ਯੋਗ ਉਮੀਦਵਾਰਾਂ ਨੂੰ ਸੀ-ਪਾਈਟ ਕੈਂਪ ਡੇਰਾ ਬਾਬਾ ਨਾਨਕ ਵਿਖੇ ਦਿੱਤੀ ਜਾਵੇਗੀ ਮੁਫ਼ਤ ਸਿਖਲਾਈ
ਗੁਰਦਾਸਪੁਰ, 25 ਫਰਵਰੀ (ਸਰਬਜੀਤ ਸਿੰਘ) – ਏ.ਆਰ.ਓ ਅੰਮ੍ਰਿਤਸਰ ਵਲੋਂ 3 ਜ਼ਿਲ੍ਹਿਆ ਅੰਮ੍ਰਿਤਸਰ, ਗੁਰਦਾਸਪੁਰ ਅਤੇ ਪਠਾਨਕੋਟ ਦੇ ਉਮੀਦਵਾਰਾਂ ਲਈ ਭਾਰਤੀ ਫ਼ੌਜ ਵਿੱਚ ਭਰਤੀ ਕੀਤੀ ਜਾ ਰਹੀ ਹੈ। ਜਿਸ ਸਬੰਧੀ ਵਧੀਕ ਡਿਪਟੀ ਕਮਿਸ਼ਨਰ (ਜ) ਗੁਰਦਾਸਪੁਰ ਡਾ. ਨਿਧੀ ਕੁਮੁਦ ਬਾਮਬਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜ਼ਿਲ੍ਹਾ ਗੁਰਦਾਸਪੁਰ ਦੇ ਉਮੀਦਵਾਰ ਜੋ ਕਿ ਭਾਰਤੀ ਸੈਨਾ ਵਿੱਚ ਭਰਤੀ ਹੋਣਾ ਚਾਹੁੰਦੇ ਹਨ, ਉਹਨਾਂ ਵਲੋਂ ਸਭ ਤੋਂ ਪਹਿਲਾਂ ਆਰਮੀ ਦੀ ਵੈਬਸਾਈਟ www.joinindianarmy.nic.in ਤੇ ਜਾ ਕੇ ਆਪਣੇ ਆਪ ਨੂੰ ਰਜਿਸਟਰਡ ਕੀਤਾ ਜਾਵੇ। ਉਨ੍ਹਾਂ ਦੱਸਿਆ ਕਿ ਰਜਿਸਟ੍ਰੇਸ਼ਨ ਕਰਨ ਦੀ ਮਿਤੀ 16 ਫਰਵਰੀ 2023 ਤੋਂ 15 ਮਾਰਚ 2023 ਤੱਕ ਹੈ।
ਉਨ੍ਹਾਂ ਦੱਸਿਆ ਕਿ ਉਮੀਦਵਾਰ ਜਿਨ੍ਹਾਂ ਦਾ ਜਨਮ 01 ਅਕਤੂਬਰ 2022 ਤੋਂ 01 ਅਪ੍ਰੈਲ 2006 ਦੇ ਦਰਿਮਆਨ ਹੋਇਆ ਹੋਵੇ, ਉਹ ਅਣਵਿਆਹੇ ਹੋਣ ਅਗਨੀਵੀਰ (ਜਨਰਲ ਡਿਊਟੀ, ਅਗਨੀਵੀਰ ਟ੍ਰੇਡਮੈਨ (8ਵੀਂ ਅਤੇ 10ਵੀਂ ਪਾਸ), ਅਗਨੀਵੀਰ ਕਲਰਕ/ਸਟੋਰਕੀਪੁਰ ਟੈਕਨੀਕਲ, ਡਿਊਟੀ ਵਰਗਾਂ ਲਈ ਅਪਲਾਈ ਕਰ ਸਕਦੇ ਹਨ। ਆਨਲਾਈ ਪ੍ਰੀਖਿਆ 17 ਅਪ੍ਰੈਲ 2023 ਨੂੰ ਹੋਵੇਗੀ। ਸਾਰੇ ਸਫਲ ਉਮੀਦਵਾਰਾਂ ਦੀ ਸਰੀਰਕ ਭਰਤੀ ਰੈਲੀ ਪਹਿਲਾਂ ਵਾਂਗ ਹੀ ਹੋਵੇਗੀ। ਰੈਲੀ ਦੇ ਸਥਾਨ ਅਤੇ ਮਿਤੀ ਦੇ ਵੇਰਵਿਆਂ ਦਾ ਐਲਾਨ ਵੱਖਰੇ ਤੌਰ ਤੇ ਕੀਤਾ ਜਾਵੇਗਾ। ਉਹਨਾਂ ਅੱਗੇ ਦੱਸਿਆ ਕਿ ਹੁਣ ਭਾਰਤੀ ਫੌਜ ਵਿੱਚ ਭਰਤੀ ਲਈ ਪੂਰੀ ਪ੍ਰਕਿਰਿਆ ਵਿੱਚ ਇਸ ਸਾਲ ਤੋਂ ਬਦਲਾਅ ਕੀਤਾ ਗਿਆ ਹੈ। ਇਹ ਭਰਤੀ ਪ੍ਰਕਿਰਿਆ ਹੁਣ ਦੇਸ਼ ਭਰ ਦੇ ਵੱਖ-ਵੱਖ ਕੇਂਦਰਾਂ ਵਿੱਚ ਇੱਕ ਬਹੁ-ਚੋਣ ਪ੍ਰਸ਼ਨਾਵਲੀ ਦੇ ਫਾਰਮੈਂਟ ਵਿੱਚ ਇੱਕ ਆਨਲਾਈਨ ਲਿਖਤੀ ਪ੍ਰੀਖਿਆ ਨਾਲ ਸ਼ੁਰੂ ਹੋਵੇਗੀ।
ਵਧੀਕ ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਜ਼ਿਲ੍ਹਾ ਗੁਰਦਾਸਪੁਰ ਦੇ ਯੋਗ ਨੌਜਵਾਨਾਂ ਨੂੰ ਸੀ-ਪਾਈਟ ਕੈਂਪ ਡੇਰਾ ਬਾਬਾ ਨਾਨਕ ਵਲੋਂ ਆਰਮੀ ਦੀ ਭਰਤੀ ਲਈ ਮੁਫਤ ਟ੍ਰੇਨਿੰਗ ਦਿੱਤੀ ਜਾਵੇਗੀ। ਇਹ ਟ੍ਰੇਨਿਗ ਕੇਵਲ ਉਸ ਨੂੰ ਹੀ ਦਿੱਤੀ ਜਾਵੇਗੀ ਜੋ ਭਰਤੀ ਲਈ ਲੋੜੀਂਦੀਆ ਯੋਗਤਾ ਅਤੇ ਸਰੀਰਿਕ ਯੋਗਤਾਵਾਂ ਨੂੰ ਪੂਰੀਆ ਕਰਦਾ ਹੋਵੇ। ਟ੍ਰੇਨਿੰਗ ਦੌਰਾਨ ਸਿਖਿਆਰਥੀ ਨੂੰ ਰਿਹਾਇਸ਼ ਅਤੇ ਖਾਣਾ ਮੁਫਤ ਦਿੱਤਾ ਜਾਵੇਗਾ ਅਤੇ ਟ੍ਰੇਨਿੰਗ ਲਈ ਕੋਈ ਵੀ ਫੀਸ ਚਾਰਜ ਨਹੀਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਟ੍ਰੇਨਿੰਗ ਲਈ ਸੀਮਿਤ ਉਮੀਦਵਾਰਾਂ ਦੀ ਚੋਣ ਕੀਤੀ ਜਾਵੇਗੀ। ਵਧੇਰੇ ਜਾਣਕਾਰੀ ਲਈ ਸੀ-ਪਾਈਟ ਡੇਰਾ ਬਾਬਾ ਨਾਨਕ ਕੈਂਪ ਇੰਚਾਰਜ ਦੇ ਮੋਬਾਇਲ ਨੰਬਰ 9781891928 ’ਤੇ ਸਪੰਰਕ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਯੋਗ ਉਮੀਦਵਾਰ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਕਮਰਾ ਨੰ:217, ਬਲਾਕ-ਬੀ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਨੇੜੇ ਬੱਸ ਸਟੈਂਡ ਗੁਰਦਾਸਪੁਰ ਵਿਖੇ ਨਿੱਜੀ ਤੌਰ ’ਤੇ ਆ ਕੇ ਅਗਨੀਵੀਰ ਦੀ ਭਰਤੀ ਲਈ ਆਨ ਲਾਈਨ ਅਪਲਾਈ ਕਰ ਸਕਦੇ ਹਨ।