ਗੁਰਦਾਸਪੁਰ, 19 ਅਕਤੂਬਰ (ਸਰਬਜੀਤ ਸਿੰਘ)–ਸੀ.ਪੀ.ਆਈ (ਐਮ.ਐਲ) ਲਿਬਰੇਸ਼ਨ ਦੇ ਕੇਂਦਰੀ ਕਮੇਟੀ ਮੈਂਬਰ ਕਾਮਰੇਡ ਸੁਖਦਰਸ਼ਨ ਸਿੰਘ ਨੱਤ ਨੇ ਕਿਹਾ ਕਿ ਰਖਿਆ ਮੰਤਰੀ ਰਾਜਨਾਥ ਸਿੰਘ ਵਲੋਂ ਕੱਲ ਗਾਂਧੀਨਗਰ ਵਿਖੇ ਦਿੱਤੇ ਉਸ ਬਿਆਨ ਨੂੰ ਦੇਸ਼ ਦੀ ਨਿਆਂ ਪਾਲਿਕਾ, ਸੋਸ਼ਲ ਮੀਡੀਆ, ਐਨਜੀਓਜ਼ ਤੇ ਲੋਕਤੰਤਰ ਦੀ ਪਹਿਲੋਂ ਹੀ ਸੀਮਤ ਆਜ਼ਾਦੀ ਲਈ ਅਤਿਅੰਤ ਘਾਤਕ ਕਰਾਰ ਦਿੱਤਾ ਹੈ, ਜਿਸ ਵਿਚ ਉਨਾਂ ਨੇ ਕਿਹਾ ਹੈ ਕਿ ਦੇਸ਼ ਵਿਰੋਧੀ ਤਾਕਤਾਂ ਵਲੋਂ ਇੰਨਾਂ ਦੀ ਦੁਰਵਰਤੋਂ “ਦੇਸ਼ ਦੀ ਸੁਰੱਖਿਆ ਨੂੰ ਤਬਾਹ ਕਰਨ ਲਈ ਕੀਤੀ ਜਾ ਸਕਦੀ ਹੈ।”
ਉਨਾਂ ਵਲੋਂ ਜਾਰੀ ਇਕ ਬਿਆਨ ਵਿਚ ਕਿਹਾ ਗਿਆ ਹੈ ਕਿ ਇਸ ਬਿਆਨ ਤੋਂ ਜ਼ਾਹਰ ਹੈ ਕਿ “ਦੇਸ਼ ਦੀ ਸੁਰੱਖਿਆ” ਦੀ ਆੜ ਵਿਚ ਮੋਦੀ ਸਰਕਾਰ ਨਿਆਂ ਪਾਲਿਕਾ, ਸੋਸ਼ਲ ਮੀਡੀਆ, ਗੈਰ ਸਰਕਾਰੀ ਸੰਗਠਨਾਂ ਅਤੇ ਲੋਕਤੰਤਰ ਦੇ ਸੰਵਿਧਾਨਕ ਅਦਾਰਿਆਂ ਦੀ ਰਹੀ ਸਹੀ ਸੁਤੰਤਰਤਾ ਦਾ ਵੀ ਭੋਗ ਪਾਉਣ ਅਤੇ ਦੇਸ਼ ਉਤੇ ਨੰਗੀ ਚਿੱਟੀ ਫਾਸਿਸਟ ਤਾਨਾਸ਼ਾਹੀ ਥੋਪਣ ਦੀ ਤਿਆਰੀ ਕਰ ਰਹੀ ਹੈ। ਲਿਬਰੇਸ਼ਨ ਆਗੂ ਦਾ ਕਹਿਣਾ ਹੈ ਕਿ ਰਾਜਨਾਥ ਸਿੰਘ ਨੇ ਅਪਣੇ ਬਿਆਨ ਵਿਚ ਇਹ ਵੀ ਕਿਹਾ ਹੈ ਕਿ ‘ਜੇ ਕਿਸੇ ਦੇਸ਼ ਵਿਚ ਗਤੀਸ਼ੀਲ ਜਮਹੂਰੀਅਤ ਹੈ ਤਾਂ ਇਸ ਦੀ ਏਕਤਾ ਤੇ ਸੁਰਖਿਆ ਉਤੇ ਹਮਲੇ ਲਈ ਸਿਆਸੀ ਪਾਰਟੀਆਂ ਵਿਚ ਸੰਨ ਲਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ।’ ਜਿਸ ਤੋਂ ਸਪਸ਼ਟ ਹੈ ਕਿ ਨਿਕਟ ਭਵਿੱਖ ਵਿਚ ਮੋਦੀ ਸਰਕਾਰ ਜਦੋਂ ਚਾਹੇ ਇਹ ਤਰਕ ਦੇ ਕੇ ਕਿਸੇ ਵੀ ਸਿਆਸੀ ਪਾਰਟੀ ਉਤੇ ਪਾਬੰਦੀ ਲਗਾ ਸਕਦੀ ਹੈ ਕਿ ਇਸ ਵਿਚ ਦੇਸ਼ ਵਿਰੋਧੀ ਅਨਸਰ ਸੰਨ ਲਾ ਚੁੱਕੇ ਹਨ। ਇਸ ਲਈ ਨਿਆਂ ਪਾਲਿਕਾ, ਮੀਡੀਆ ਤੇ ਲੋਕਤੰਤਰ ਦੀ ਆਜ਼ਾਦੀ ਲਈ ਚਿੰਤਤ ਤੇ ਸਰਗਰਮ ਤਮਾਮ ਸਮਾਜਿਕ ਸਿਆਸੀ ਸ਼ਕਤੀਆਂ ਨੂੰ ਮੋਦੀ ਸਰਕਾਰ ਦੇ ਰਖਿਆ ਮੰਤਰੀ ਦੇ ਇਸ ਬਿਆਨ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ ਅਤੇ ਇਸ ਦਾ ਡੱਟ ਕੇ ਵਿਰੋਧ ਕਰਨਾ ਚਾਹੀਦਾ ਹੈ।


