ਗੁਰਦਾਸਪੁਰ, 15 ਮਈ ( ਸਰਬਜੀਤ ਸਿੰਘ)– ਗੁਰਦਾਸਪੁਰ ਸਿਵਲ ਹਸਪਤਾਲ ਵਿਖੇ ਦੇਰ ਰਾਤ ਗੁੰਡਾਗਰਦੀ ਦਾ ਖੂਬ ਨੰਗਾਨਾਚ ਹੋਇਆ ਜਦੋਂ ਇਲਾਜ ਲਈ ਦਾਖਿਲ ਇਕ ਧਿਰ ਤੇ ਦੂਸਰੀ ਧਿਰ ਵਲੋਂ ਹਸਪਤਾਲ ਅੰਦਰ ਵੜ ਕੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਗਿਆ ਜਿਸ ਵਿੱਚ ਦੋ ਵਿਅਕਤੀ ਜ਼ਖਮੀ ਵੀ ਹੋ ਗਏ । ਹੈਰਾਨੀ ਦੀ ਗੱਲ ਹੈ ਇਹ ਹੈ ਕਿ ਹਮਲਾਵਰਾਂ ਵੱਲੋਂ ਸ਼ਰੇਆਮ ਹਸਪਤਾਲ ਵਿੱਚ ਮੌਜੂਦ ਪੁਲਿਸ ਮੁਲਾਜ਼ਮਾਂ ਸਾਹਮਣੇ ਭਰਪੂਰ ਗੁੰਡਾਗਰਦੀ ਦਿਖਾਈ ਗਈ ਅਤੇ ਸ਼ਰੇਆਮ ਤੇਜ਼ਧਾਰ ਹਥਿਆਰ ਚਲਾਏ ਗ਼ਏ। ਜਾਣਕਾਰੀ ਅਨੁਸਾਰ ਇਕ ਇਕ ਧਿਰ ਪਿੰਡ ਦਮੁੜੀ ਨਾਲ ਸੰਬੰਧਿਤ ਹੈ ਅਤੇ ਦੂਸਰੀ ਧਿਰ ਪਿੰਡ ਖੋਖਰ ਰਾਜਪੂਤਾਂ ਨਾਲ ਸੰਬੰਧਿਤ ਹੈ ਇਹਨਾਂ ਦੋਹਾਂ ਧਿਰਾਂ ਦੇ ਪੁੱਤਰ ਵਿਦੇਸ਼ ਰਹਿੰਦੇ ਹਨ ਅਤੇ ਓਹਨਾ ਦੋਵਾਂ ਪੁੱਤਰਾਂ ਦਰਮਿਆਨ ਵਿਦੇਸ਼ ਵਿਚ ਹੀ ਪੈਸਿਆਂ ਦਾ ਆਪਸੀ ਲੈਣ ਦੇਣ ਨੂੰ ਲੈਕੇ ਹੀ ਇਥੇ ਇਹ ਦੋਵੇਂ ਧਿਰਾਂ ਆਪਸ ਵਿਚ ਝਗੜ ਪਈਆਂ। ਝਗੜੇ ਦੌਰਾਨ ਇੱਕ ਧਿਰ ਦੇ ਦੋ ਵਿਅਕਤੀ ਜ਼ਖਮੀ ਹੋ ਗਏ ਅਤੇ ਉਹ ਸਿਵਲ ਹਸਪਤਾਲ ਇਲਾਜ ਲਈ ਦਾਖਿਲ ਸੀ ਕਿ ਹਸਪਤਾਲ ਪਹੁੰਚ ਕੇ ਦੇਰ ਰਾਤ ਦੂਸਰੀ ਧਿਰ ਦੇ ਕੁਝ ਵਿਅਕਤੀਆਂ ਨੇ ਉਹਨਾਂ ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ।
ਸਿਵਲ ਹਸਪਤਾਲ ਵਿੱਚ ਦਾਖ਼ਲ ਜ਼ਖ਼ਮੀ ਜਗਜੀਤ ਸਿੰਘ ਨੇ ਦੱਸਿਆ ਕਿ ਉਸ ਦੇ ਚਾਚੇ ਦਾ ਲੜਕਾ ਅਮਰੀਕਾ ਰਹਿੰਦਾ ਹੈ। ਪਿੰਡ ਖੋਖਰ ਰਾਜਪੂਤਾਂ ਦਾ ਇੱਕ ਨੌਜਵਾਨ ਕੁਝ ਸਮਾਂ ਪਹਿਲਾਂ ਅਮਰੀਕਾ ਗਿਆ ਸੀ। ਇਸ ਦੌਰਾਨ ਉਸ ਦੇ ਚਾਚੇ ਦੇ ਲੜਕੇ ਨੇ ਕੁਝ ਪੈਸੇ ਦੇ ਕੇ ਉਸ ਦੀ ਮਦਦ ਕੀਤੀ। ਹੁਣ ਉਕਤ ਨੌਜਵਾਨ ਨੇ ਉਥੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਕਾਰਨ ਜਦੋਂ ਚਾਚੇ ਦੇ ਲੜਕੇ ਨੇ ਉਸ ਨੂੰ ਪੈਸੇ ਵਾਪਸ ਕਰਨ ਲਈ ਕਿਹਾ ਤਾਂ ਉਹ ਟਾਲ-ਮਟੋਲ ਕਰਨ ਲੱਗਾ। ਇਸ ਦੌਰਾਨ ਦੋਵਾਂ ‘ਚ ਬਹਿਸ ਹੋ ਗਈ। ਇਸ ’ਤੇ ਚਾਚੇ ਦੇ ਲੜਕੇ ਨੇ ਆਪਣੇ ਰਿਸ਼ਤੇਦਾਰਾਂ ਨੂੰ ਮਾਮਲੇ ਦੀ ਸੂਚਨਾ ਦਿੱਤੀ।
ਇਸ ਸਬੰਧੀ ਉਨ੍ਹਾਂ ਉਕਤ ਨੌਜਵਾਨ ਦੇ ਰਿਸ਼ਤੇਦਾਰਾਂ ਨਾਲ ਵੀ ਗੱਲ ਕੀਤੀ। ਸੋਮਵਾਰ ਨੂੰ ਦੋਵਾਂ ਧਿਰਾਂ ਵਿਚਾਲੇ ਸਮਝੌਤਾ ਸਬੰਧੀ ਗੱਲਬਾਤ ਚੱਲ ਰਹੀ ਸੀ। ਇਸ ਦੌਰਾਨ ਉਕਤ ਨੌਜਵਾਨ ਦਾ ਭਰਾ ਆਪਣੇ ਕੁਝ ਦੋਸਤਾਂ ਨਾਲ ਮੌਕੇ ‘ਤੇ ਪਹੁੰਚ ਗਿਆ ਅਤੇ ਝਗੜਾ ਕਰਨਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਦੋਸ਼ੀ ਨੇ ਉਸਦੇ ਪਰਿਵਾਰ ‘ਤੇ ਹਮਲਾ ਕਰ ਦਿੱਤਾ। ਰੌਲਾ ਸੁਣ ਕੇ ਪਿੰਡ ਦੇ ਲੋਕ ਮੌਕੇ ‘ਤੇ ਪਹੁੰਚ ਗਏ ਅਤੇ ਹਮਲਾਵਰਾਂ ਨੂੰ ਉਥੋਂ ਭਜਾ ਦਿੱਤਾ। ਉਹ ਆਪਣੇ ਚਾਚੇ ਦੇ ਲੜਕੇ ਨੂੰ ਜ਼ਖ਼ਮੀ ਹਾਲਤ ਵਿੱਚ ਇਲਾਜ ਲਈ ਸਿਵਲ ਹਸਪਤਾਲ ਲੈ ਕੇ ਆਇਆ। ਉਸ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਉਣ ਤੋਂ ਬਾਅਦ ਉਹ ਆਈਸੀਯੂ ਦੇ ਬਾਹਰ ਖੜ੍ਹਾ ਸੀ। ਇਸ ਦੌਰਾਨ ਤੇਜ਼ਧਾਰ ਹਥਿਆਰਾਂ ਨਾਲ ਲੈਸ ਕੁਝ ਨੌਜਵਾਨਾਂ ਨੇ ਮੌਕੇ ‘ਤੇ ਪਹੁੰਚ ਕੇ ਉਸ ‘ਤੇ ਹਮਲਾ ਕਰ ਕੇ ਜ਼ਖਮੀ ਕਰ ਦਿੱਤਾ। ਦੂਜੇ ਪਾਸੇ ਸਦਰ ਥਾਣਾ ਇੰਚਾਰਜ ਅਮਨਦੀਪ ਸਿੰਘ ਨੇ ਦੱਸਿਆ ਕਿ ਪਿੰਡ ਦਮੂੜੀ ਅਤੇ ਖੋਖਰ ਰਾਜਪੂਤਾਂ ਦੇ ਦੋ ਨੌਜਵਾਨਾਂ ਦਾ ਅਮਰੀਕਾ ਵਿੱਚ ਪੈਸਿਆਂ ਦੇ ਲੈਣ-ਦੇਣ ਸੀ। ਸਮਝੌਤੇ ਦੌਰਾਨ ਦੋਵਾਂ ਧਿਰਾਂ ਵਿੱਚ ਲੜਾਈ ਹੋਈ। ਇਸ ਤੋਂ ਬਾਅਦ ਸਿਵਲ ਹਸਪਤਾਲ ‘ਚ ਖੋਖਰ ਰਾਜਪੂਤ ਪਾਰਟੀ ਨੇ ਦਮੂੜੀ ਪਾਰਟੀ ‘ਤੇ ਹਮਲਾ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਕੁਝ ਹਮਲਾਵਰਾਂ ਦੀ ਪਛਾਣ ਕਰ ਲਈ ਗਈ ਹੈ, ਜਦਕਿ ਬਾਕੀਆਂ ਦੀ ਪਛਾਣ ਕੀਤੀ ਜਾ ਰਹੀ ਹੈ। ਦੋਸ਼ੀਆਂ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।