ਦੁਕਾਨਦਾਰਾਂ ਵੱਲੋਂ ਸੜਕਾਂ ’ਤੇ ਰੱਖੇ ਸਮਾਨ ਨੂੰ ਨਗਰ ਕੌਂਸਲ ਨੇ ਜਬਤ ਕੀਤਾ
ਗੁਰਦਾਸਪੁਰ, 18 ਜਨਵਰੀ (ਸਰਬਜੀਤ ਸਿੰਘ) – ਡਿਪਟੀ ਕਮਿਸ਼ਨਰ ਗੁਰਦਾਸਪੁਰ ਡਾ. ਹਿਮਾਂਸ਼ੂ ਅਗਰਵਾਲ ਵੱਲੋਂ ਬਜ਼ਾਰਾਂ ਵਿਚ ਸੜਕ ਕਿਨਾਰੇ ਹੋਏ ਨਜ਼ਾਇਜ ਕਬਜ਼ਿਆਂ ਨੂੰ ਹਟਾਉਣ ਦੇ ਦਿੱਤੇ ਨਿਰਦੇਸ਼ਾਂ ਤਹਿਤ ਨਗਰ ਕੌਂਸਲ ਵੱਲੋਂ ਅੱਜ ਗੁਰਦਾਸਪੁਰ ਸ਼ਹਿਰ ਵਿੱਚ ਦੁਕਾਨਦਾਰਾਂ ਵੱਲੋਂ ਸੜਕਾਂ ’ਤੇ ਸਮਾਨ ਰੱਖ ਕੇ ਕੀਤੇ ਨਜ਼ਾਇਜ ਕਬਜ਼ਿਆਂ ਨੂੰ ਹਟਾਉਣ ਲਈ ਵਿਸ਼ੇਸ਼ ਮੁਹਿੰਮ ਚਲਾਈ ਗਈ। ਈ.ਓ. ਨਗਰ ਕੌਂਸਲ ਸ੍ਰੀ ਜਤਿੰਦਰ ਮੋਹਨ ਦੀ ਅਗਵਾਈ ਹੇਠ ਨਗਰ ਕੌਂਸਲ ਅਤੇ ਪੁਲਿਸ ਵਿਭਾਗ ਦੀ ਸਾਂਝੀ ਟੀਮ ਵੱਲੋਂ ਕਾਰਵਾਈ ਕੀਤੀ ਗਈ। ਸਾਂਝੀ ਐਕਸ਼ਨ ਟੀਮ ਵੱਲੋਂ ਗੁਰਦਾਸਪੁਰ ਸ਼ਹਿਰ ਦੇ ਅੰਦਰੂਨੀ ਬਜ਼ਾਰ, ਬਾਟਾ ਚੌਂਕ ਤੋਂ ਹਨੂਮਾਨ ਚੌਂਕ ਤੱਕ ਬਜ਼ਾਰ ਵਿੱਚ ਦੁਕਾਨਦਾਰਾਂ ਵੱਲੋਂ ਸੜਕ ਕਿਨਾਰੇ ਰੱਖੇ ਸਮਾਨ ਨੂੰ ਹਟਾਇਆ ਗਿਆ। ਇਸਦੇ ਨਾਲ ਹੀ ਨਗਰ ਕੌਂਸਲ ਦੀ ਟੀਮ ਨੇ ਦੁਕਾਨਦਾਰਾਂ ਵੱਲੋਂ ਸੜਕ ’ਤੇ ਰੱਖੇ ਸਮਾਨ ਨੂੰ ਵੀ ਜਬਤ ਕੀਤਾ ਗਿਆ।
ਨਗਰ ਕੌਂਸਲ ਗੁਰਦਾਸਪੁਰ ਦੇ ਈ.ਓ. ਸ੍ਰੀ ਜਤਿੰਦਰ ਮਹਾਜਨ ਨੇ ਸਮੂਹ ਦੁਕਾਨਦਾਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਰਾਹਗੀਰਾਂ ਦੀ ਸਹੂਲਤ ਤੇ ਸੁਰੱਖਿਆ ਨੂੰ ਮੁੱਖ ਰੱਖਦੇ ਹੋਏ ਤੁਰੰਤ ਆਪਣੇ ਸਮਾਨ ਨੂੰ ਸੜਕ ਕਿਨਾਰਿਓਂ ਚੁੱਕ ਲੈਣ। ਉਨਾਂ ਕਿਹਾ ਕਿ ਜੇਕਰ ਕਿਸੇ ਵਿਅਕਤੀ ਜਾਂ ਦੁਕਾਨਦਾਰ ਵੱਲੋਂ ਸੜਕ ਉੱਪਰ ਨਜਾਇਜ ਕਬਜ਼ਾ ਕੀਤਾ ਗਿਆ ਤਾਂ ਉਸ ਖਿਲਾਫ ਧਾਰਾ 133 ਅਧੀਨ ਕਾਨੂੰਨੀ ਕਾਰਵਾਈ ਕਰਨ ਦੇ ਨਾਲ ਉਸਦਾ ਸਮਾਨ ਵੀ ਜਬਤ ਕੀਤਾ ਜਾਵੇਗਾ। ਸ੍ਰੀ ਮਹਾਜਨ ਨੇ ਕਿਹਾ ਕਿ ਨਗਰ ਕੌਂਸਲ ਗੁਰਦਾਸਪੁਰ ਵੱਲੋਂ ਨਜ਼ਾਇਜ ਕਬਜ਼ੇ ਹਟਾਉਣ ਦੀ ਇਹ ਮੁਹਿੰਮ ਅਗਲੇ ਦਿਨਾਂ ਵਿੱਚ ਵੀ ਜਾਰੀ ਰਹੇਗੀ।