ਇਹ ਉਦਾਹਰਨ ਦਰਸਾਉਂਦੀ ਹੈ ਕਿ ‘ਆਪ’ ਦੇ ਇਰਾਦੇ ਔਰਤਾਂ ਪ੍ਰਤੀ ਕਿੰਨੇ ਸੱਚੇ ਸਨ ਕਿਉਂਕਿ ਇਸ ਨੇ ਸਰਕਾਰ ਬਣਾਉਣ ਤੋਂ ਬਾਅਦ ਇਸ ਸਕੀਮ ਤਹਿਤ ਇੱਕ ਰੁਪਿਆ ਵੀ ਜਾਰੀ ਨਹੀਂ ਕੀਤਾ: ਵਿਰੋਧੀ ਧਿਰ ਦੇ ਆਗੂ
ਗੁਰਦਾਸਪੁਰ, 4 ਫਰਵਰੀ (ਸਰਬਜੀਤ ਸਿੰਘ)–ਪੰਜਾਬ ਦੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਸ਼ੁੱਕਰਵਾਰ ਨੂੰ ਪੰਜਾਬ ਦੀ ਆਮ ਆਦਮੀ ਪਾਰਟੀ (ਆਪ) ਸਰਕਾਰ ਨੂੰ ਸ਼ਗਨ ਸਕੀਮ (ਹੁਣ ਆਸ਼ੀਰਵਾਦ ਸਕੀਮ) ਤਹਿਤ ਜਾਣਬੁੱਝ ਕੇ ਫ਼ੰਡ ਜਾਰੀ ਕਰਨ ਤੋਂ ਰੋਕਣ ਲਈ ਫਟਕਾਰ ਲਾਈ ਹੈ। ਸ਼ਗਨ ਸਕੀਮ (ਹੁਣ ਆਸ਼ੀਰਵਾਦ ਸਕੀਮ) ਤਹਿਤ ਗ਼ਰੀਬ ਵਰਗਾਂ, ਅਨੁਸੂਚਿਤ ਕਬੀਲਿਆਂ ਅਤੇ ਅਨੁਸੂਚਿਤ ਜਾਤੀ ਦੀਆਂ ਲੜਕੀਆਂ ਨੂੰ ਉਨ੍ਹਾਂ ਵਿਆਹ ਦੌਰਾਨ ਕੁੱਝ ਵਿੱਤੀ ਸਹਾਇਤਾ ਮਿਲਦੀ ਹੈ।
ਸੀਨੀਅਰ ਕਾਂਗਰਸੀ ਆਗੂ ਬਾਜਵਾ ਨੇ ਮੀਡੀਆ ਰਿਪੋਰਟਾਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਸਰਕਾਰ ਨੂੰ ਉਨ੍ਹਾਂ ਲੋਕਾਂ ਤੋਂ ਹਜ਼ਾਰਾਂ ਫਾਈਲਾਂ ਮਿਲ ਰਹੀਆਂ ਹਨ, ਜੋ ਉਕਤ ਸਕੀਮ ਦਾ ਲਾਭ ਮੰਗ ਰਹੇ ਸਨ। ਹਾਲਾਂਕਿ ਸਰਕਾਰ ਨੇ ਉਨ੍ਹਾਂ ਵੱਲ ਅੱਖਾਂ ਹੀ ਮੀਟ ਲਈਆਂ ਹਨ। ਜਦੋਂ ਤੋਂ ‘ਆਪ’ ਨੇ ਸੂਬੇ ਦੀ ਸੱਤਾ ‘ਤੇ ਕਾਬਜ਼ ਹੋਈ ਹੈ, ਉਸ ਨੇ ਇਸ ਸਕੀਮ ਤਹਿਤ ਇੱਕ ਰੁਪਿਆ ਵੀ ਜਾਰੀ ਨਹੀਂ ਕੀਤਾ ਹੈ।
ਇੱਥੇ ਵਰਨਣਯੋਗ ਹੈ ਕਿ ਉਪਰੋਕਤ ਸਕੀਮ ਅਧੀਨ ਵਿੱਤੀ ਸਹਾਇਤਾ ਜੁਲਾਈ 2021 ਵਿੱਚ 21,000 ਰੁਪਏ ਤੋਂ ਵਧਾ ਕੇ 51,000 ਰੁਪਏ ਕਰ ਦਿੱਤੀ ਗਈ ਸੀ। “ਇਸ ਤੱਥ ਦੇ ਬਾਵਜੂਦ ਕਿ ਚੋਣਾਂ ਤੋਂ ਪਹਿਲਾਂ ‘ਆਪ’ ਸਰਕਾਰ ਨੇ 18 ਸਾਲ ਤੋਂ ਵੱਧ ਉਮਰ ਦੀਆਂ ਔਰਤਾਂ ਨੂੰ ਪ੍ਰਤੀ ਮਹੀਨਾ 1000 ਰੁਪਏ ਦੇਣ ਦੇ ਵੱਡੇ-ਵੱਡੇ ਦਾਅਵੇ ਕੀਤੇ ਸਨ। ਇਹ ਬਹੁਤ ਚਰਚਿਤ ਸਕੀਮ ਅਜੇ ਸ਼ੁਰੂ ਕੀਤੀ ਜਾਣੀ ਬਾਕੀ ਹੈ। ਸਰਕਾਰ ਨੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵੋਟਾਂ ਲੈਣ ਲਈ ਔਰਤਾਂ ਨੂੰ ਬੇਵਕੂਫ਼ ਬਣਾਇਆ ਜਾਪਦਾ ਹੈ। “, ਵਿਰੋਧੀ ਧਿਰ ਆਗੂ ਨੇ ਅੱਗੇ ਕਿਹਾ।
ਕਾਦੀਆਂ ਦੇ ਵਿਧਾਇਕ ਬਾਜਵਾ ਨੇ ਕਿਹਾ ਕਿ ਇਹ ਘਟਨਾਵਾਂ, ਜਿਸ ਵਿੱਚ ‘ਆਪ’ ਸਰਕਾਰ ਪੂਰੀ ਤਰਾਂ ਫੇਲ ਹੋਈ ਹੈ, ਇਹ ਦਰਸਾਉਂਦੀ ਹੈ ਕਿ ‘ਆਪ’ ਦੇ ਇਰਾਦੇ ਔਰਤਾਂ ਪ੍ਰਤੀ ਕਿੰਨੇ ਸੱਚੇ ਸਨ। ‘ਆਪ’ ਦੀ ਸਰਕਾਰ ਬਣੇ ਨੂੰ ਜਲਦੀ ਹੀ ਇੱਕ ਸਾਲ ਹੋਣ ਵਾਲਾ ਹੈ, ਅਤੇ ਇਸ ਨੇ ਔਰਤਾਂ ਲਈ 1000 ਰੁਪਏ ਪ੍ਰਤੀ ਮਹੀਨਾ ਸਕੀਮ ਸ਼ੁਰੂ ਨਹੀਂ ਕੀਤੀ ਹੈ। ਬਾਜਵਾ ਨੇ ਅੱਗੇ ਕਿਹਾ, “ਆਪ ਸਰਕਾਰ ਨੂੰ ਇਹ ਦੱਸਣਾ ਚਾਹੀਦਾ ਹੈ ਕਿ ਪਿਛਲੀ ਸਕੀਮ ਤਹਿਤ ਗ੍ਰਾਂਟਾਂ ਜਾਰੀ ਕਰਨ ਤੋਂ ਉਸ ਨੂੰ ਕਿਸ ਨੇ ਰੋਕਿਆ। ਇਸ ਨੇ ਅਜੇ ਤੱਕ ਸ਼ਗਨ ਸਕੀਮ (ਹੁਣ ਆਸ਼ੀਰਵਾਦ ਸਕੀਮ) ਤਹਿਤ ਲਾਭਪਾਤਰੀਆਂ ਨੂੰ ਕਰੋੜਾਂ ਰੁਪਏ ਜਾਰੀ ਕਰਨੇ ਹਨ, ਜਦੋਂ ਕਿ ਔਰਤਾਂ ਨੂੰ 1000 ਰੁਪਏ ਪ੍ਰਤੀ ਮਹੀਨਾ ਅਜੇ ਸ਼ੁਰੂ ਨਹੀਂ ਕੀਤੇ ਹਨ,” ਬਾਜਵਾ ਨੇ ਕਿਹਾ।


