ਗੁਰਦਾਸਪੁਰ, 20 ਦਸੰਬਰ ( ਸਰਬਜੀਤ ਸਿੰਘ) – ਸਰਦੀਆਂ ਦੇ ਮੌਸਮ ਨੂੰ ਧਿਆਨ ਵਿੱਚ ਰੱਖਦੇ ਹੋਏ ਮੱਛੀ ਪਾਲਣ ਵਿਭਾਗ ਨੇ ਜ਼ਿਲ੍ਹੇ ਦੇ ਮੱਛੀ ਪਾਲਕਾਂ ਨੂੰ ਵਿਸ਼ੇਸ਼ ਸਲਾਹ (ਐਡਵਾਈਜ਼ਰੀ) ਜਾਰੀ ਕੀਤੀ ਹੈ। ਮੱਛੀ ਪਾਲਣ ਵਿਭਾਗ ਦੇ ਸਹਾਇਕ ਡਾਇਰੈਕਟਰ ਸ. ਸਰਵਣ ਸਿੰਘ ਸੰਧੂ ਨੇ ਮੱਛੀ ਪਾਲਕਾਂ ਨੂੰ ਸਲਾਹ ਦਿੰਦਿਆਂ ਕਿਹਾ ਹੈ ਕਿ ਮੱਛੀ ਨੂੰ ਠੰਡ ਦੀ ਮਾਰ ਤੋਂ ਬਚਾਉਣ ਲਈ ਤਲਾਅ ਵਿੱਚ ਪਾਣੀ ਦਾ ਪੱਧਰ 6 ਤੋਂ 7 ਫੁੱਟ ਰੱਖਿਆ ਜਾਵੇ। ਤਾਪਮਾਨ ਅਨੁਸਾਰ ਮੱਛੀ ਦੀ ਖੁਰਾਕ ਨੂੰ ਘਟਾਇਆ ਜਾਵੇ। ਜੈਵਿਕ ਖਾਦਾਂ ਦੀ ਵਰਤੋਂ ਨੂੰ ਘਟਾਇਆ/ਬੰਦ ਕੀਤਾ ਜਾਵੇ। ਸਵੇਰ ਦੇ ਸਮੇਂ ਆਕਸੀਜ਼ਨ ਦੀ ਕਮੀਂ ਨੂੰ ਪੂਰਾ ਕਰਨ ਲਈ ਤਲਾਅ ਵਿੱਚ ਤਾਜ਼ਾ ਪਾਣੀ ਛੱਡਿਆ ਜਾਵੇ ਜਾਂ ਏਰੀਏਟਰ ਦੀ ਵਰਤੋਂ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਮੱਛੀ ਪਾਲਕਾਂ ਵੱਲੋਂ ਆਕਸੀਜ਼ਨ ਦੀਆਂ ਗੋਲੀਆਂ ਜਾਂ ਪਾਊਡਰ ਫਾਰਮ ’ਤੇ ਲਾਜ਼ਮੀ ਰੱਖਿਆ ਜਾਵੇ। ਸਰਦੀਆਂ ਦੇ ਮੌਸਮ ਵਿੱਚ ਮੱਛੀਆਂ ਨੂੰ ਬਿਮਾਰੀ ਲੱਗਣ ਦੀ ਸੰਭਾਵਨਾ ਹੁੰਦੀ ਹੈ ਇਸ ਲਈ ਮੱਛੀਆਂ ਨੂੰ ਬਿਮਾਰੀਆਂ ਤੋਂ ਬਚਾਉਣ ਲਈ ਤਲਾਅ ਵਿੱਚ 400 ਮਿਲੀ ਲੀਟਰ / ਏਕੜ ਸਿਫੇਕਸ ਦੀ ਵਰਤੋਂ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਲੋੜ ਅਨੁਸਾਰ ਜਾਂ ਕਿਸੇ ਸਲਾਹ ਲਈ ਮੱਛੀ ਪਾਲਕ ਗੁਰਦਾਸਪੁਰ ਸਥਿਤ ਮੱਛੀ ਪਾਲਣ ਵਿਭਾਗ ਦੇ ਮਾਹਿਰਾਂ ਮੱਛੀ ਪਾਲਣ ਅਫ਼ਸਰ ਗੁਰਦਾਸਪੁਰ ਨਾਲ ਮੋਬਾਇਲ ਨੰਬਰ 77107-70325 ਜਾਂ ਮੱਛੀ ਪਾਲਣ ਅਫ਼ਸਰ ਡੇਰਾ ਬਾਬਾ ਨਾਨਕ ਦੇ ਮੋਬਾਇਲ ਨੰਬਰ 79017-66881 ’ਤੇ ਸੰਪਰਕ ਕਰ ਸਕਦੇ ਹਨ।


