ਆਰ.ਟੀ.ਏ. ਵੱਲੋਂ ਟਰੈਫਿਕ ਜਾਮ ਲਗਾਉਣ ਵਾਲੀਆਂ ਬੱਸਾਂ ਦੇ ਚਲਾਨ
ਗੁਰਦਾਸਪੁਰ, 25 ਫਰਵਰੀ (ਸਰਬਜੀਤ ਸਿੰਘ) – ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਗੁਰਦਾਸਪੁਰ ਸ਼ਹਿਰ ਵਿੱਚ ਟਰੈਫਿਕ ਸਮੱਸਿਆ ਦੇ ਹੱਲ ਲਈ ਸਕੱਤਰ, ਰਿਜਨਲ ਟਰਾਂਸਪੋਰਟ ਅਥਾਰਟੀ ਗੁਰਦਾਸਪੁਰ ਅਤੇ ਸਿਟੀ ਟ੍ਰੈਫਿਕ ਇੰਚਾਰਜ ਗੁਰਦਾਸਪੁਰ ਨੂੰ ਨਿਰਦੇਸ਼ ਜਾਰੀ ਕੀਤੇ ਹਨ। ਡਿਪਟੀ ਕਮਿਸ਼ਨਰ ਨੇ ਕਿਹਾ ਹੈ ਕਿ ਸ਼ਹਿਰ ਅੰਦਰ ਚੌਕਾਂ ’ਚ ਬੱਸ ਅਪਰੇਟਰਾਂ ਵੱਲੋਂ ਬੱਸਾਂ ਰੋਕ ਦੇ ਸਵਾਰੀਆ ਨੂੰ ਉਤਾਰਿਆ ਅਤੇ ਚੜਾਇਆ ਜਾਂਦਾ ਹੈ, ਜਿਸ ਕਰਕੇ ਸ਼ਹਿਰ ਵਿੱਚ ਟ੍ਰੈਫਿਕ ਦੀ ਸੱਮਸਿਆ ਪੈਦਾ ਹੁੰਦੀ ਹੈ ਅਤੇ ਸ਼ਹਿਰ ਵਿੱਚ ਜਾਮ ਲੱਗ ਜਾਂਦੇ ਹਨ। ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਟਰੈਫਿਕ ਸਮੱਸਿਆ ਪੈਦਾ ਕਰਨ ਵਾਲੇ ਵਾਹਨਾਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇ।
ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਵੱਲੋਂ ਦਿੱਤੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਸਕੱਤਰ, ਰਿਜਨਲ ਟਰਾਂਸਪੋਰਟ ਅਥਾਰਟੀ ਗੁਰਦਾਸਪੁਰ ਨੇ ਬੱਸ ਅਪਰੇਟਰਾਂ ਨੂੰ ਹਦਾਇਤ ਜਾਰੀ ਕੀਤੀ ਹੈ ਕਿ ਉਹ ਗੁਰਦਾਸਪੁਰ ਸ਼ਹਿਰ ਦੇ ਅੰਦਰ ਬੱਸਾਂ ਵਿੱਚ ਸਵਾਰੀਆਂ ਬੱਸ ਅੱਡੇ ਤੋਂ ਹੀ ਚੜਾਉਣ ਅਤੇ ਰਸਤੇ ਵਿੱਚ ਕਿਸੇ ਚੌਂਕ ਜਾਂ ਮੋੜ ’ਤੇ ਬੱਸ ਨਾ ਰੋਕੀ ਜਾਵੇ। ਆਰ.ਟੀ.ਏ. ਗੁਰਦਾਸਪੁਰ ਵੱਲੋਂ ਅੱਜ ਸ਼ਹਿਰ ਦੇ ਫਿਸ਼ ਪਾਰਕ ਚੌਂਕ, ਪੰਚਾਇਤ ਭਵਨ ਚੌਂਕ, ਜਹਾਜ ਚੌਂਕ, ਡਾਕਖਾਨਾ ਚੌਂਕ, ਪੁਰਾਣੀ ਸਬਜ਼ੀ ਮੰਡੀ ਚੌਂਕ, ਕਾਹਨੂੰਵਾਨ ਚੌਂਕ ਅਤੇ ਸ੍ਰੀ ਹਰਗੋਬਿੰਦਪੁਰ ਸਾਹਿਬ ਚੌਂਕ ਵਿਖੇ ਬੱਸਾਂ ਦੀ ਚੈਕਿੰਗ ਕੀਤੀ ਗਈ ਅਤੇ ਜਿਹੜੀਆਂ ਬੱਸਾਂ ਚੌਂਕਾਂ ’ਤੇ ਸਵਾਰੀਆਂ ਚੜਾਉਂਦੀਆਂ ਅਤੇ ਉਤਾਰਦੀਆਂ ਪਾਈਆਂ ਗਈਆਂ ਉਹਨਾ ਦੇ ਚਲਾਨ ਕੀਤੇ ਗਏ। ਆਰ.ਟੀ.ਏ. ਨੇ ਬੱਸ ਅਪਰੇਟਰਾਂ ਨੂੰ ਹਦਾਇਤ ਕੀਤੀ ਹੈ ਕਿ ਸ਼ਹਿਰ ਅੰਦਰ ਬੱਸਾਂ ਨਾ ਰੋਕੀਆ ਜਾਣ।