ਗੁਰਦਾਸਪੁਰ, 17 ਦਸੰਬਰ (ਸਰਬਜੀਤ ਸਿੰਘ)–ਯੂਪੀ ਪੁਲਸ ਵਲੋਂ 1991 ਵਿਚ ਪੀਲੀ ਭੀਤ ਵਿਖੇ ਗੁਰਦੁਆਰਿਆਂ ਦੇ ਦਰਸ਼ਨ ਕਰਨ ਲਈ ਜਾ ਰਹੇ 10 ਸਿੱਖ ਯਾਤਰੂਆਂ ਨੂੰ ਝੂਠਾ ਪੁਲਸ ਮੁਕਾਬਲਾ ਵਿਖਾ ਕੇ ਕਤਲ ਕਰਨ ਵਾਲੇ 47 ਦੋਸ਼ੀ ਪੁਲਸੀਆਂ ਨੂੰ, ਸੈਸ਼ਨ ਅਦਾਲਤ ਵਲੋਂ ਸੁਣਾਈ ਉਮਰ ਕੈਦ ਦੀ ਸਜ਼ਾ ਨੂੰ ਘਟਾ ਕੇ ਸੱਤ ਸਾਲ ਕਰਨ ਦੇ ਇਲਾਹਾਬਾਦ ਹਾਈਕੋਰਟ ਦੇ ਫੈਸਲੇ ਨੂੰ ਸੀਪੀਆਈ (ਐਮ ਐਲ) ਲਿਬਰੇਸ਼ਨ ਨੇ ਬੇਹੱਦ ਮੰਦਭਾਗਾ ਤੇ ਨਿਆਂ ਨੂੰ ਢਾਹ ਲਾਉਣ ਵਾਲਾ ਕਰਾਰ ਦਿੱਤਾ ਹੈ।
ਪਾਰਟੀ ਦੇ ਸੂਬਾਈ ਬੁਲਾਰੇ ਕਾਮਰੇਡ ਸੁਖਦਰਸ਼ਨ ਸਿੰਘ ਨੱਤ ਨੇ ਇਸ ਫੈਸਲੇ ਉਤੇ ਟਿਪਣੀ ਕਰਦਿਆਂ ਕਿਹਾ ਹੈ ਕਿ ਇਕ ਪਾਸੇ ਅਦਾਲਤ ਵਲੋਂ ਠੰਡੇ ਦਿਮਾਗ ਨਾਲ 10 ਬੇਕਸੂਰ ਯਾਤਰੀਆਂ ਨੂੰ ਦਹਿਸ਼ਤਗਰਦ ਕਰਾਰ ਦੇ ਕੇ ਕਤਲ ਕਰ ਦੇਣ ਵਾਲੇ ਉਨ੍ਹਾਂ ਦੋਸ਼ੀ ਪੁਲਸੀਆਂ ਦੀ ਸਜ਼ਾ ਘਟਾ ਦਿੱਤੀ ਹੈ, ਜਿੰਨਾਂ ਨੂੰ ਇਸ ਵਾਰਦਾਤ ਤੋਂ 25 ਸਾਲ ਬਾਦ ਬੜੀ ਮੁਸ਼ਕਿਲ ਨਾਲ 4 ਅਪ੍ਰੈਲ 2016 ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ, ਪਰ ਦੂਜੇ ਪਾਸੇ ਸਿੱਖ ਬੰਦੀਆਂ ਸਮੇਤ ਅਨੇਕਾਂ ਸਿਆਸੀ ਕੈਦੀਆਂ ਨੂੰ 25-25 ਸਾਲ ਸਜ਼ਾ ਭੁਗਤਣ ਦੇ ਬਾਵਜੂਦ ਵੀ ਰਿਹਾਅ ਨਹੀਂ ਕੀਤਾ ਜਾ ਰਿਹਾ। ਇਨਸਾਫ਼ ਦੇ ਨਾਂ ‘ਤੇ ਇਹ ਦੋ ਬਿਲਕੁਲ ਵੱਖੋ ਵੱਖਰੇ ਪੈਮਾਨੇ, ਦੇਸ਼ ਦੀ ਸਰਕਾਰ ਅਤੇ ਨਿਆਂ ਪਾਲਿਕਾ ਦੀ ਨਿਰਪੱਖਤਾ ਤੇ ਕਾਨੂੰਨ ਦੇ ਰਾਜ ਉਤੇ ਵੱਡਾ ਸੁਆਲ ਖੜਾ ਕਰਦੇ ਹਨ।


