ਗੁਰਦਾਸਪੁਰ, 17 ਦਸੰਬਰ (ਸਰਬਜੀਤ ਸਿੰਘ)–ਅੱਜ ਗੂਗਲ ਐਪ ਰਾਹੀਂ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਕ ਦੇ ਆਗੂਆਂ ਦੀ ਇਕ ਵਿਸ਼ੇਸ਼ ਮੀਟਿੰਗ ਹੋਈ।ਜਿਸ ਵਿੱਚ ਜਗਜੀਤ ਸਿੰਘ ਡੱਲੇਵਾਲ,ਗੁਰਿੰਦਰ ਸਿੰਘ ਭੰਗੂ,ਇੰਦਰਜੀਤ ਸਿੰਘ ਕੋਟਬੁੱਢਾ,ਸੁਖਦੇਵ ਸਿੰਘ ਭੋਜਰਾਜ,ਸੁਖਜਿੰਦਰ ਸਿੰਘ ਖੋਸਾ,ਕਵਲਜੀਤ ਸਿੰਘ ਖੁਸ਼ਹਾਲਪੁਰ,ਅੈਡਵੋਕੇਟ ਕੰਵਰਜੀਤ ਸਿੰਘ,ਸੁਖਪਾਲ ਸਿੰਘ ਸਹੋਤਾ,ਬਲਦੇਵ ਸਿੰਘ ਸਿਰਸਾ,ਬਾਬਾ ਕਵਲਜੀਤ ਸਿੰਘ ਪੰਡੋਰੀ,ਸਤਨਾਮ ਸਿੰਘ ਬਾਗੜੀਆ,ਅਮਰਜੀਤ ਸਿੰਘ ਰੜਾ,ਰਘਬੀਰ ਸਿੰਘ ਭੰਗਾਲਾ,ਹਰਸੁਲਿੰਦਰ ਸਿੰਘ ਕਿਸ਼ਨਗੜ,ਗੁਰਚਰਨ ਸਿੰਘ ਭੀਖੀ,ਰਜਿੰਦਰ ਸਿੰਘ ਬੈਨੀਪਾਲ,ਸੁਖਜੀਤ ਸਿੰਘ ਹਰਦੋਝੰਡੇ,ਸ਼ੇਰਾ ਅਠਵਾਲ ਆਦਿ ਕਿਸਾਨ ਆਗੂ ਸ਼ਾਮਿਲ ਹੋਏ।
ਇਸ ਮੀਟਿੰਗ ਵਿੱਚ ਲਤੀਫ਼ਪੁਰ ਜਲੰਧਰ ਵਿਖੇ ਸੂਬਾ ਸਰਕਾਰ ਵੱਲੋਂ ਲੋਕਾਂ ਦੇ ਘਰ ਢਾਹ ਕੇ ਉਹਨਾਂ ਨੂੰ ਬੇਘਰ ਕਰਨ ਤੇ ਚਿੰਤਾ ਪ੍ਰਗਟ ਕਰਦਿਆਂ ਸਰਕਾਰ ਦੀ ਇਸ ਕਾਰਵਾਈ ਦੀ ਨਿੰਦਾ ਕੀਤੀ ਗਈ।ਇਸ ਸਬੰਧੀ ਪ੍ਰੈੱਸ ਨੋਟ ਜਾਰੀ ਕਰਦਿਆਂ ਆਗੂਆਂ ਨੇ ਸਾਂਝੇ ਤੌਰ ਤੇ ਕਿਹਾ ਕਿ ਇਸ ਦੇ ਬਹੁਤ ਸਾਰੇ ਬਦਲ ਹੋ ਸਕਦੇ ਸਨ,ਘਰ ਢਾਹੁਣ ਦੀ ਲੋੜ ਨਹੀਂ ਸੀ। ਸਰਕਾਰ ਨੇ ਗੈਰ ਜਿਮੇਵਾਰਾਨਾ ਕਾਰਵਾਈ ਕਰਕੇ ਲੋਕ ਵਿਰੋਧੀ ਹੋਣ ਦਾ ਸਬੂਤ ਦਿੱਤਾ ਹੈ।
ਕਿਸਾਨ ਆਗੂਆਂ ਨੇ ਅੱਗੇ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਕ ਦੇ ਆਗੂਆਂ ਵੱਲੋਂ 15 ਦਸੰਬਰ ਨੂੰ ਪ੍ਰਸ਼ਾਸ਼ਨ ਨੂੰ ਮਿਲ ਕੇ ਅਤੇ 16 ਦਸੰਬਰ ਨੂੰ ਸਰਕਾਰ ਨਾਲ ਮੀਟਿੰਗ ਕਰਕੇ ਪੀੜਤ ਪ੍ਰੀਵਾਰਾਂ ਨੂੰ ਇੰਨਸਾਫ ਦਵਾਉਣ,ਉਹਨਾਂ ਦੇ ਉਜਾੜੇ ਲਈ ਜਿਮੇਵਾਰ ਲੋਕਾਂ ਤੇ ਕਾਨੂੰਨੀ ਕਾਰਵਾਈ ਕਰਵਾਉਣ ਅਤੇ ਧੀਆਂ ਭੈਣਾਂ ਸਾਹਮਣੇ ਇਤਰਾਜਯੋਗ ਸ਼ਬਦਾਵਲੀ ਵਰਤਣ ਵਾਲੇ ਡੀ.ਸੀ.ਪੀ.ਜਸਕਰਨਜੀਤ ਸਿੰਘ ਤੇਜਾ ਨੂੰ ਤੁਰੰਤ ਬਰਖਾਸਤ ਕਰਵਾਉਣ ਲਈ ਦਬਾਅ ਬਣਾਇਆ ਜਾਵੇਗਾ।



