਕ ਦੀ ਫ਼ਸਲ ਪੱਕਣ ਦੇ ਪੜਾਅ ‘ਤੇ ਸੀ ਤਾਂ ਤਾਪਮਾਨ ‘ਚ ਅਚਾਨਕ ਵਾਧਾ ਹੋਣ ਕਾਰਨ ਕਿਸਾਨਾਂ ਨੂੰ ਝਾੜ ਦਾ ਕਾਫ਼ੀ ਨੁਕਸਾਨ ਹੋਇਆ ਸੀ। ਕਣਕ ਦੇ ਦਾਣੇ ਸੁੰਗੜ ਗਏ ਸਨ।

“ਭਗਵੰਤ ਮਾਨ ਦੀ ਅਗਵਾਈ ਵਾਲੀ ‘ਆਪ’ ਸਰਕਾਰ ਨੇ ਕਣਕ ਦੇ ਕਿਸਾਨਾਂ ਨੂੰ ਮੁਆਵਜ਼ਾ ਦੇਣ ਦਾ ਵਾਅਦਾ ਕੀਤਾ ਸੀ, ਜਿਨ੍ਹਾਂ ਦਾ ਪਿਛਲੇ ਸਾਲ ਝਾੜ ਦਾ ਨੁਕਸਾਨ ਹੋਇਆ ਸੀ। ਆਪਣੇ ਕਈ ਵਾਅਦਿਆਂ ਵਾਂਗ, ‘ਆਪ’ ਸਰਕਾਰ ਇਸ ਵਾਅਦੇ ਨੂੰ ਪੂਰਾ ਕਰਨ ਵਿੱਚ ਵੀ ਅਸਫਲ ਰਹੀ”, ਵਿਰੋਧੀ ਧਿਰ ਦੇ ਆਗੂ ਨੇ ਅੱਗੇ ਕਿਹਾ।

ਉਨ੍ਹਾਂ ਕਿਹਾ ਕਿ ਖੇਤੀ ਸੈਕਟਰ ਪਹਿਲਾਂ ਹੀ ਸੰਕਟ ਵਿੱਚ ਘਿਰਿਆ ਹੋਇਆ ਹੈ। ਸਰਕਾਰ ਨੂੰ ਖੇਤੀ ਸੈਕਟਰ ਨੂੰ ਵਿਹਾਰਕ ਬਣਾਉਣ ਲਈ ਇਸ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ। ਸਿਰਫ਼ ਗੱਲਾਂ ਨਾਲ ਕਿਸਾਨਾਂ ਦੇ ਡੂੰਘੇ ਸੰਕਟ ਨੂੰ ਦੂਰ ਨਹੀਂ ਕੀਤਾ ਜਾਵੇਗਾ।

Leave a Reply

Your email address will not be published. Required fields are marked *