ਮਾਨਸਾ, ਗੁਰਦਾਸਪੁਰ, 17 ਜਨਵਰੀ (ਸਰਬਜੀਤ ਸਿੰਘ)– ਪਰਜਾ ਮੰਡਲ ਲਹਿਰ ਦੇ ਮੋਢੀ ਅਮਰ ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਦੀ 91 ਵੀ ਬਰਸੀ ਤੋਂ ਪਹਿਲਾਂ ਸਥਾਨਕ ਬੱਸ ਅੱਡੇ ਸਾਹਮਣੇ ਲੱਗੇ ਉਨ੍ਹਾਂ ਦੇ ਬੁੱਤ ਅਤੇ ਆਲੇ ਦੁਆਲੇ ਦੀ ਸਾਫ਼ ਸਫ਼ਾਈ ਅੱਜ ਸ਼ਹਿਰ ਦੀਆਂ ਇਨਕਲਾਬੀ ਜਥੇਬੰਦੀਆਂ ਅਤੇ ਆਜ਼ਾਦੀ ਸੰਗਰਾਮੀਆਂ ਦੇ ਵਾਰਿਸਾਂ ਵਲੋਂ ਮਿਲ ਕੇ ਕੀਤੀ ਗਈ ਅਤੇ ਸ਼ਹੀਦ ਦੇ ਬੁੱਤ ਨੂੰ ਫੁੱਲਾਂ ਦੇ ਹਾਰ ਪਹਿਨਾਏ ਗਏ।
ਇਸ ਕਾਰਜ ਵਿੱਚ ਪ੍ਰਗਤੀਸ਼ੀਲ ਇਸਤਰੀ ਸਭਾ (ਏਪਵਾ) ਵਲੋਂ ਜਸਬੀਰ ਕੌਰ ਨੱਤ, ਬਲਵਿੰਦਰ ਕੌਰ ਖਾਰਾ, ਈ ਰਿਕਸ਼ਾ ਆਟੋ ਯੂਨੀਅਨ ਮਾਨਸਾ ਵਲੋਂ ਨਿਰਮਲ ਸਿੰਘ, ਧੀਰੇਂਦਰ ਅਤੇ ਰਾਜੂ, ਆਜ਼ਾਦੀ ਸੰਗਰਾਮੀਆਂ ਦੇ ਵਾਰਿਸਾਂ ਵਲੋਂ ਹਰਬੰਸ ਸਿੰਘ ਨਿੱਧੜਕ, ਬਲਜੀਤ ਸਿੰਘ ਸੇਠੀ ਤੇ ਐਡਵੋਕੇਟ ਅਵਤਾਰ ਸਿੰਘ, ਸੀਪੀਆਈ (ਐਮ ਐਲ) ਲਿਬਰੇਸ਼ਨ ਵਲੋਂ ਸੁਖਦਰਸ਼ਨ ਸਿੰਘ ਨੱਤ, ਬਲਵਿੰਦਰ ਸਿੰਘ ਘਰਾਂਗਣਾਂ, ਕਿਸਾਨ ਆਗੂ ਗੁਰਪ੍ਰਣਾਮ ਦਾਸ, ਪੱਤਰਕਾਰ ਜੋਗਿੰਦਰ ਸਿੰਘ ਮਾਨ ਸ਼ਾਮਲ ਸਨ। ਇਸ ਮੌਕੇ ਉਥੇ ਗਮਲਿਆਂ ਵਿਚ ਨਵੇਂ ਫੁੱਲਦਾਰ ਪੌਦੇ ਵੀ ਲਾਏ ਗਏ। ਇਥੇ ਜ਼ਿਕਰ ਯੋਗ ਹੈ ਕਿ ਹਰ ਸਾਲ ਬਰਸੀ ਮੌਕੇ ਸ਼ਹੀਦ ਸੇਵਾ ਸਿੰਘ ਜੀ ਦੇ ਪਿੰਡ ਠੀਕਰੀਵਾਲਾ – ਜਿਥੇ ਸ਼ਹੀਦ ਦੀ ਬਰਸੀ ਮੌਕੇ ਤਿੰਨ ਦਿਨ ਯਾਦਗਾਰੀ ਸਮਾਗਮ ਹੁੰਦੇ ਹਨ – ਤੋਂ ਵੀ ਉਤਸ਼ਾਹੀ ਸੱਜਣ ਮਾਨਸਾ ਪਹੁੰਚ ਕੇ ਸ਼ਹੀਦ ਦੇ ਬੁੱਤ ਦਾ ਆਦਰ ਸਤਿਕਾਰ ਕਰਦੇ ਹਨ।
ਇੰਨਾਂ ਸੰਗਠਨਾਂ ਨੇ ਜਿਥੇ ਐਸ ਐਸ ਪੀ ਮਾਨਸਾ ਤੋਂ ਮੰਗ ਕੀਤੀ ਕਿ ਮੇਨ ਸੜਕ ਉਤੇ ਬਣੀ ਟ੍ਰੈਫਿਕ ਪੁਲਿਸ ਦੀ ਪਿਕਟ ਉਥੇ ਹਟਾ ਕੇ ਨੇੜੇ ਕਿਸੇ ਹੋਰ ਜਗ੍ਹਾ ਬਣਾਈ ਜਾਵੇ, ਕਿਉਂਕਿ ਉਸ ਪਿਕਟ ਨੇ ਸ਼ਹੀਦ ਦੇ ਬੁੱਤ ਨੂੰ ਪੂਰੀ ਤਰ੍ਹਾਂ ਲੁਕਾਇਆਂ ਹੋਇਆ ਹੈ, ਬਾਹਰੋਂ ਆਉਣ ਵਾਲੇ ਲੋਕਾਂ ਨੂੰ ਬੁੱਤ ਨਜ਼ਰ ਹੀ ਨਹੀਂ ਆਉਂਦਾ, ਉਥੇ ਨਗਰ ਪਾਲਿਕਾ ਦੇ ਪ੍ਰਧਾਨ ਤੇ ਕਾਰਜਸਾਧਕ ਅਫ਼ਸਰ ਤੋਂ ਮੰਗ ਕੀਤੀ ਹੈ ਕਿ ਕਿਸੇ ਸਫ਼ਾਈ ਕਰਮਚਾਰੀ ਨੂੰ ਇਸ ਚੌਂਕ ਦੀ ਸਾਫ਼ ਸਫ਼ਾਈ ਲਈ ਪੱਕੇ ਤੌਰ ‘ਤੇ ਜ਼ਿੰਮੇਵਾਰੀ ਦਿੱਤੀ ਜਾਵੇ ਕਿਉਂਕਿ ਇਥੇ ਲਗਾਤਾਰ ਪੈਂਦੀ ਧੂੜ ਘੱਟੇ ਨਾਲ ਚੌਂਕ ਤੇ ਬੁੱਤ ਮਿੱਟੀ ਨਾਲ ਭਰੇ ਰਹਿੰਦੇ ਹਨ, ਜੋ ਕਿ ਸਾਡੇ ਆਜ਼ਾਦੀ ਘੁਲਾਟੀਆਂ ਦੇ ਲੱਗੇ ਹੋਏ ਬੁੱਤਾਂ ਦੀ ਬੇਹੁਰਮਤੀ ਕਰਨ ਦੇ ਤੁੱਲ ਹੈ।


