ਗੁਰਦਾਸਪੁਰ 25 ਨਵੰਬਰ ( ਸਰਬਜੀਤ ਸਿੰਘ)– ਪਿਛਲੇ ਦਿਨੀਂ ਡੀ.ਈ.ਓ.(ਐਲੀ. ਤੇ ਸੈਕੰ) ਸੰਗਰੂਰ ਕੁਲਤਰਨ ਸਿੰਘ ਵੱਲੋਂ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੇ ਵਿੱਦਿਅਕ ਟੂਰਾਂ ਦੀ ਪ੍ਰਵਾਨਗੀ ਦੇ ਮਸਲੇ ‘ਤੇ ਬਦਲਾ – ਲਊ ਕਾਰਵਾਈ ਤਹਿਤ ਡੈਮੋਕ੍ਰੇਟਿਕ ਟੀਚਰਜ਼ ਫਰੰਟ (ਡੀ.ਟੀ.ਐੱਫ.)ਸੰਗਰੂਰ ਦੇ ਜ਼ਿਲ੍ਹਾ ਪ੍ਰਧਾਨ ਬਲਬੀਰ ਚੰਦ ਲੌਂਗੋਵਾਲ, ਸੀਨੀਅਰ ਮੀਤ ਪ੍ਰਧਾਨ ਦਾਤਾ ਨਮੋਲ , ਮੀਤ ਪ੍ਰਧਾਨ ਪਰਵਿੰਦਰ ਉਭਾਵਾਲ ਅਤੇ ਵਿੱਤ ਸਕੱਤਰ ਯਾਦਵਿੰਦਰ ਪਾਲ ਧੂਰੀ ਦੀ ਬਦਲੀ ਡੀ. ਪੀ.ਆਈ. ਪੰਜਾਬ ਤੋਂ ਦੂਰ – ਦੁਰਾਡੇ ਸਟੇਸ਼ਨਾਂ ‘ਤੇ ਕਰ ਦਿੱਤੀ ਗਈ ਸੀ ਅਤੇ ਪੰਜਾਂ ਆਗੂਆਂ ਤੇ ਐੱਫ.ਆਈ.ਆਰ. ਵੀ ਦਰਜ ਕੀਤੀ ਗਈ ਸੀ। ਭਾਕਿਯੂ (ਏਕਤਾ – ਉਗਰਾਹਾਂ) ਬਦਲਾ-ਲਊ ਕਾਰਵਾਈ ਤਹਿਤ ਪੰਜ ਅਧਿਆਪਕ ਆਗੂਆਂ ਦੀਆਂ ਬਦਲੀਆਂ ਕਰਨ ਤੇ ਐੱਫ.ਆਈ.ਆਰ. ਦਰਜ਼ ਕਰਨ ਦੀ ਸਖ਼ਤ ਨਿਖੇਧੀ ਕਰਦੀ ਹੈ।
ਭਾਰਤੀ ਕਿਸਾਨ ਯੂਨੀਅਨ (ਏਕਤਾ – ਉਗਰਾਹਾਂ) ਦੇ ਸੂਬਾ ਮੀਤ ਪ੍ਰਧਾਨ ਜਨਕ ਸਿੰਘ ਭੂਟਾਲ ਤੇ ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਗੰਢੂਆਂ ਨੇ ਕਿਹਾ ਕਿ ਲੋਕ ਦਬਾਅ ਸਦਕਾ ਚਾਹੇ ਅਧਿਆਪਕ ਆਗੂਆਂ ਦੀਆਂ ਬਦਲੀਆਂ ਦਾ ਫ਼ੈਸਲਾ ਤਾਂ ਸੰਗਰੂਰ ਦੇ ਪ੍ਰਸ਼ਾਸਨ ਨੂੰ ਵਾਪਸ ਲੈਣਾ ਪਿਆ ਹੈ ਪ੍ਰੰਤੂ ਪੰਜਾਂ ਆਗੂਆਂ ‘ਤੇ ਦਰਜ਼ ਕੀਤੀ ਐੱਫ.ਆਈ.ਆਰ ਨੂੰ ਹਾਲੇ ਤੱਕ ਰੱਦ ਨਹੀਂ ਕੀਤਾ ਗਿਆ ਜੋ ਹਕੂਮਤ ਦੇ ਇਰਾਦੇ ਸਾਫ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਐੱਫ.ਆਈ.ਆਰ ਰੱਦ ਕਰਵਾਉਣ ਲਈ ਡੀ.ਟੀ.ਐੱਫ ਜਥੇਬੰਦੀ ਵੱਲੋਂ 25 ਨਵੰਬਰ ਨੂੰ ਸੰਗਰੂਰ ਡੀ.ਸੀ. ਦਫਤਰ ਵਿਖੇ ਰੱਖੇ ਗਏ ਧਰਨੇ ਦੀ ਭਾਕਿਯੂ (ਏਕਤਾ – ਉਗਰਾਹਾਂ) ਵੱਲੋਂ ਡਟਵੀਂ ਹਮਾਇਤ ਕੀਤੀ ਜਾਵੇਗੀ।