ਰੋਸ ਪੰਦਰਵਾੜੇ ਤਹਿਤ ਪਿੰਡ ਬਾਜੇ ਵਾਲਾ ਤੇ ਛਾਪਿਆਵਾਲੀ ਵਿੱਖੇ ਰੋਸ ਪ੍ਰਦਰਸ਼ਨ ਕੀਤੇ
ਝੁਨੀਰ/ ਸਰਦੂਲਗੜ੍ਹ,ਗੁਰਦਾਸਪੁਰ,12 ਜਨਵਰੀ (ਸਰਬਜੀਤ ਸਿੰਘ)– ਮਨਰੇਗਾ ਕਾਨੂੰਨ ਨੂੰ ਬਹਾਲ ਕਰਵਾਉਣ ਲਈ, ਮਜਦੂਰ ਵਿਰੋਧੀ ਚਾਰ ਲੇਬਰ ਕੌਡਾ ਨੂੰ ਰੱਦ ਕਰਵਾਉਣ ਲਈ, ਬਿਜਲੀ ਐਕਟ 2025 ਤੇ ਸੀਡ ਬਿੱਲ 2025 ਨੂੰ ਕਰਵਾਉਣ ਲਈ ਆਲ ਇੰਡੀਆ ਟਰੇਡ ਯੂਨੀਅਨ ਕਾਗਰਸ ਏਟਕ ਤੇ ਪੰਜਾਬ ਖੇਤ ਮਜਦੂਰ ਯੂਨੀਅਨ ਦੇ ਸੱਦੇ ਤੇ ਰੋਸ ਪੰਦਰਵਾੜੇ ਤਹਿਤ ਪਿੰਡ ਬਾਜੇ ਵਾਲਾ ਤੇ ਛਾਪਿਆਵਾਲੀ ਵਿੱਖੇ ਮੋਦੀ ਹਕੂਮਤ ਵਿਰੁੱਧ ਅਰਥੀ ਫੂਕ ਮੁਜ਼ਾਹਰੇ ਕੀਤੇ ਗਏ। ਇਸ ਮੌਕੇ ਤੇ ਸੰਬੋਧਨ ਕਰਦਿਆ ਸੀਪੀਆਈ ਤੇ ਆਲ ਇੰਡੀਆ ਟਰੇਡ ਯੂਨੀਅਨ ਕਾਗਰਸ ਏਟਕ ਦੇ ਸੂਬਾਈ ਆਗੂ ਐਡਵੋਕੇਟ ਕੁਲਵਿੰਦਰ ਸਿੰਘ ਉੱਡਤ ਨੇ ਕਿਹਾ ਕਿ ਮੋਦੀ ਹਕੂਮਤ ਕਾਰਪੋਰੇਟ ਘਰਾਣਿਆ ਦੇ ਇਸਾਰਿਆ ਤੇ ਕੰਮ ਕਰਦੀ ਹੋਈ ਕਿਰਤੀਆਂ ਨੂੰ ਬੰਧੂਆ ਮਜਦੂਰ ਬਣਾਉਣ ਤੇ ਤੁਲੀ ਹੋਈ ਹੈ ਤੇ ਦੁਨੀਆਂ ਦੀ ਸਭ ਤੋ ਵੱਡੀ ਰੁਜ਼ਗਾਰ ਦੇਣ ਵਾਲੀ ਮਨਰੇਗਾ ਸਕੀਮ ਦਾ ਭੋਗ ਪਾ ਕੇ ਸਾਮਰਾਏਦਾਰਾ ਲਈ ਫਾਲਤੂ ਤੇ ਸਸਤੀ ਲੇਬਰ ਮੁਹੱਈਆ ਕਰਨ ਵਿੱਚ ਜੁਟੀ ਹੋਈ ਹੈ ।
ਐਡਵੋਕੇਟ ਉੱਡਤ ਨੇ ਕਿਹਾ ਕਿ ਬਦਲਾਅ ਵਾਲੀ ਮਾਨ ਸਰਕਾਰ ਵੀ ਮਨਰੇਗਾ ਸਕੀਮ ਦੇ ਖਤਮ ਹੋਣ ਤੇ ਮਗਰਮੱਛ ਦੇ ਹੰਝੂ ਵਹਾ ਰਹੀ ਹੈ ਬਲਕਿ ਪੰਜਾਬ ਵਿੱਚ ਪਹਿਲਾ ਹੀ ਮਨਰੇਗਾ ਸਕੀਮ ਨੂੰ ਖਤਮ ਕਰ ਚੁੱਕੀ ਹੈ। ਉਨ੍ਹਾਂ ਕਿਹਾ ਕਿ 15 ਜਨਵਰੀ ਨੂੰ ਜ਼ਿਲ੍ਹਾ ਹੈਡਕੁਆਰਟਰ ਤੇ ਪ੍ਰਭਾਵਸ਼ਾਲੀ ਪ੍ਰਦਰਸ਼ਨ ਕੀਤਾ ਜਾਵੇਗਾ ਤੇ ਰਾਸ਼ਟਰਪਤੀ ਨੂੰ ਮੈਮੋਰੰਡਮ ਭੇਜਿਆ ਜਾਵੇਗਾ।
ਇਸ ਮੌਕੇ ਤੇ ਹੋਰਨਾ ਤੋ ਇਲਾਵਾ ਬੂਟਾ ਸਿੰਘ ਬਾਜੇਵਾਲਾ, ਸੁਖਵਿੰਦਰ ਸਿੰਘ ਬਾਜੇਵਾਲਾ, ਗਿਦਰ ਸਿੰਘ , ਨਿਰਮਲ ਸਿੰਘ , ਸੁਖਦੇਵ ਸਿੰਘ ਛਾਪਿਆਂਵਾਲੀ, ਵੀਰਪਾਲ ਕੌਰ ਤੇ ਮਲਕੀਤ ਕੌਰ ਆਦਿ ਵੀ ਹਾਜਰ ਸਨ।


