5 ਸਤੰਬਰ 2022 ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਰੈਗੂਲਰ ਕਰਨ ਦਾ ਕੀਤਾ ਸੀ ਐਲਾਨ ਪਰ ਅੱਜ ਤੱਕ ਹੱਥ ਖਾਲੀ।
ਤਨਖਾਹ ਅਨਾਮਲੀ ਸਬੰਧੀ ਪਹਿਲੇ ਸਿੱਖਿਆ ਮੰਤਰੀ ਮੀਤ ਹੇਅਰ ਅਤੇ ਮੋਜੂਦਾ ਸਿੱਖਿਆ ਮੰਤਰੀ ਹਰਜੋਤ ਬੈਂਸ ਦੀ ਸਹਿਮਤੀ ਦੇ ਬਾਵਜੂਦ 10 ਮਹੀਨਿਆਂ ‘ਚ ਮੁਲਾਜ਼ਮਾਂ ਦੀ ਤਨਖਾਹ ਨਹੀ ਹੋਈ ਪੂਰੀ।
26 ਜਨਵਰੀ ਨੂੰ ਸਾਰੇ ਜ਼ਿਲ੍ਹਿਆ ਵਿਚ ਦਫ਼ਤਰੀ ਮੁਲਾਜ਼ਮ ਮੰਤਰੀਆ ਨੂੰ ਯਾਦ ਪੱਤਰ ਦੇ ਕੇ ਯਾਦ ਕਰਵਾਉਣਗੇ ਵਾਅਦੇ।
ਗੁਰਦਾਸਪੁਰ 25 ਜਨਵਰੀ (ਸਰਬਜੀਤ ਸਿੰਘ)– ਪੁਰਾਣੇ ਰਾਜਨੀਤਿਕ ਸਿਸਟਮ ਤੋਂ ਅੱਕਣ ਤੇ ਆਮ ਆਦਮੀ ਪਾਰਟੀ ਨੇ ਬਦਲਾਅ ਦਾ ਨਾਅਰਾ ਦਿੱਤਾ ਸੀ ਅਤੇ ਬਦਲਾਅ ਦੇ ਨਾਅਰੇ ਤੇ ਆਮ ਜਨਤਾ ਅਤੇ ਮੁਲਾਜ਼ਮ ਵਰਗ ਖਾਸ ਕਰਕੇ ਕੱਚੇ ਮੁਲਾਜ਼ਮਾਂ ਨੇ ਫੁੱਲ ਚੜ੍ਹਾ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਅਤੇ ਮੁਲਾਜ਼ਮਾਂ ਨੂੰ ਵਿਸ਼ਵਾਸ ਸੀ ਕਿ ਸੱਤਾ ਵਿੱਚ ਆਉਣ ਤੋਂ ਬਾਅਦ ਮੁਲਾਜ਼ਮਾਂ ਦੇ ਹੱਕੀ ਮਸਲੇ ਹੱਲ ਹੋ ਜਾਣਗੇ ਪ੍ਰੰਤੂ ਕੱਚੇ ਮੁਲਾਜ਼ਮ ਦੇ ਪੱਲੇ ਕੁਝ ਵੀ ਨਹੀ ਪੈ ਰਿਹਾ।
ਆਮ ਆਦਮੀ ਪਾਰਟੀ ਦੀ ਸਰਕਾਰ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਲਈ ਮੁੱਖ ਮੰਤਰੀ ਪੰਜਾਬ ਵੱਲੋਂ 5 ਸਤੰਬਰ ਨੂੰ ਐਲਾਨ ਕੀਤਾ ਅਤੇ 7 ਅਕਤੂਬਰ ਨੂੰ ਨੋਟੀਫਿਕੇਸ਼ਨ ਜ਼ਾਰੀ ਹੋ ਗਿਆ ਸੀ ਪਰ ਅੱਜ ਤੱਕ ਦਫ਼ਤਰੀ ਕੱਚੇ ਮੁਲਾਜ਼ਮਾਂ ਨੂੰ ਰੈਗੂਲਰ ਦੇ ਆਰਡਰ ਨਹੀ ਮਿਲੇ
ਜਾਣਕਾਰੀ ਦਿੰਦੇ ਹੋਏ ਮੁਲਾਜ਼ਮ ਆਗੂ ਮਲਕੀਤ ਸਿੰਘ, ਮੁਨੀਸ਼ ਗੁਪਤਾ, ਅਸ਼ਵਨੀ ਕੁਮਾਰ, ਸੁਮਿਤ ਰਾਜ, ਲਲਿਤਾ, ਨੀਰੂ ਨੇ ਕਿਹਾ ਕਿ ਸਿੱਖਿਆ ਵਿਭਾਗ ਦੇ ਦਫ਼ਤਰੀ ਮੁਲਾਜ਼ਮਾਂ ਦੀ ਲੰਬੇ ਸਮੇਂ ਤੋਂ ਤਨਖਾਹ ਅਨਾਮਲੀ ਚੱਲ ਰਹੀ ਹੈ ਇਕ ਹੀ ਦਫ਼ਤਰ ਵਿੱਚ ਇਕ ਹੀ ਕਾਡਰ ਦੇ ਮੁਲਾਜ਼ਮ ਨੂੰ ਵੱਖਰੀ ਵੱਖਰੀ ਤਨਖਾਹ ਮਿਲ ਰਹੀ ਹੈ, ਜਿਸ ਸਬੰਧੀ ਸਮੇਂ ਸਮੇਂ ਤੇ ਸਰਕਾਰ ਨਾਲ ਮੀਟਿੰਗਾਂ ਹੋਈਆ ਹਨ। ਉਨ੍ਹਾਂ ਦੱਸਿਆ ਕਿ 15 ਜੂਨ 2022 ਨੂੰ ਸਿਵਲ ਸਕੱਤਰੇਤ ਚੰਡੀਗੜ੍ਹ ਵਿਖੇ ਵਿਭਾਗੀ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨਾਲ ਮੀਟਿੰਗ ਹੋਈ ਜਿਸ ਵਿੱਚ ਉਨ੍ਹਾਂ ਵੱਲੋਂ ਤਨਖਾਹ ਅਨਾਮਲੀ ਨੂੰ ਦੂਰ ਕਰਕੇ ਤੁਰੰਤ ਤਨਖਾਹਾਂ ਦਾ ਫੰਡ ਜ਼ਾਰੀ ਕਰਨ ਦੇ ਆਦੇਸ਼ ਦਿੱਤੇ ਪਰ ਸਿੱਖਿਆ ਮੰਤਰੀ ਦੇ ਆਦੇਸ਼ ਹਵਾ ਹਵਾਈ ਹੋ ਗਏ। ਇਸ ਉਪਰੰਤ ਨਵੇਂ ਬਣੇ ਸਿੱਖਿਆ ਮੰਤਰੀ ਹਰਜੋਤ ਬੈਂਸ ਨਾਲ ਸਮੇਂ ਸਮੇਂ ਤੇ ਵੱਖ ਵੱਖ ਮੀਟਿੰਗ ਹੋਈਆ ਜਿਸ ਵਿਚ ਉਨ੍ਹਾਂ ਵੱਲੋਂ ਦਫ਼ਤਰੀ ਮੁਲਾਜ਼ਮਾਂ ਦੀ ਤਨਖਾਹ ਅਨਾਮਲੀ ਸਬੰਧੀ ਸਹਿਮਤੀ ਦਿੱਤੀ ਪਰ ਨਵੀਂ ਸਰਕਾਰ ਦੇ 10 ਮਹੀਨਿਆਂ ਦੌਰਾਨ ਮੁਲਾਜ਼ਮਾਂ ਦੀ ਤਨਖਾਹ ਅਨਾਮਲੀ ਹੀ ਦੂਰ ਨਹੀ ਹੋ ਰਹੀ ਜਿਸ ਕਰਕੇ ਮੁਲਾਜ਼ਮ ਵਰਗ ਚ ਨਿਰਾਸ਼ਾ ਪਾਈ ਜਾ ਰਹੀ ਹੈ। ਆਗੂ ਨੇ ਦੱਸਿਆ ਕਿ ਇਕ ਹੀ ਦਫ਼ਤਰ ਵਿੱਚ ਇਕ ਕਾਡਰ ਦੇ ਕੰਮ ਕਰ ਰਹੇ 2 ਮੁਲਾਜ਼ਮਾਂ ਦੀ ਤਨਖਾਹ ਦਾ ਪਾੜਾ 5000 ਰੁਪਏ ਪ੍ਰਤੀ ਮਹੀਨਾ ਹੈ। ਆਗੂਆਂ ਨੇ ਐਲਾਨ ਕੀਤਾ ਕਿ 26 ਜਨਵਰੀ ਨੂੰ ਸਮੂਹ ਜ਼ਿਲ਼੍ਹਿਆ ਵਿੱਚ ਦਫ਼ਤਰੀ ਮੁਲਾਜ਼ਮ ਕੈਬਿਨਟ ਮੰਤਰੀ ਨੂੰ ਵਾਅਦਾ ਯਾਦ ਕਰਵਾਉਣ ਲਈ ਯਾਦ ਪੱਤਰ ਦੇਣਗੇ