ਨਿਵੇਸ਼ ਲਈ ਦੱਖਣ ਦਾ ਦੌਰਾ ਕਰਨ ਦੀ ਬਜਾਏ ਮੁੱਖ ਮੰਤਰੀ ਮੌਜੂਦਾ ਕਾਰੋਬਾਰਾਂ ਦੇ ਹਿੱਤਾਂ ਦੀ ਰਾਖੀ ਕਰਨ
ਗੁਰਦਾਸਪੁਰ , 22 ਦਸੰਬਰ (ਸਰਬਜੀਤ ਸਿੰਘ)– ਕਾਂਗਰਸ ਦੇ ਸੀਨੀਅਰ ਆਗੂ ਅਤੇ ਪੰਜਾਬ ਦੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਬੁੱਧਵਾਰ ਨੂੰ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ‘ਤੇ ਦੋਸ਼ ਲਗਾਇਆ ਕਿ ਉਹ ਹਿਮਾਚਲ ਪ੍ਰਦੇਸ਼ ਅਤੇ ਗੁਜਰਾਤ ਸਮੇਤ ਹੋਰਨਾਂ ਰਾਜਾਂ ਵਿੱਚ ਪਾਰਟੀ ਦੇ ਵਿਸਥਾਰ ਦੇ ਇੱਕੋ ਇੱਕ ਉਦੇਸ਼ ਨਾਲ ਇਸ਼ਤਿਹਾਰਾਂ ‘ਤੇ ਸਰਕਾਰੀ ਖਜ਼ਾਨੇ ਤੋਂ ਲਾਪਰਵਾਹੀ ਨਾਲ ਖਰਚ ਕੀਤਾ ਗਿਆ ਹੈ ਪਰ ਬਾਵਜੂਦ ਇਸ ਦੇ ‘ਆਪ’ ਨੂੰ ਸ਼ਰਮਨਾਕ ਹਾਰ ਦਾ ਸਾਹਮਣਾ ਕਰਨਾ ਪਿਆ।
ਬਾਜਵਾ ਨੇ ਮੰਗ ਕੀਤੀ ਕਿ ਗੁਜਰਾਤ ਤੇ ਹਿਮਾਚਲ ਚੋਣਾਂ ‘ਚ ਕੀਤੇ ਗਏ ਪੰਜਾਬ ਦੇ ਪੈਸੇ ਨੂੰ ‘ਆਪ’ ਪਾਰਟੀ ਆਪਣੇ ਪਾਰਟੀ ਫੰਡ ‘ਚੋਂ ਸਰਕਾਰੀ ਖਜ਼ਾਨੇ ‘ਚ ਵਾਪਸ ਜਮ੍ਹਾ ਕਰਵਾਏ।
ਬਾਜਵਾ ਦਿੱਲੀ ਦੇ ਉਪ ਰਾਜਪਾਲ ਵਿਨੈ ਕੁਮਾਰ ਸਕਸੈਨਾ ਵੱਲੋਂ 2016 ਵਿੱਚ ਕਥਿਤ ਤੌਰ ‘ਤੇ ਸਿਆਸੀ ਇਸ਼ਤਿਹਾਰਾਂ ਨੂੰ ਸਰਕਾਰੀ ਇਸ਼ਤਿਹਾਰਾਂ ਵਜੋਂ ਪ੍ਰਕਾਸ਼ਿਤ ਕਰਨ ਲਈ ‘ਆਪ’ ਤੋਂ 97 ਕਰੋੜ ਰੁਪਏ ਵਸੂਲਣ ਲਈ ਦਿੱਲੀ ਦੇ ਮੁੱਖ ਸਕੱਤਰ ਨੂੰ ਦਿੱਤੇ ਹਾਲ ਹੀ ਦੇ ਨਿਰਦੇਸ਼ਾਂ ਦਾ ਹਵਾਲਾ ਦੇ ਰਹੇ ਸਨ।
ਕਾਦੀਆਂ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਬਾਜਵਾ ਨੇ ਅੱਗੇ ਕਿਹਾ ਕਿ ਪੰਜਾਬ ਦੀ ਆਰਥਿਕ ਹਾਲਤ ਪਹਿਲਾਂ ਹੀ ਨਿਘਰ ਚੁੱਕੀ ਹੈ। ਇਸ ਲਈ ਸਰਕਾਰ ਨੂੰ ਅਜਿਹੇ ਕੰਮਾਂ ‘ਤੇ ਬੇਲੋੜਾ ਖਰਚ ਕਰਨ ਤੋਂ ਬਚਣਾ ਚਾਹੀਦਾ ਹੈ। ਬਾਜਵਾ ਨੇ ਕਿਹਾ, “ਇਹ ਪੰਜਾਬ ਦੇ ਲੋਕਾਂ ਦੀ ਮਿਹਨਤ ਦੀ ਕਮਾਈ ਹੈ, ਜਿਸ ਨੇ ਇਸ ਨੂੰ ਟੈਕਸ ਵਜੋਂ ਸੂਬੇ ਨੂੰ ਅਦਾ ਕੀਤਾ ਹੈ। ‘ਆਪ’ ਦੇ ਸ਼ਾਸਨ ‘ਚ ਸੂਬੇ ਦੀ ਗਲਤ ਤਸਵੀਰ ਨੂੰ ਪੇਸ਼ ਕਰਨ ਲਈ ਇਸ ਪੈਸੇ ਨੂੰ ਦੂਜੇ ਰਾਜਾਂ ‘ਚ ਇਸ਼ਤਿਹਾਰਾਂ ‘ਤੇ ਖਰਚ ਕਰਨਾ ਇਕ ਧੋਖਾਧੜੀ ਹੈ।
ਬਾਜਵਾ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਪੰਜਾਬ ਵਿੱਚ ਨਿਵੇਸ਼ ਕਰਨ ਲਈ ਕੁਝ ਪ੍ਰਮੁੱਖ ਉਦਯੋਗਪਤੀਆਂ ਅਤੇ ਕਾਰੋਬਾਰੀਆਂ ਨੂੰ ਮਿਲਣ ਲਈ ਚੇਨਈ ਅਤੇ ਹੈਦਰਾਬਾਦ ਦੇ ਦੌਰੇ ਤੋਂ ਪਹਿਲਾਂ ਜੋ ਪੰਜਾਬ ਚ ਮੌਜੂਦ ਉਦਯੋਗਾਂ ਅਤੇ ਕਾਰੋਬਾਰਾਂ ਦੇ ਹਿੱਤਾਂ ਦੀ ਰਾਖੀ ਕਰਨ।
ਬਾਜਵਾ ਨੇ ਕਿਹਾ ਕਿ ਇਸ ਮਹੀਨੇ ਦੇ ਸ਼ੁਰੂ ਵਿਚ ਨਵੀਂ ਉਦਯੋਗਿਕ ਨੀਤੀ ‘ਤੇ ਚਰਚਾ ਕਰਨ ਲਈ ਪੰਜਾਬ ਦੇ ਮੁੱਖ ਮੰਤਰੀ ਨਾਲ ਹੋਈ ਮੀਟਿੰਗ ਦੌਰਾਨ ਸੂਬੇ ਭਰ ਦੇ ਉਦਯੋਗਪਤੀਆਂ ਅਤੇ ਕਾਰੋਬਾਰੀਆਂ ਨੇ ਸੂਬਾ ਸਰਕਾਰ ਨੂੰ ਵਿਆਪਕ ਧਰਨੇ ਪ੍ਰਦਰਸ਼ਨਾਂ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਣ ਦੀ ਅਪੀਲ ਕੀਤੀ। ਉਨ੍ਹਾਂ ਦਾ ਮੰਨਣਾ ਸੀ ਕਿ ਰਾਜ ਵਿੱਚ ਅਜਿਹਾ ਮਾਹੌਲ ਨਿਵੇਸ਼ ਨੂੰ ਨਿਰਾਸ਼ ਕਰਦਾ ਹੈ। ਇਸ ਸਮੇਂ ਹਾਲਾਤ ਇਹ ਹਨ ਕਿ ਸੂਬਾ ਜ਼ਾਹਰ ਤੌਰ ‘ਤੇ ‘ਧਰਨਾ-ਸਥਾਨ ਵਿਚ ਬਦਲ ਗਿਆ ਹੈ ਕਿਉਂਕਿ ‘ਆਪ’ ਦੇ 9 ਮਹੀਨਿਆਂ ਦੇ ਸ਼ਾਸਨ ਵਿਚ ਸਮਾਜ ਦੇ ਸਾਰੇ ਵਰਗ ਸਰਕਾਰ ਦੀ ਕਾਰਗੁਜ਼ਾਰੀ ਅਤੇ ਖੋਖਲੇਪਣ ਤੋਂ ਬੁਰੀ ਤਰ੍ਹਾਂ ਨਿਰਾਸ਼ ਹੋ ਚੁੱਕੇ ਹਨ, ਇਸ ਲਈ ਉਹ ਇਸ ਤੋਂ ਪਰੇਸ਼ਾਨ ਹਨ ਅਤੇ ‘ਆਪ’ ਦੇ ਝੂਠਾਂ ਤੋਂ ਤੰਗ ਆ ਕੇ ਲੋਕ ਸੜਕਾਂ ‘ਤੇ ਉਤਰ ਆਏ ਹਨ।
ਬਾਜਵਾ ਨੇ ਸਵਾਲ ਕੀਤਾ ਕਿ ਅਜਿਹੇ ਮਾਹੌਲ ‘ਚ ਜਿੱਥੇ ਸੂਬੇ ਦੇ ਕਿਸੇ ਨਾ ਕਿਸੇ ਕੋਨੇ ‘ਚ ਜਾਮ ਅਤੇ ਧਰਨੇ ਮੁਜ਼ਾਹਰੇ ਚੱਲ ਰਹੇ ਹਨ, ਉੱਥੇ ਕੋਈ ਕਾਰੋਬਾਰੀ ਨਿਵੇਸ਼ ਕਰਨ ਬਾਰੇ ਕਿਉਂ ਸੋਚੇਗਾ? ਉਨ੍ਹਾਂ ਕਿਹਾ ਕਿ ਘਰੇਲੂ ਸਮੱਸਿਆਵਾਂ ਵੱਲ ਮੁੱਖ ਮੰਤਰੀ ਦੇ ਧਿਆਨ ਦੀ ਸਖ਼ਤ ਲੋੜ ਹੈ। ਇਨ੍ਹਾਂ ਸਾਰੇ ਮੁੱਦਿਆਂ ਤੋਂ ਬਚਦੇ ਹੋਏ ਮੁੱਖ ਮੰਤਰੀ ਨਿਰਾਸ਼ਾ ਨਾਲ ਨਵੇਂ ਨਿਵੇਸ਼ਾਂ ਦੇ ਪਿੱਛੇ ਭੱਜ ਰਹੇ ਸਨ।


