ਗੁਰਦਾਸਪੁਰ 22 ਜਨਵਰੀ (ਸਰਬਜੀਤ ਸਿੰਘ ) ਸੰਯੂਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਭਾਰਤ ਦੇ ਆਗੂ ਅਤੇ ਕਿਸਾਨ ਤੇ ਜਵਾਨ ਭਲਾਈ ਯੂਨੀਅਨ ਪੰਜਾਬ ਦੇ ਪ੍ਰਧਾਨ ਸੁਖਦੇਵ ਸਿੰਘ ਭੋਜਰਾਜ ਨੇ ਪ੍ਰੈਸ ਨੋਟ ਜਾਰੀ ਕਰਦਿਆਂ ਕਿਹਾ ਕਿ ਬਿਜਲੀ ਸੋਧ ਬਿੱਲ 2021 ਰਾਹੀਂ ਕੇਂਦਰ ਸਰਕਾਰ ਨੇ ਸੂਬਾ ਸਰਕਾਰ ਨੂੰ ਚਿੱਪ ਵਾਲੇ ਸਮਾਰਟ ਮੀਟਰ ਸੂਬੇ ਵਿੱਚ ਲਗਾਉਣ ਦਾ ਟੀਚਾ ਦਿੱਤਾ ਸੀ। ਕੁਝ ਕਾਰਪੋਰੇਟ ਘਰਾਣਿਆ ਦਾ ਦੇਸ਼ ਦੇ ਕੁਝ ਡੈਮਾਂ ਦੇ ਉੱਤੇ ਪੂਰਨ ਰੂਪ ਵਿੱਚ ਕਬਜ਼ਾ ਹੋ ਚੁੱਕਾ ਹੈ ਇਹ ਪ੍ਰਾਈਵੇਟ ਕੰਪਨੀਆਂ ਲੋਕਾਂ ਨੂੰ ਬਿਜਲੀ ਸਪਲਾਈ ਕਰਨਗੀਆਂ। ਲੋਕਾਂ ਨੂੰ ਇਹਨਾਂ ਕੰਪਨੀਆਂ ਤੋਂ ਬਿਜਲੀ ਲੈਣ ਲਈ ਟੈਲੀਫੋਨ ਦੀ ਤਰ੍ਹਾਂ ਪਹਿਲਾਂ ਬਿੱਲ ਭਰਨਾ ਪਿਆ ਕਰੇਗਾ ਜਿਸ ਤੋਂ ਬਹੁਤ ਸਾਰੇ ਲੋਕ ਅਸਮਰੱਥ ਹੋਣਗੇ। ਘਰ ਦੇ ਸਾਰੇ ਸਵਿਚ ਬੰਦ ਹੋਣ ਦੇ ਬਾਵਜੂਦ ਵੀ ਇਹ ਮੀਟਰ ਲਗਾਤਾਰ ਚੱਲਦਾ ਰਹਿੰਦਾ ਹੈ ਅਤੇ ਇਸ ਦੀ ਸਪੀਡ ਵੀ ਪਹਿਲਾਂ ਵਾਲੇ ਸਧਾਰਨ ਮੀਟਰਾਂ ਨਾਲੋਂ ਜਿਆਦਾ ਹੈ। ਜਿਸ ਕਾਰਨ ਲੋਕਾਂ ਨੂੰ ਪਹਿਲਾਂ ਨਾਲੋਂ ਬਹੁਤ ਜਿਆਦਾ ਬਿਲ ਆ ਰਹੇ ਹਨ ਅਤੇ ਲੋਕ ਤ੍ਰਾਹ ਤ੍ਰਾਹ ਕਰ ਰਹੇ ਹਨ ਅਤੇ ਹੁਣ ਲੋਕ ਇਹਨਾਂ ਮੀਟਰਾਂ ਦੇ ਵਿਰੋਧ ਵਿੱਚ ਬੋਲ ਰਹੇ ਹਨ ਅਤੇ ਬਿੱਲਾਂ ਦੀ ਮੋਟੀ ਰਕਮ ਭਰਨ ਤੋਂ ਅਸਮਰਥ ਹਨ।ਜਿਹਨਾਂ ਵਿੱਚੋਂ ਬਹੁਤ ਸਾਰੇ ਖਪਤਕਾਰ ਸਾਡੀ ਜਥੇਬੰਧੀ ਨਾਲ ਸੰਪਰਕ ਕਰਕੇ ਇਹ ਲੋਕ ਮਾਰੂ ਚਿੱਪ ਵਾਲੇ ਮੀਟਰ ਪੁੱਟਣ ਲਈ ਕਹਿ ਰਹੇ ਹਨ।
ਕਿਸਾਨ ਆਗੂ ਭੋਜਰਾਜ ਨੇ ਕਿਹਾ ਕਿ ਸਾਡੀ ਜਥੇਬੰਧੀ ਨੇ 2023 ਵਿੱਚ ਵੀ ਵੱਖ ਵੱਖ ਪਿੰਡਾਂ ਵਿਚੋਂ ਸਮਾਰਟ ਮੀਟਰ ਪੁੱਟੇ ਸਨ,ਫਿਰ ਜਦੋਂ ਐਮ ਐਸ ਪੀ ਆਦਿ ਮੰਗਾਂ ਲਈ 2024 ਵਿੱਚ ਸ਼ੰਬੂ ਅਤੇ ਖਨੌਰੀ ਦੇ ਬਾਰਡਰਾਂ ਦੇ ਮੋਰਚਾ ਸ਼ੁਰੂ ਹੋ ਗਿਆ ਤਾਂ ਮਹਿਕਮੇ ਨੂੰ ਸਮਾਰਟ ਮੀਟਰ ਲਗਾਉਣ ਦਾ ਮੌਕਾ ਮਿਲ ਗਿਆ।ਭੋਜਰਾਜ ਨੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜਦੋਂ ਤੱਕ ਚਿਪ ਵਾਲੇ ਸਮਾਰਟ ਮੀਟਰ ਉਤਾਰ ਕੇ ਸਾਦੇ ਮੀਟਰ ਨਹੀਂ ਲਗਾਏ ਜਾਂਦੇ ਉਹਨਾਂ ਚਿਰ ਲੋਕ ਬਿਜਲੀ ਦਾ ਬਿੱਲ ਨਹੀਂ ਭਰਨਗੇ ਅਤੇ ਸਮਾਰਟ ਮੀਟਰ ਉਤਾਰ ਕੇ ਮਹਿਕਮੇ ਦੇ ਦਫ਼ਤਰ ਜਮਾਂ ਕਰਵਾ ਦਿੱਤੇ ਜਾਣਗੇ।ਜੇਕਰ ਮਹਿਕਮੇ ਨੇ ਖਪਤਕਾਰ ਦੀ ਬਿਜਲੀ ਸਪਲਾਈ ਬੰਦ ਕਰਨ ਦੀ ਕੋਸ਼ਿਸ਼ ਕੀਤੀ ਤਾਂ ਲੋਕਾਂ ਦੇ ਰੋਹ ਦਾ ਸਾਹਮਣਾ ਕਰਨਾ ਪਵੇਗਾ ਅਤੇ ਕਿਸੇ ਵੀ ਅਣਸੁਖਾਵੀਂ ਘਟਨਾ ਲਈ ਮਹਿਕਮਾ ਪਾਵਰਕਾਮ ਤੇ ਪੰਜਾਬ ਸਰਕਾਰ ਜਿੰਮੇਵਾਰ ਹੋਵੇਗੀ।


