ਗੁਰਦਾਸਪੁਰ, 10 ਜਨਵਰੀ (ਸਰਬਜੀਤ ਸਿੰਘ)—ਪਿਛਲੇ ਦਿਨਾਂ ਤੋਂ ਪੈ ਰਹੀ ਕੜਾਕੇ ਦੀ ਠੰਢ ਅਤੇ ਸੰਘਣੀ ਧੁੰਦ ਦੀ ਆੜ ਹੇਠ ਪਾਕਿਸਤਾਨੀ ਤਸਕਰਾਂ ਵੱਲੋਂ ਡਰੋਨ ਭਾਰਤੀ ਖੇਤਰ ਵੱਲ ਭੇਜੇ ਜਾ ਰਹੇ ਹਨ ਇਸ ਲੜੀ ਤਹਿਤ ਐਤਵਾਰ ਦੀ ਰਾਤ ਬੀਐਸਐਫ ਦੇ ਸੈਕਟਰ ਗੁਰਦਾਸਪੁਰ ਅਧੀਨ ਆਉਂਦੀ ਬੀ ਐਸ ਐਫ ਦੀ 58 ਬਟਾਲੀਅਨ ਦੇ ਜਵਾਨਾਂ ਵੱਲੋਂ ਭਾਰਤੀ ਖੇਤਰ ਵਿੱਚ ਦਾਖ਼ਲ ਹੋਏ ਪਾਕਿਸਤਾਨੀ ਡਰੋਨ ਤੇ ਬੀਐਸਐਫ ਦੀ ਬੀਓਪੀ ਆਂਧੀਆਂ ਤੇ ਤਾਇਨਾਤ ਜਵਾਨਾਂ ਵਲੋਂ ਫਾਇਰਿੰਗ ਤੇ ਰੋਸ਼ਨੀ ਵਾਲੇ ਬੰਬ ਦਾਗ ਕੇ ਪਾਕਿਸਤਾਨੀ ਡਰੋਨ ਨੂੰ ਵਾਪਸ ਪਾਕਿਸਤਾਨ ਵਾਲੇ ਪਾਸੇ ਭੇਜਣ ਵਿੱਚ ਸਫਲਤਾ ਹਾਸਲ ਕੀਤੀ। ਇਸ ਉਪਰੰਤ ਬੀ ਐਸ ਐਫ ਤੇ ਪੁਲਿਸ ਵੱਲੋਂ ਸਬੰਧਤ ਖੇਤਰ ਅਧੀਨ ਆਉਂਦੇ 22 ਪਿੰਡਾਂ ਵਿੱਚ ਸਰਚ ਅਭਿਆਨ ਚਲਾਇਆ ਗਿਆ ਹੈ ਪ੍ਰੰਤੂ ਕੋਈ ਵੀ ਗੈਰ ਵਸਤੂ ਬਰਾਮਦ ਨਹੀਂ ਹੋ ਸਕੀ। ਜਾਣਕਾਰੀ ਅਨੁਸਾਰ ਐਤਵਾਰ ਦੀ ਰਾਤ ਬੀ ਐਸ ਐਫ ਦੇ ਸੈਕਟਰ ਗੁਰਦਾਸਪੁਰ ਦੀ 58 ਬਟਾਲੀਅਨ ਦੀ ਬੀਓਪੀ ਆਂਧੀਆਂ ਤੇ ਤੈਨਾਤ ਜਵਾਨਾਂ ਵੱਲੋਂ ਭਾਰਤੀ ਖੇਤਰ ਵਿੱਚ ਦੋ ਵਾਰ ਪ੍ਰਵੇਸ਼ ਕਰ ਰਹੇ ਪਾਕਿਸਤਾਨੀ ਡ੍ਰੋਨ ਤੇ 74 ਫਾਇਰ ਤੇ ਰੋਸ਼ਨੀ ਛੱਡਣ ਵਾਲੇ 2 ਈਲੂ ਬੰਬ ਦਾਗੇ ਗਏ । ਇਸ ਸਬੰਧੀ ਬੀਐਸਐਫ ਦੇ ਅਧਿਕਾਰੀਆਂ ਨੇ ਦੱਸਿਆ ਕਿ ਸਬੰਧਤ ਏਰੀਏ ਵਿਚ ਸਰਚ ਅਭਿਆਨ ਦੌਰਾਨ ਵੱਖ-ਵੱਖ ਟੀਮਾਂ ਬਣਾ ਕੇ ਖੇਤਾਂ ਅਤੇ ਵੱਖ ਵੱਖ ਪਿੰਡਾਂ ਦੀ ਚੈਕਿੰਗ ਕੀਤੀ ਗਈ ਪ੍ਰੰਤੂ ਕੁਝ ਵੀ ਬਰਾਮਦ ਨਹੀਂ ਹੋਇਆ। ਦੱਸਣਯੋਗ ਹੈ ਕਿ ਪਿਛਲੇ ਸਮੇਂ ਦੌਰਾਨ ਪਾਕਿਸਤਾਨ ਬੈਠੇ ਕੇ ਤਸਕਰਾਂ ਵੱਲੋਂ 65 ਦੇ ਕਰੀਬ ਵਾਰ ਡਰੋਨ ਭਾਰਤੀ ਖੇਤਰ ਵੱਲ ਭੇਜੇ ਗਏ ਹਨ ਜਦ ਕੇ ਬੀ ਐਸ ਐਫ ਜਵਾਨਾ ਵੱਲੋ ਚੌਕਸੀ ਵਰਤਦਿਆਂ ਹੋਇਆਂ ਦੋ ਡਰੋਨ ਡੇਗਣ ਵਿਚ ਸਫ਼ਲਤਾ ਹਾਸਲ ਕੀਤੀ ਹੈ ਜਦ ਕਿ ਕਈ ਵਾਰ ਡਰੋਨ ਨੂੰ ਭਾਰਤੀ ਖੇਤਰ ਵਿੱਚ ਪ੍ਰਵੇਸ਼ ਕਰਨ ਤੋਂ ਰੋਕਣ ਵਿਚ ਸਫ਼ਲਤਾ ਹਾਸਲ ਕੀਤੀ ਹੈ।