ਜ਼ਿਲ੍ਹੇ ਵਿੱਚ ਸਿੰਥੈਟਿਕ/ਪਲਾਸਿਟਕ ਡੋਰ ਦੀ ਵਿਕਰੀ ਤੇ ਵਰਤੋਂ ਨੂੰ ਰੋਕਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਆਪਣੀ ਪੂਰੀ ਵਾਹ ਲਗਾਈ ਜਾਵੇਗੀ – ਡਿਪਟੀ ਕਮਿਸ਼ਨਰ
ਸਿੰਥੈਟਿਕ ਡੋਰ ਦੀ ਵਿਕਰੀ ਕਰਨ ਵਾਲੇ ਵਿਅਕਤੀਆਂ/ਦੁਕਾਨਦਾਰਾਂ ਦੀ ਸੂਚਨਾ ਪ੍ਰਸ਼ਾਸਨ ਨੂੰ ਦਿੱਤੀ ਜਾਵੇ
ਗੁਰਦਾਸਪੁਰ, 25 ਦਸੰਬਰ (ਸਰਬਜੀਤ ਸਿੰਘ) – ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਿਵਲ ਤੇ ਪੁਲਿਸ ਵਿਭਾਗ ਦੀਆਂ ਸਾਂਝੀ ਟੀਮਾਂ ਵੱਲੋਂ ਜ਼ਿਲ੍ਹੇ ਵਿੱਚ ਪਾਬੰਦੀਸ਼ੁਦਾ ਸੰਥੈਟਿਕ/ਪਲਾਸਟਿਕ ਡੋਰ ਦੀ ਰੋਕਥਾਮ ਲਈ ਦੁਕਾਨਾਂ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਹੈ। ਅੱਜ ਜ਼ਿਲ੍ਹੇ ਦੇ ਵੱਖ-ਵੱਖ ਅਧਿਕਾਰੀਆਂ ਵੱਲੋਂ ਬਟਾਲਾ, ਗੁਰਦਾਸਪੁਰ, ਧਾਰੀਵਾਲ, ਨੌਸ਼ਹਿਰਾ ਮੱਝਾ ਸਿੰਘ ਅਤੇ ਫ਼ਤਹਿਗੜ੍ਹ ਚੂੜੀਆਂ ਵਿਖੇ ਪਤੰਗਾਂ/ਡੋਰ ਵੇਚਣ ਵਾਲੀਆਂ ਦੁਕਾਨਾਂ ਦੀ ਵਿਸ਼ੇਸ਼ ਚੈਕਿੰਗ ਕੀਤੀ ਗਈ।
ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਪਲਾਸਟਿਕ ਡੋਰ ਦੀ ਵਿਕਰੀ ਤੇ ਵਰਤੋਂ ਨੂੰ ਰੋਕਣ ਲਈ ਬਣਾਈਆਂ ਨਿਗਰਾਨ ਟੀਮਾਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਰੋਜ਼ਾਨਾਂ ਦੁਕਾਨਾਂ ਅਤੇ ਸਟੋਰਾਂ ਦੀ ਚੈਕਿੰਗ ਕਰਕੇ ਬਰਾਮਦ ਹੋਈ ਸਿੰਥੈਟਿਕ ਡੋਰ ਦੀ ਰੀਪੋਰਟ ਉਨ੍ਹਾਂ ਨੂੰ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਹੋ ਸਕਦਾ ਕੁਝ ਦੁਕਾਨਦਾਰਾਂ ਨੇ ਪਾਬੰਦੀਸ਼ੁਦਾ ਡੋਰ ਆਪਣੇ ਘਰਾਂ ਜਾ ਹੋਰ ਕਿਤੇ ਹੋਰ ਸਟੋਰ ਕੀਤੀ ਹੋਵੇ ਇਸ ਲਈ ਉਸਦਾ ਵੀ ਪਤਾ ਲਗਾਇਆ ਜਾਵੇ। ਬੱਚਿਆਂ ਕੋਲੋਂ ਮਿਲ ਰਹੀ ਡੋਰ ਬਾਰੇ ਜਾਣਕਾਰੀ ਹਾਸਲ ਕੀਤੀ ਜਾਵੇ ਅਤੇ ਬਜ਼ਾਰਾਂ ਵਿੱਚ ਆਉਂਦੇ-ਜਾਂਦੇ ਵਾਹਨਾਂ ਦੀ ਤਲਾਸ਼ੀ ਲਈ ਜਾਵੇ। ਉਨ੍ਹਾਂ ਕਿਹਾ ਕਿ ਸਿੰਥੈਟਿਕ ਡੋਰ ਦੀ ਵਰਤੋਂ ਨੂੰ ਰੋਕਣ ਲਈ ਸਮਾਜ ਸੇਵੀ ਸੰਸਥਾਵਾਂ ਅਤੇ ਮੋਹਤਬਰ ਵਿਅਕਤੀਆਂ ਦਾ ਸਾਥ ਵੀ ਲਿਆ ਜਾਵੇ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਵਾਰ ਜ਼ਿਲ੍ਹੇ ਵਿੱਚ ਸਿੰਥੈਟਿਕ ਡੋਰ ਦੀ ਵਿਕਰੀ ਤੇ ਵਰਤੋਂ ਨੂੰ ਰੋਕਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਆਪਣੀ ਪੂਰੀ ਵਾਹ ਲਗਾਈ ਜਾਵੇਗੀ ਅਤੇ ਇਸ ਵਿੱਚ ਜ਼ਿਲ੍ਹਾ ਵਾਸੀਆਂ ਦਾ ਸਹਿਯੋਗ ਵੀ ਲਿਆ ਜਾਵੇਗਾ।
ਡਿਪਟੀ ਕਮਿਸ਼ਨਰ ਨੇ ਸਮੂਹ ਸਕੂਲਾਂ ਦੇ ਅਧਿਆਪਕਾਂ ਨੂੰ ਹਦਾਇਤ ਕੀਤੀ ਹੈ ਕਿ ਉਹ ਵੀ ਬੱਚਿਆਂ ਨੂੰ ਸਿੰਥੈਟਿਕ ਡੋਰ ਦੀ ਥਾਂ ਧਾਗੇ ਵਾਲੀ ਡੋਰ ਨਾਲ ਪਤੰਗਾਂ ਉਡਾਉਣ ਲਈ ਪ੍ਰੇਰਿਤ ਕਰਨ। ਬੱਚਿਆਂ ਦੀ ਡਾਇਰੀ ਵਿੱਚ ਸਿੰਥੈਟਿਕ ਡੋਰ ਦੀ ਵਰਤੋਂ ਨਾ ਕਰਨ ਸਬੰਧੀ ਲਿਖ ਕੇ ਭੇਜਿਆ ਜਾਵੇ।
ਡਿਪਟੀ ਕਮਿਸ਼ਨਰ ਨੇ ਸਮੂਹ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਸਿੰਥੈਟਿਕ ਡੋਰ ਦੀ ਵਿਕਰੀ ਤੇ ਵਰਤੋਂ ਨੂੰ ਰੋਕਣ ਲਈ ਪ੍ਰਸ਼ਾਸਨ ਦਾ ਸਾਥ ਦੇਣ ਅਤੇ ਜੇਕਰ ਉਨ੍ਹਾਂ ਦੇ ਗਲੀ-ਮੁਹੱਲੇ ਕੋਈ ਵੀ ਵਿਅਕਤੀ ਪਾਬੰਦੀਸ਼ੁਦਾ ਡੋਰ ਦੀ ਵਿਕਰੀ ਕਰਦਾ ਹੈ ਤਾਂ ਉਸਦੀ ਸੂਚਨਾ ਪ੍ਰਸ਼ਾਸਨ ਨੂੰ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਸਿੰਥੈਟਿਕ ਡੋਰ ਨੂੰ ਵੇਚਣ ਅਤੇ ਸਟੋਰ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਇਸਦੇ ਨਾਲ ਹੀ ਮਾਪੇ ਆਪਣੇ ਬੱਚਿਆਂ ਨੂੰ ਪਤੰਗਾਂ ਉਡਾਉਣ ਲਈ ਸਿੰਥੈਟਿਕ ਡੋਰ ਦੀ ਵਰਤੋਂ ਬਿਲਕੁਲ ਨਾ ਕਰਨ ਦੇਣ।
—-
ਫੋਟੋ ਕੈਪਸ਼ਨ – ਨਾਇਬ ਤਹਿਸੀਲਦਾਰ ਇੰਦਰਜੀਤ ਕੌਰ ਪੁਲਿਸ ਅਧਿਕਾਰੀਆਂ ਨਾਲ ਧਾਰੀਵਾਲ ਤੇ ਨੌਸ਼ਿਹਰਾ ਮੱਝਾ ਸਿੰਘ ਵਿਖੇ ਦੁਕਾਨਾਂ ਦੀ ਚੈਕਿੰਗ ਕਰਦੇ ਹੋਏ।