ਕਾਂਗਰਸ ਪਾਰਟੀ ਦੇ ਦਬਾਅ ਕਾਰਨ ਦਾਗ਼ੀ ਵਿਧਾਇਕ ਨੂੰ ਗ੍ਰਿਫ਼ਤਾਰ ਕੀਤਾ ਗਿਆ: ਬਾਜਵਾ

ਪੰਜਾਬ

ਲੱਗਦਾ ਹੈ ਕਿ ‘ਆਪ’ ਲੀਡਰਸ਼ਿਪ ਵਿੱਚ ਇੱਕ ਬਿਹਤਰ ਭਾਵਨਾ ਪ੍ਰਬਲ ਹੋ ਗਈ ਹੈ। ਹਾਲਾਂਕਿ, ਅਸੀਂ ਆਪਣੇ ਆਪ ਨੂੰ ਇੱਕ ਨਵਾਂ ਸੰਘਰਸ਼ ਸ਼ੁਰੂ ਕਰਨ ਲਈ ਤਿਆਰ ਕੀਤਾ ਸੀ ਜਿਵੇਂ ਕਿ ਅਸੀਂ ਪਹਿਲਾਂ ਕੀਤਾ ਸੀ: ਵਿਰੋਧੀ ਧਿਰ ਦੇ ਆਗੂ

ਚੰਡੀਗੜ੍ਹ/ਗੁਰਦਾਸਪੁਰ, 24 ਫਰਵਰੀ (ਸਰਬਜੀਤ ਸਿੰਘ)– ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਬਠਿੰਡਾ ਦਿਹਾਤੀ ਦੇ ਵਿਧਾਇਕ ਅਮਿਤ ਰਤਨ ਕੋਟਫੱਤਾ ਨੂੰ ਰਿਸ਼ਵਤਖ਼ੋਰੀ ਦੇ ਦੋਸ਼ਾਂ ਤਹਿਤ ਗ੍ਰਿਫ਼ਤਾਰ ਕੀਤੇ ਜਾਣ ਤੋਂ ਬਾਅਦ ਪੰਜਾਬ ਦੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਵੀਰਵਾਰ ਨੂੰ ਕਿਹਾ ਕਿ ਪੰਜਾਬ ਵਿਧਾਨ ਸਭਾ ਵਿੱਚ ਮੁੱਖ ਵਿਰੋਧੀ ਪਾਰਟੀ ਕਾਂਗਰਸ ਪਾਰਟੀ ਦੇ ਦਬਾਅ ਕਾਰਨ ਹੀ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਦੋਸ਼ੀ ਵਿਧਾਇਕ ਨੂੰ ਸਮੇਂ ਸਿਰ ਗ੍ਰਿਫ਼ਤਾਰ ਕੀਤਾ।

“ਮੈਂ ਪਹਿਲਾਂ ਹੀ ‘ਆਪ’ ਸਰਕਾਰ ਨੂੰ ਚੇਤਾਵਨੀ ਦਿੱਤੀ ਸੀ ਕਿ ਜਾਂ ਤਾਂ ਰਿਸ਼ਵਤਖ਼ੋਰੀ ਦੇ ਦੋਸ਼ਾਂ ਤਹਿਤ ਬਠਿੰਡਾ ਦਿਹਾਤੀ ਦੇ ਵਿਧਾਇਕ ‘ਤੇ ਕੇਸ ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਕੀਤਾ ਜਾਵੇ ਜਾਂ ਫਿਰ ਨਤੀਜੇ ਭੁਗਤਣ ਲਈ ਤਿਆਰ ਰਹੋ। ਲੱਗਦਾ ਹੈ ਕਿ ‘ਆਪ’ ਲੀਡਰਸ਼ਿਪ ਵਿੱਚ ਇੱਕ ਬਿਹਤਰ ਭਾਵਨਾ ਪ੍ਰਬਲ ਹੋ ਗਈ ਹੈ, ਜਿਸ ਕਾਰਨ ਉਨ੍ਹਾਂ ਨੇ ਬਠਿੰਡਾ ਦਿਹਾਤੀ ਵਿਧਾਨ ਸਭਾ ਖੇਤਰ ਤੋਂ ਕਥਿਤ ਤੌਰ ‘ਤੇ ਭ੍ਰਿਸ਼ਟ ਵਿਧਾਇਕ ਨੂੰ ਗ੍ਰਿਫ਼ਤਾਰ ਕੀਤਾ ਹੈ। ਹਾਲਾਂਕਿ, ਅਸੀਂ ਆਪਣੇ ਆਪ ਨੂੰ ਇੱਕ ਨਵਾਂ ਸੰਘਰਸ਼ ਸ਼ੁਰੂ ਕਰਨ ਲਈ ਤਿਆਰ ਕੀਤਾ ਸੀ ਜਿਵੇਂ ਕਿ ਅਸੀਂ ਪਹਿਲਾਂ ਕੀਤਾ ਸੀ,” ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਬਾਜਵਾ ਨੇ ਕਿਹਾ।

ਕਾਦੀਆਂ ਦੇ ਵਿਧਾਇਕ ਬਾਜਵਾ ਨੇ ਕਿਹਾ ਕਿ ਇਸ ਦੌਰਾਨ, ਕੱਟੜ ਇਮਾਨਦਾਰ ਪਾਰਟੀ ਦੇ ਗੁੱਝੇ ਇਰਾਦਿਆਂ ਦਾ ਪਰਦਾਫਾਸ਼ ਹੋ ਗਿਆ ਹੈ। ਜਦੋਂ ਸੌਦਾ ਹੋਇਆ ਤਾਂ ਵਿਧਾਇਕ ਰਤਨ ਸਰਕਟ ਹਾਊਸ ਵਿੱਚ ਮੌਜੂਦ ਸਨ। ਪਰ ਵਿਜੀਲੈਂਸ ਬਿਊਰੋ ਦੇ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਉਹ ਮੌਕੇ ਤੋਂ ਫ਼ਰਾਰ ਹੋ ਗਿਆ। ਇਹ ਵਿਸ਼ਵਾਸ ਕਰਨਾ ਮੁਸ਼ਕਲ ਸੀ ਕਿ ਵਿਧਾਇਕ ਦੇ ਪੀਏ ਅਤੇ ਨੇੜਲੇ ਸਹਿਯੋਗੀ ਰਸ਼ਿਮ ਗਰਗ ਵਿਧਾਇਕ ਦੀ ਸਹਿਮਤੀ ਤੋਂ ਬਿਨਾਂ ਰਿਸ਼ਵਤ ਲੈ ਸਕਦੇ ਸਨ।

“ਵਿਧਾਇਕ ਅਮਿਤ ਰਤਨ ਕੋਟਫੱਤਾ ਨੂੰ ਦਿੱਲੀ ਵਿੱਚ ਬੈਠੇ ‘ਆਪ’ ਦੇ ਚੋਟੀ ਦੇ ਆਕਾਵਾਂ ਦਾ ਲਾਡਲਾ ਮੰਨਿਆ ਜਾਂਦਾ ਹੈ, ਇਸ ਲਈ ਇਹ ਸਪਸ਼ਟ ਸੀ ਕਿ ਉਨ੍ਹਾਂ ਦੁਆਰਾ ਉਸ ਨੂੰ ਬਚਾਇਆ ਜਾ ਰਿਹਾ ਸੀ। ਆਖ਼ਿਰ ਕਾਂਗਰਸ ਪਾਰਟੀ ਦੇ ਦਬਾਅ ਕਾਰਨ ‘ਆਪ’ ਨੂੰ ਝੁਕ ਕੇ ਉਸ ਨੂੰ ਗ੍ਰਿਫਤਾਰ ਕਰਨਾ ਪਿਆ। ਬਜਟ ਸੈਸ਼ਨ 3 ਮਾਰਚ ਤੋਂ ਹੋਵੇਗਾ ਅਤੇ ਅਸੀਂ ਇਸੇ ਮੁੱਦੇ ‘ਤੇ’ ਆਪ ਸਰਕਾਰ ਨੂੰ ਟੱਕਰ ਦੇਣ ਲਈ ਤਿਆਰ ਸੀ। “, ਬਾਜਵਾ ਨੇ ਕਿਹਾ।

ਬਾਜਵਾ ਨੇ ਕਿਹਾ ਕਿ ਕਿੰਨੀ ਸ਼ਰਮਨਾਕ ਗੱਲ ਹੈ ਕਿ ਇੱਕ ਮੌਜੂਦਾ ਵਿਧਾਇਕ ਘੁੱਦਾ ਪਿੰਡ ਦੇ ਵਿਕਾਸ ਕਾਰਜਾਂ ਲਈ 25 ਲੱਖ ਦੀ ਗਰਾਂਟ ਜਾਰੀ ਕਰਨ ਲਈ ਪਿੰਡ ਦੇ ਸਰਪੰਚ ਤੋਂ 5 ਲੱਖ ਰੁਪਏ ਰਿਸ਼ਵਤ ਵਜੋਂ ਮੰਗ ਰਿਹਾ ਹੈ।

Leave a Reply

Your email address will not be published. Required fields are marked *