ਪ੍ਰਵਾਸੀ ਭਾਰਤੀਆਂ ਨੂੰ ਐਨ.ਆਰ.ਆਈ ਮਿਲਣੀ ਵਿਚ ਭਾਗ ਲੈਣ ਦਾ ਸੱਦਾ ਦਿੱਤਾ
ਗੁਰਦਾਸਪੁਰ, 28 ਦਸੰਬਰ (ਸਰਬਜੀਤ ਸਿੰਘ) – ਪੰਜਾਬ ਸਰਕਾਰ ਦੇ ਪ੍ਰਵਾਸੀ ਭਾਰਤੀ ਮਾਮਲਿਆਂ ਬਾਰੇ ਵਿਭਾਗ ਦੇ ਮੰਤਰੀ ਸ: ਕੁਲਦੀਪ ਸਿੰਘ ਧਾਲੀਵਾਲ ਵੱਲੋਂ 30 ਦਸੰਬਰ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਿਖੇ ਪ੍ਰਵਾਸੀ ਭਾਰਤੀਆਂ ਨਾਲ ਮਿਲਣੀ ਕੀਤੀ ਜਾਣੀ ਹੈ। ਇਸ ਮਿਲਣੀ ਲਈ ਸੂਬਾ ਸਰਕਾਰ ਵੱਲੋਂ ਮਾਝੇ ਦੇ ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ ਅਤੇ ਪਠਾਨਕੋਟ ਜਿਲ੍ਹਿਆਂ ਨਾਲ ਸਬੰਧਤ ਪ੍ਰਵਾਸੀ ਭਾਰਤੀਆਂ ਨੂੰ ਸੱਦਾ ਦਿੱਤਾ ਗਿਆ ਹੈ।
30 ਦਸੰਬਰ ਨੂੰ ਅੰਮ੍ਰਿਤਸਰ ਵਿਖੇ ਹੋਣ ਜਾ ਰਹੀ ਪ੍ਰਵਾਸੀ ਭਾਰਤੀ ਮਿਲਣੀ ਸਬੰਧੀ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਗੁਰਦਾਸਪੁਰ ਡਾ. ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਜ਼ਿਲ੍ਹਾ ਗੁਰਦਾਸਪੁਰ ਨਾਲ ਸਬੰਧਤ ਜ਼ੇਕਰ ਕਿਸੇ ਵੀ ਐਨ.ਆਰ.ਆਈ ਨੂੰ ਕੋਈ ਸਿਕਾਇਤ ਹੋਵੇ ਜਾਂ ਉਹ ਕੋਈ ਹੋਰ ਮਸਲਾ ਇਸ ਮਿਲਣੀ ਵਿਚ ਰੱਖਣਾ ਚਾਹੁੰਦਾ ਹੋਵੇ ਤਾਂ ਉਹ 30 ਦਸੰਬਰ ਨੂੰ ਯੂਨੀਵਰਸਿਟੀ ਵਿਖੇ ਹੋਣ ਵਾਲੀ ਐਨ.ਆਰ.ਆਈ ਮਿਲਣੀ ਵਿਚ ਹਾਜ਼ਰ ਹੋ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਉਕਤ ਮਿਲਣੀ ਵਿਚ ਕੇਵਲ ਐਨ.ਆਰ.ਆਈ ਲੋਕਾਂ ਦੀਆਂ ਸਿਕਾਇਤਾਂ ਅਤੇ ਮਸਲੇ ਹੀ ਸੁਣੇ ਜਾਣਗੇ ਇਸ ਲਈ ਐਨ.ਆਰ.ਆਈ ਮਿਲਣੀ ਲਈ ਆਉਣ ਸਮੇਂ ਆਪਣਾ ਐਨ.ਆਰ.ਆਈ ਹੋਣ ਦਾ ਸਬੂਤ ਨਾਲ ਲੈ ਕੇ ਜਰੂਰ ਆਇਆ ਜਾਵੇ। ਉਨ੍ਹਾਂ ਕਿਹਾ ਕਿ ਇਸ ਮੌਕੇ ਉਕਤ ਜਿਲ੍ਹਿਆਂ ਦੇ ਸਬੰਧਤ ਅਧਿਕਾਰੀ ਵੀ ਐੱਨ.ਆਰ.ਆਈ. ਮਿਲਣੀ ਮੌਕੇ ਹਾਜ਼ਰ ਰਹਿਣਗੇ।
ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਕਿਹਾ ਕਿ ਜਿਹੜੇ ਐਨ.ਆਰ.ਆਈ ਉਕਤ ਮਿਲਣੀ ਵਿਚ ਜਾਣਾ ਚਾਹੁੰਦੇ ਹਨ ਉਹ ਆਪਣੀ ਆਨਲਾਈਨ ਰਜਿਸਟ੍ਰੇਸ਼ਨ ਪੋਰਟਲ https://eservices.punjab.gov.in/ `ਤੇ ਕਰਵਾ ਸਕਦੇ ਹਨ। ਇਸ ਤੋਂ ਇਲਾਵਾ ਉਸ ਦਿਨ ਮੌਕੇ `ਤੇ ਵੀ ਰਜਿਸਟਰੇਸ਼ਨ ਦੀ ਸੁਵਿਧਾ ਉਪਲੱਬਧ ਹੋਵੇਗੀ। ਇਸ ਤੋਂ ਇਲਾਵਾ ਜ਼ਿਲ੍ਹਾ ਗੁਰਦਾਸਪੁਰ ਨਾਲ ਸਬੰਧਤ ਪ੍ਰਵਾਸੀ ਭਾਰਤੀ ਐੱਨ.ਆਰ.ਆਈ. ਮਿਲਣੀ ਸਬੰਧੀ ਕੋਈ ਵੀ ਜਾਣਕਾਰੀ ਲੈਣ ਲਈ ਜ਼ਿਲ੍ਹਾ ਮਾਲ ਅਫ਼ਸਰ ਗੁਰਦਾਸਪੁਰ ਸ੍ਰੀ ਗੁਰਮੀਤ ਸਿੰਘ ਨਾਲ ਉਨ੍ਹਾਂ ਦੇ ਮੋਬਾਇਲ ਨੰਬਰ 98729-48650 `ਤੇ ਰਾਬਤਾ ਕਰ ਸਕਦੇ ਹਨ।