ਗੁਰਦਾਸਪੁਰ, 23 ਦਸੰਬਰ (ਸਰਬਜੀਤ ਸਿੰਘ) – ਪੰਜਾਬ ਦੇ ਕੈਬਨਿਟ ਵਜ਼ੀਰ ਲਾਲ ਚੰਦ ਕਟਾਰੂਚੱਕ ਨੇ ਭਾਰਤੀ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਕਾਮਰੇਡ ਸੰਤੋਖ ਸਿੰਘ ਸੰਘੇੜਾ ਦੇ ਦੇਹਾਂਤ ‘ਤੇ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ ਹੈ।
ਕਾਮਰੇਡ ਸੰਤੋਖ ਸਿੰਘ 16 ਤੋ 20 ਦਸੰਬਰ ਅਲਾਪੂਜਾ (ਕੇਰਲਾ) ਵਿਖੇ ਮਜ਼ਦੂਰਾਂ ਦੀ ਸ਼ੑੋਮਣੀ ਜਥੇਬੰਦੀ “ਆਲ ਇੰਡੀਆ ਟਰੇਡ ਯੂਨੀਅਨ ਕਾਂਗਰਸ (ਏਟਕ) ਦੀ 42 ਵੀ ਕੌਮੀ ਕਾਨਫਰੰਸ ਵਿੱਚ ਸਾਮਲ ਹੋਣ ਲਈ ਗਏ ਸਨ। ਕਾਨਫਰੰਸ ਦੇ ਆਖਰੀ ਦਿਨ 20 ਦਸੰਬਰ 2022 ਨੂੰ ਹੋਈ ਵਿਸਾਲ ਮੁਲਾਜ਼ਮ ਮਜ਼ਦੂਰ ਰੈਲੀ ਵਿੱਚ ਸਾਮਲ ਹੋਣ ਤੋ ਬਾਦ ਰੇਲਵੇ ਲਾਈਨ ਕਰਾਸ ਕਰਦੇ ਹੋਏ ਉਹ ਰੇਲ ਹਾਦਸੇ ਦਾ ਸ਼ਿਕਾਰ ਹੋ ਗਏ ਸਨ।
ਕਾਮਰੇਡ ਸੰਤੋਖ ਸਿੰਘ ਸੰਘੇੜਾ ਦੀ ਬੇਵਕਤੀ ਮੌਤ ‘ਤੇ ਅਫ਼ਸੋਸ ਜ਼ਾਹਰ ਕਰਦਿਆਂ ਕੈਬਨਿਟ ਮੰਤਰੀ ਸ੍ਰੀ ਕਟਾਰੂਚੱਕ ਨੇ ਕਿਹਾ ਕਿ ਉੱਨਾਂ ਦੇ ਤੁਰ ਜਾਣ ਨਾਲ ਲੋਕ ਹੱਕਾਂ ਲਈ ਜੂਝਣ ਵਾਲੇ ਆਗੂ ਦਾ ਕਦੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਉੱਨਾਂ ਕਿਹਾ ਕਿ ਮਰਹੂਮ ਸ੍ਰੀ ਸੰਘੇੜਾ ਨੇ ਸਾਰੀ ਉਮਰ ਗਰੀਬਾਂ, ਮਜ਼ਦੂਰਾਂ ਅਤੇ ਕਿਰਤੀਆਂ ਦੇ ਹੱਕਾਂ ਦੀ ਲੜਾਈ ਲੜਦੇ ਰਹੇ। ਉਹ ਬਹੁਤ ਇਮਾਨਦਾਰ ਲੋਕ ਆਗੂ ਸਨ ਜਿੰਨਾ ਨੂੰ ਹਮੇਸ਼ਾਂ ਯਾਦ ਰੱਖਿਆ ਜਾਵੇਗਾ।
ਕੈਬਨਿਟ ਮੰਤਰੀ ਸ੍ਰੀ ਕਟਾਰੂਚੱਕ ਨੇ ਮਰਹੂਮ ਸੰਤੋਖ ਸਿੰਘ ਸੰਘੇੜਾ ਦੇ ਸਪੁੱਤਰ ਤੇ ਪਰਿਵਾਰਕ ਮੈਂਬਰਾਂ ਨਾਲ ਫ਼ੋਨ ‘ਤੇ ਗੱਲ ਕਰਕੇ ਉੱਨਾਂ ਨਾਲ ਆਪਣੀ ਦਿੱਲੀ ਸੰਵੇਦਨਾ ਜ਼ਾਹਰ ਕੀਤੀ। ਉੱਨਾਂ ਕਿਹਾ ਕਿ ਉਹ ਦੁੱਖ ਦੀ ਇਸ ਘੜੀ ਵਿੱਚ ਓਨਾ ਦੇ ਨਾਲ ਹਨ। ਓਨਾ ਵਾਹਿਗੁਰੂ ਅੱਗੇ ਵਿੱਛੜੀ ਆਤਮਾ ਦੀ ਸ਼ਾਂਤੀ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ਣ ਦੀ ਅਰਦਾਸ ਕੀਤੀ ਹੈ।