ਵੱਡੇ ਕਾਰੋਬਾਰੀ ਕਾਰਪੋਰੇਟ ਰਾਜਿੰਦਰ ਗੁਪਤੇ  ਨੂੰ ਸਿਆਸੀ ਅਖਾੜੇ ਦੇ  ਪਹਿਲਵਾਨ  ਵਜੋਂ ਉਤਾਰਨਾ ਆਮ ਆਦਮੀ ਪਾਰਟੀ ਦਾ ਜਮਾਤੀ ਖ਼ਾਸਾ ਹੋਇਆ ਬੇਨਕਾਬ  – ਲਾਭ ਸਿੰਘ ਅਕਲੀਆ

ਮਾਲਵਾ

ਤਪਾ ਮੰਡੀ, ਗੁਰਦਾਸਪੁਰ 11 ਅਕਤੂਬਰ (ਸਰਬਜੀਤ ਸਿੰਘ)—   2022 ਦੀਆਂ ਵਿਧਾਨ ਸਭਾ  ਚੋਣਾ ਸਮੇਂ ਪੰਜਾਬ ਵਿੱਚ ਆਮ ਆਦਮੀ  ਪਾਰਟੀ ਸ਼ਰੇਆਮ  ਜਨਤਾ ਨੂੰ ਬੇਵਕੂਫ਼ ਬਣਾਕੇ ਅਤੇ ਆਮ ਲੋਕਾਂ ਦੀ ਪਾਰਟੀ ਹੋਣ ਦਾ ਜੁਮਲਾ ਦਿਖਾਕੇ ਭਾਰੀ ਬਹੁਮੱਤ ਨਾਲ ਸੱਤਾ ਵਿੱਚ ਆਈ ਸੀ, ਪਰ ਚਾਰ ਸਾਲ ਵਿੱਚ ਬਿੱਲੀ ਥੈਲਿਓਂ ਬਾਹਰ ਆ ਚੁੱਕੀ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਸੀਪੀਆਈ (ਐਮ ਐਲ) ਰੈੱਡ ਸਟਾਰ ਦੇ ਸੂਬਾ ਸਕੱਤਰ ਕਾਮਰੇਡ ਲਾਭ ਸਿੰਘ ਅਕਲੀਆ ਅਤੇ ਮਜ਼ਦੂਰ ਅਧਿਕਾਰ ਅੰਦੋਲਨ ਪੰਜਾਬ ਦੇ ਸੂਬਾਈ ਆਗੂ ਕਾਮਰੇਡ ਨਛੱਤਰ ਸਿੰਘ ਰਾਮਨਗਰ  ਨੇ ਇੱਕ ਸਾਂਝੇ ਬਿਆਨ ਰਾਹੀਂ  ਦੱਸਿਆ ਕਿ   ਅਸੀਂ ਪਿਛਲੇ ਪਜੰਤਰ ਸਾਲ ਤੋਂ ਹੀ ਦੇਖਦੇ ਆ ਰਹੇ ਹਾਂ ਕਿ  ਲਗਭਗ ਸਾਰੀਆਂ ਹੀ ਮੌਕਾਪ੍ਰਸਤ ਸਿਆਸੀ ਪਾਰਟੀਆਂ ਸੱਤ੍ਹਾ ਵਿੱਚ ਪਹੁੰਚਣ ਤੋਂ ਬਾਅਦ ਆਮ ਜਨਤਾ ਨੂੰ ਧੋਖਾ ਦਿੰਦੀਆਂ ਰਹੀਆਂ ਹਨ ਅਤੇ ਹਮੇਸ਼ਾਂ ਪੂੰਜੀਪਤੀਆਂ,  ਵੱਡੇ ਰਜਵਾੜਿਆਂ ਅਤੇ ਧਨੀ ਕਿਸਾਨਾਂ ਦੀ ਸੇਵਾ  ਕਰਦੀਆਂ ਰਹੀਆਂ ਹਨ।  ਪਰ  ਇਨਕਲਾਬ ਜ਼ਿੰਦਾਬਾਦ ਦੇ ਨਾਹਰੇ ਲਾਉਣ ਵਾਲੀ  ਅਤੇ ਬਦਲਾਓ ਦੇ ਦਾਅਵੇ ਕਰਨ ਵਾਲੀ ਪਾਰਟੀ ਆਮ ਆਦਮੀ ਪਾਰਟੀ ਬਹੁਤ ਛੇਤੀ ਪੂੰਜੀਪਤੀਆਂ ਦੀ ਗੋਦ ਵਿੱਚ ਜਾ ਬੈਠੀ ਹੈ। ਅੱਜ ਇਸਦੀਆਂ  ਨੀਤੀਆਂ  ਜੱਗ ਜ਼ਾਹਰ ਹੋ ਗਈਆਂ  ਹਨ।  ਭਗਵੰਤ ਮਾਨ ਸਰਕਾਰ ਵੱਲੋਂ  ਹਮੇਸ਼ਾ  ਵੱਡੇ  ਕਾਰਪੋਰੇਟਾਂ ਅਤੇ ਵੱਡੀਆਂ ਜਗੀਰਾਂ ਵਾਲਿਆਂ ਨੂੰ ਫਾਇਦਾ ਪਹੁੰਚਾਉਣ ਦੇ ਲਈ  ਗ਼ਰੀਬ ਕਿਸਾਨਾਂ ਤੋਂ ਜ਼ਮੀਨਾਂ ਖੋਹਣ ਅਤੇ ਮਜ਼ਦੂਰਾਂ- ਕਿਸਾਨਾਂ ਅਤੇ ਮੁਲਾਜ਼ਮਾਂ ਵਿਰੋਧੀ  ਫ਼ੈਸਲੇ ਕਰਕੇ ਮੋਦੀ ਸਰਕਾਰ ਦੀਆਂ ਨੀਤੀਆਂ ਦੀ ਹੀ ਜੈ – ਜੈ ਕਾਰ ਕਰਦੀ ਆ ਰਹੀ ਹੈ। ਹੁਣ ਗ਼ਰੀਬ ਕਿਸਾਨ, ਮਜ਼ਦੂਰ ਅਤੇ ਮੁਲਾਜ਼ਮ ਆਪ ਪਾਰਟੀ ਦਾ ਜਮਾਤੀ ਖ਼ਾਸਾ ਸਮਝ ਗਏ ਹਨ। ਕੇਜਰੀਵਾਲ ਅਤੇ ਭਗਵੰਤ ਮਾਨ ਨੂੰ ਵੀ ਪਤਾ  ਲੱਗ ਚੁੱਕਾ ਹੈ ਕਿ ਆਮ ਜਨਤਾ  ਨੂੰ ਹਮੇਸ਼ਾਂ ਲਈ ਮੂਰਖ਼ ਨਹੀਂ ਬਣਾ ਸਕਦਾ।  ਇਸੇ ਕਰਕੇ ਉਹਨਾਂ ਵੱਲੋਂ ਦੁਵਾਰਾ ਰਾਜਸੱਤ੍ਹਾ ਪ੍ਰਾਪਤ ਕਰਨ ਲਈ  ਮੋਦੀ -ਅਮਿੱਤ ਸ਼ਾਹ ਦੀ ਤਰ੍ਹਾਂ ਵੱਡੇ ਕਾਰਪੋਰੇਟ ਪੂੰਜੀਪਤੀਆਂ ਅਤੇ ਵੱਡੀਆਂ ਜ਼ਮੀਨਾਂ – ਜਾਇਦਾਦਾਂ ਦੇ ਮਾਲਕਾਂ ਦੀ ਕਿਸਤੀ ਵਿੱਚ ਸਵਾਰ ਹੋ ਗਏ ਹਨ ਅਤੇ ਪੰਜਾਬ ਦੇ ਵੱਡੇ ਸਨਅਤਕਾਰ ਰਜਿੰਦਰ ਗੁਪਤੇ  ਨੂੰ ਸਿਆਸਤ ਵਿੱਚ ਉਤਾਰਕੇ ਰਾਜ ਸਭਾ ਵਿੱਚ ਭੇਜਿਆ ਜਾ ਰਿਹਾ ਹੈ। ਆਗੂਆਂ ਨੇ ਇਹ ਵੀ ਕਿਹਾ ਕਿ ਇਸ ਵੇਲੇ ਦੇਸ਼ ਦੀ ਰਾਜਸੱਤ੍ਹਾ  ਹਜ਼ਾਰਾਂ ਅਰਬਪਤੀਆਂ ਦੇ ਪੂਰੀ ਤਰ੍ਹਾਂ  ਕੰਟ੍ਰੋਲ ਹੇਠ ਹੈ। ਜਿਨ੍ਹਾਂ ਵੱਲੋਂ ਸਾਰੇ ਕਿਰਤ ਕਾਨੂੰਨ ਖ਼ਤਮ ਕੀਤੇ ਗਏ ਹਨ ਅਤੇ ਜਨਤਾ ਦੀ ਤਿੱਖੀ ਲੁੱਟ ਕਰਨ ਦੇ ਲਈ ਜੋ ਨਵੀਂਆਂ ਆਰਥਿਕ ਨੀਤੀਆਂ ਘੜੀਆਂ ਜਾ ਰਹੀਆਂ ਹਨ, ਜਾਂ ਗ਼ਰੀਬ ਕਿਸਾਨਾਂ ਤੋਂ  ਜ਼ਮੀਨਾਂ ਖੋਹਣ ਦੀਆਂ ਬਾਰ ਬਾਰ ਚਾਲਾਂ ਚੱਲੀਆਂ ਜਾ ਰਹੀਆਂ ਹਨ , ਲੱਖਾਂ ਸਰਕਾਰੀ ਸਕੂਲ ਬੰਦ ਕਰਕੇ ਗ਼ਰੀਬ ਪ੍ਰੀਵਾਰਾਂ ਦੇ ਬੱਚਿਆਂ ਤੋਂ ਸਿੱਖਿਆ ਖੋਹੀ ਜਾ ਰਹੀ ਹੈ, ਬੇਰੁਜ਼ਗਾਰ ਨੌਜਵਾਨਾਂ ਨੂੰ ਸੜਕਾਂ ਤੇ ਰੁਲਣ ਲਈ ਮਜਬੂਰ ਕੀਤਾ ਜਾ ਰਿਹਾ ਹੈ। ਇਹਨਾਂ ਸਾਰੀਆਂ ਲੋਕ ਵਿਰੋਧੀ ਨੀਤੀਆਂ ਨੂੰ ਦੇਸ਼ ਦੀ ਪਾਰਲੀਮੈਂਟ ਵਿੱਚ ਨਹੀਂ, ਸਗੋਂ ਕਾਰਪੋਰੇਟ  ਹਾਊਸਾਂ ਵਿੱਚ ਤਿਆਰ ਕੀਤਾ ਜਾ ਰਿਹਾ ਹੈ। ਇਸੇ ਕਰਕੇ ਰਾਜਿੰਦਰ ਗੁਪਤੇ ਵਰਗੇ ਸੰਸਦ ਵਿੱਚ ਪਹੁੰਚ ਕੇ ਕਿਹੋ ਜਿਹੀਆਂ ਨੀਤੀਆਂ ਨੂੰ ਅੰਜ਼ਾਮ ਦੇਣਗੇ, ਇਹ ਕਿਸੇ ਤੋਂ ਭੁੱਲਿਆ ਹੋਇਆ ਨਹੀਂ ਹੈ। ਆਗੂਆਂ ਨੇ ਕਿਹਾ ਕਿ ਜਿਵੇਂ ਪਿਛਲੇ  ਗਿਆਰਾਂ ਸਾਲਾਂ ਤੋਂ ਅੰਬਾਨੀ – ਅਡਾਨੀ ਵਰਗੇ ਮਹਾਂ ਭ੍ਰਿਸ਼ਟ ਅਮੀਰਾਂ ਦਾ ਮੋਦੀ ਸਰਕਾਰ ਦੇ ਸਿਰ ‘ਤੇ ਅਸ਼ੀਰਵਾਦ ਦਾ ਹੱਥ ਰਿਹਾ ਹੈ, ਉਸੇ ਤਰ੍ਹਾਂ ਕੇਜਰੀਵਾਲ ਅਤੇ ਭਗਵੰਤ ਮਾਨ ਵੀ ਰਾਜਿੰਦਰ ਗੁਪਤੇ ਵਰਗੇ ਵੱਡੇ ਥੈਲੀ ਸ਼ਾਹਾਂ ਦੀ ਝੋਲੀ ‘ਚ ਬਹਿ ਗਏ ਹਨ ਅਤੇ ਵੱਡੇ ਕਾਰਪੋਰੇਟ ਰਾਜਿੰਦਰ  ਗੁਪਤੇ ਨੂੰ ਸਿਆਸੀ ਅਖਾੜੇ ਦਾ  ਚੈਂਪੀਅਨ ਬਣਾਉਣਾ ਚਾਹੁੰਦੇ ਹਨ ਤਾਂ ਕਿ ਉਹ ਪੰਜਾਬ ਦਾ ਅੰਬਾਨੀ -ਅਡਾਨੀ  ਬਣ  ਸਕੇ। ਕੇਜਰੀਵਾਲ ਅਤੇ ਭਗਵੰਤ ਮਾਨ ਪੰਜਾਬ ਦੇ ਵਿਕਾਸ ਦਾ ਨਕਲੀ ਝੰਡਾ ਹੋਰ ਉੱਚਾ ਲਹਿਰਾਅ ਸਕਣ। ਇਸਦੇ ਨਾਲ ਹੀ ਆਮ ਆਦਮੀ ਪਾਰਟੀ  ਉਹਨਾਂ ਦੇ ਪੈਸੇ ਦੇ ਬਲਬੂਤੇ  ਦੁਵਾਰਾ ਰਾਜਸੱਤ੍ਹਾ ਦਾ ਆਨੰਦ ਮਾਣ ਸਕੇ।

Leave a Reply

Your email address will not be published. Required fields are marked *