ਡਿਪਟੀ ਕਮਿਸ਼ਨਰ ਨੂੰ ਮਕਰ ਸਕਰਾਂਤੀ ਦੇ ਹਵਨ ਯੱਗ ਵਿਚ ਸ਼ਾਮਲ ਹੋਣ ਦਾ ਦਿੱਤਾ ਸੱਦਾ
ਗੁਰਦਾਸਪੁਰ, 9 ਜਨਵਰੀ (ਸਰਬਜੀਤ ਸਿੰਘ)– 15 ਜਨਵਰੀ ਸਵੇਰੇ 8.00 ਵਜੇ ਕ੍ਰਿਸ਼ਨਾ ਮੰਦਿਰ ਮੰਡੀ ਗੁਰਦਾਸਪੁਰ ਵਿਖੇ ਸਨਾਤਨ ਚੇਤਨਾ ਮੰਚ ਵੱਲੋਂ ਮਕਰ ਸੰਕ੍ਰਾਂਤੀ ਦੇ ਮੌਕੇ ‘ਤੇ ਕਰਵਾਏ ਜਾਣ ਵਾਲੇ ਹਵਨ ਯੱਗ ਦੀਆਂ ਤਿਆਰੀਆਂ ਜ਼ੋਰ-ਸ਼ੋਰ ਨਾਲ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਇਸ ਕੜੀ ਵਿਚ ਦੇ ਅਹੁਦੇਦਾਰਾਂ ਵੱਲੋਂ ਡਿਪਟੀ ਕਮਿਸ਼ਨਰ ਹਿਮਾਂਸ਼ੂ ਅਗਰਵਾਲ ਨੂੰ ਹਵਨ ਯੱਗ ਦੇ ਇਸ ਪ੍ਰੋਗਰਾਮ ਵਿਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ।
ਵਿਕਾਸ ਮਹਾਜਨ, ਅਨੂੰ ਗੰਡੋਤਰਾ ਅਤੇ ਸਨਾਤਨ ਚੇਤਨਾ ਮੰਚ ਦੇ ਕਾਰਜਕਾਰੀ ਪ੍ਰਧਾਨ ਵਿਸ਼ਾਲ ਮਹਾਜਨ ਨੇ ਸਾਂਝੇ ਤੌਰ ਤੇ ਦੱਸਿਆ ਕਿ ਚੇਤਨਾ ਮੰਚ ਦਾ ਉਦੇਸ਼ ਵੱਧ ਤੋਂ ਵੱਧ ਲੋਕਾਂ ਨੂੰ ਆਪਣੇ ਸੱਭਿਆਚਾਰ ਨਾਲ ਜੋੜਨਾ ਅਤੇ ਖਾਸ ਕਰਕੇ ਬੱਚਿਆਂ ਨੂੰ ਆਪਣੇ ਸੱਭਿਆਚਾਰ ਤੋਂ ਜਾਣੂ ਕਰਵਾਉਣਾ ਹੈ। ਇਸ ਲਈ ਮੰਚ ਵੱਲੋਂ ਲਗਾਤਾਰ ਭਾਰਤ ਵਿੱਚ ਮਨਾਏ ਜਾਣ ਵਾਲੇ ਵੱਖ-ਵੱਖ ਤਿਉਹਾਰਾਂ ਤੇ ਸੰਸਕ੍ਰਿਤੀ ,ਸੱਭਿਆਚਾਰ ਅਤੇ ਤਿਉਹਾਰਾਂ ਦੀ ਮਹੱਤਾ ਨੂੰ ਉਜਾਗਰ ਕਰਨ ਵਾਲੇ ਧਾਰਮਿਕ ਆਯੋਜਨਾਂ ਕੀਤੇ ਜਾ ਰਹੇ ਹਨ।
ਭਰਤ ਗਾਬਾ ਅਤੇ ਸੰਸਥਾ ਦੇ ਕਾਰਜਕਾਰੀ ਕੈਸ਼ੀਅਰ ਵਿਨੇ ਮਹਾਜਨ ਨੇ ਦੱਸਿਆ ਕਿ ਇਸ ਵਾਰ ਸਾਡੇ ਸਨਾਤਨ ਧਰਮ ਵਿੱਚ ਇੱਕ ਬਹੁਤ ਵੱਡੀ ਸਮੱਸਿਆ ਆ ਗਈ ਹੈ ਕਿ ਮਕਰ ਸੰਕ੍ਰਾਂਤੀ ਦਾ ਤਿਉਹਾਰ 14 ਜਨਵਰੀ ਨੂੰ ਮਨਾਇਆ ਜਾਵੇ ਜਾਂ 15 ਜਨਵਰੀ ਨੂੰ? ਕਈ ਸਾਲਾਂ ਤੋਂ ਮਕਰ ਸੰਕ੍ਰਾਂਤੀ 14 ਜਨਵਰੀ ਨੂੰ ਹੀ ਮਨਾਈ ਜਾਂਦੀ ਹੈ। ਸਨਾਤਨ ਧਰਮ ਦੇ ਵਿਦਵਾਨਾਂ ਦੇ ਵਿਚਾਰ ਅਨੁਸਾਰ, ਮਕਰ ਸੰਕ੍ਰਾਂਤੀ ਸੂਰਜ ਦੇ ਆਪਣੀ ਰਾਸ਼ੀ ਬਦਲਣ ਅਤੇ ਉੱਤਰਾਯਣ ਵਿੱਚ ਮਕਰ ਰਾਸ਼ੀ ਵਿੱਚ ਪ੍ਰਵੇਸ਼ ਕਰਨ ਦਾ ਤਿਉਹਾਰ ਹੈ ਅਤੇ ਇਸ ਵਾਰ 14 ਜਨਵਰੀ ਨੂੰ ਰਾਤ 8:45 ਵਜੇ, ਸੂਰਜ ਧਨੁ ਰਾਸ਼ੀ ਤੋਂ ਬਾਹਰ ਨਿਕਲ ਕੇ ਮਕਰ ਰਾਸ਼ੀ ਵਿੱਚ ਪ੍ਰਵੇਸ਼ ਕਰੇਗਾ। ਰਾਸ਼ੀ ਪਰਿਵਰਤਨ ਦਾ ਸ਼ੁਭ ਸਮਾਂ 15 ਜਨਵਰੀ ਦੀ ਸਵੇਰ ਨੂੰ ਹੀ ਹੋਵੇਗਾ, ਇਸ ਲਈ ਸਨਾਤਨ ਚੇਤਨਾ ਮੰਚ ਵੱਲੋਂ ਮਕਰ ਸੰਕ੍ਰਾਂਤੀ ਦਾ ਤਿਉਹਾਰ 15 ਜਨਵਰੀ ਨੂੰ ਸਵੇਰੇ 8:00 ਵਜੇ ਕ੍ਰਿਸ਼ਨਾ ਮੰਦਰ ਮੰਡੀ ਵਿਖੇ ਹਵਨ ਕਰਕੇ ਮਨਾਇਆ ਜਾਵੇਗਾ। ਉਨ੍ਹਾਂ ਸਮੂਹ ਨਗਰ ਨਿਵਾਸੀਆਂ ਨੂੰ ਬੇਨਤੀ ਕੀਤੀ ਹੈ ਕਿ ਉਹ ਆਪਣੇ ਪਰਿਵਾਰਾਂ ਖ਼ਾਸਕਰ ਬੱਚਿਆਂ ਨੂੰ ਨਾਲ ਲੈ ਕੇ ਹਵਨ ਯੱਗ ਵਿੱਚ ਸ਼ਿਰਕਤ ਕਰਕੇ ਆਪਣੇ ਪਰਿਵਾਰ ਨੂੰ ਆਪਣੇ ਵਿਰਸੇ ਅਤੇ ਸੱਭਿਆਚਾਰ ਨਾਲ ਸਹਿਯੋਗੀ ਬਣਨ।
ਇਸ ਮੌਕੇ ਓਮ ਪ੍ਰਕਾਸ਼ ਸ਼ਰਮਾਂ , ਜੁਗਲ ਕਿਸ਼ੋਰ ਮਹਾਜਨ, ਅਨਮੋਲ ਸ਼ਰਮਾ, ਨਿਤਿਨ ਸ਼ਰਮਾ, ਅਤੁਲ ਮਹਾਜਨ ਅਤੇ ਤ੍ਰਿਭੁਵਨ ਮਹਾਜਨ ਆਦਿ ਵੀ ਹਾਜਰ ਸਨ।