ਟਰੈਫਿਕ ਨਿਯਮਾਂ ਬਾਰੇ ਖੁਦ ਸੁਚੇਤ ਹੋਣ ਅਤੇ ਬਾਕੀਆਂ ਨੂੰ ਵੀ ਜਾਗਰੂਕ ਕਰਨ ਲਈ ਕੀਤਾ ਪ੍ਰੇਰਿਤ
ਗੁਰਦਾਸਪੁਰ, 10 ਦਸੰਬਰ (ਸਰਬਜੀਤ ਸਿੰਘ) – ਡਿਪਟੀ ਕਮਿਸ਼ਨਰ ਗੁਰਦਾਸਪੁਰ ਡਾ. ਹਿਮਾਂਸ਼ੂ ਅਗਰਵਾਲ ਦੇ ਦਿਸ਼ਾ-ਨਿਰਦਸ਼ਾਂ ਤਹਿਤ ਅੱਜ ਜ਼ਿਲ੍ਹਾ ਪ੍ਰਸ਼ਾਸਨ ਦੇ ਸਮੂਹ ਅਧਿਕਾਰੀਆਂ ਅਤੇ ਕਰਮਚਾਰੀਆਂ ਵੱਲੋਂ ਸੜਕ ਸੁਰੱਖਿਆ ਅਤੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਸਬੰਧੀ ਸਹੁੰ ਚੁੱਕੀ ਗਈ। ਇਸ ਸਬੰਧੀ ਵੱਖ-ਵੱਖ ਵਿਭਾਗਾਂ ਵੱਲੋਂ ਜ਼ਿਲ੍ਹਾ ਸਦਰ ਮੁਕਾਮ ਅਤੇ ਤਹਿਸੀਲਾਂ ਵਿੱਚ ਆਪਣੇ ਦਫ਼ਤਰਾਂ ਵਿੱਚ ਸੜਕ ਸੁਰੱਖਿਆ ਦੀ ਸਹੁੰ ਚੁੱਕਣ ਲਈ ਵਿਸ਼ੇਸ਼ ਇਕੱਤਰਤਾ ਕੀਤੀ ਗਈ। ਸਰਕਾਰੀ ਦਫ਼ਤਰਾਂ ਤੋਂ ਇਲਾਵਾ ਸਿੱਖਿਆ ਸੰਸਥਾਵਾਂ ਵਿੱਚ ਵਿਦਿਆਰਥੀਆਂ ਨੇ ਵੀ ਟਰੈਫਿਕ ਨਿਯਮਾਂ ਦੀ ਪਾਲਣਾ ਦਾ ਅਹਿਦ ਲਿਆ।
ਇਸ ਮੌਕੇ ਰੀਜ਼ਨਲ ਟਰਾਂਸਪੋਰਟ ਅਥਾਰਟੀ ਦੇ ਅਧਿਕਾਰੀ ਸ. ਗੁਰਮੀਤ ਸਿੰਘ ਵੱਲੋਂ ਆਪਣੇ ਦਫ਼ਤਰ ਵਿੱਚ ਵੀ ਸਮੂਹ ਸਟਾਫ ਨੂੰ ਸੜਕ ਸੁਰੱਖਿਆ ਅਤੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਸਬੰਧੀ ਸਹੁੰ ਚੁੱਕਾਈ ਗਈ। ਇਸ ਮੌਕੇ ਉਨ੍ਹਾਂ ਵੱਲੋਂ ਟਰੈਫਿਕ ਨਿਯਮਾਂ ਦੀ ਉਲੰਘਣਾ ਕਾਰਨ ਹੁੰਦੇ ਹਾਦਸਿਆਂ ਦੀ ਗੰਭੀਰ ਸਥਿਤੀ ਬਾਰੇ ਦੱਸਿਆ ਗਿਆ। ਉਹਨਾਂ ਦੱਸਿਆ ਕਿ ਹਰ ਚਾਰ ਮਿੰਟ ਵਿੱਚ ਇੱਕ ਮੌਤ ਸਿਰਫ ਸੜਕ ਹਾਦਸਿਆਂ ਕਾਰਨ ਹੋ ਰਹੀ ਹੈ। ਉਹਨਾਂ ਸਮੂਹ ਹਾਜ਼ਰੀਨ ਨੂੰ ਸੜਕ ’ਤੇ ਵਾਹਨ ਚਲਾਉਣ ਤੋਂ ਪਹਿਲਾਂ ਸਾਰੀਆਂ ਸੁਰੱਖਿਆ ਸਬੰਧੀ ਗੱਲਾਂ ਦਾ ਧਿਆਨ ਰੱਖਣ, ਆਵਾਜਾਈ ਨਿਯਮਾਂ ਦੀ ਹਮੇਸ਼ਾ ਆਪ ਤੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਪਾਲਣਾ ਕਰਵਾਉਣ, ਦੋ-ਪਹੀਆ ਵਾਹਨ ਚਲਾਉਂਦੇ ਸਮੇਂ ਹੈਲਮਟ ਪਾਉਣ, ਕਾਰ ਚਲਾਉਂਦੇ ਸਮੇਂ ਹਮੇਸ਼ਾ ਸੀਟ ਬੈਲਟ ਲਗਾਉਣ, ਵਾਹਨ ਚਲਾਉਂਦੇ ਸਮੇਂ ਮੋਬਾਇਲ ਫੋਨ ਦੀ ਵਰਤੋਂ ਨਾ ਕਰਨ, ਨਸ਼ੇ ਕਰਕੇ ਵਾਹਨ ਨਾ ਚਲਾਉਣ, ਐਂਬੂਲੈਂਸ ਤੇ ਫਾਇਰ ਬ੍ਰਿਗੇਡ ਗੱਡੀਆਂ ਨੂੰ ਪਹਿਲਾਂ ਲੰਘਣ ਲਈ ਰਸਤਾ ਦੇਣ ਅਤੇ ਸੜਕ ਹਾਦਸੇ ਦੇ ਪੀੜ੍ਹਤਾਂ ਦੀ ਮੱਦਦ ਕਰਨ ਦੀ ਸਹੁੰ ਚੁਕਾਈ।
ਆਰ.ਟੀ.ਏ. ਸ. ਗੁਰਮੀਤ ਸਿੰਘ ਨੇ ਕਿਹਾ ਕਿ ਮਨੁੱਖੀ ਜੀਵਨ ਅਨਮੋਲ ਹੈ ਅਤੇ ਸੜਕ ਸੁਰੱਖਿਆ ਸਬੰਧੀ ਨਿਯਮਾਂ ਦੀ ਪਾਲਣਾ ਨਾ ਕਰਨ ਨਾਲ ਅਸੀਂ ਇਸ ਅਨਮੋਲ ਜ਼ਿੰਦਗੀ ਨੂੰ ਖੁਦ ਹੀ ਨਸ਼ਟ ਕਰਨ ਦਾ ਖਤਰਾ ਉਠਾਉਂਦੇ ਹਾਂ। ਇਸ ਮੌਕੇ ਉਹਨਾਂ ਨੇ ਟਰੈਫਿਕ ਨਿਯਮਾਂ ਬਾਰੇ ਖੁਦ ਸੁਚੇਤ ਹੋਣ ਅਤੇ ਬਾਕੀਆਂ ਨੂੰ ਵੀ ਜਾਗਰੂਕ ਕਰਨ ਲਈ ਪ੍ਰੇਰਿਤ ਕੀਤਾ।


