ਐੱਨ.ਜੀ.ਓ. ਵੱਲੋਂ ਹੜ੍ਹ ਪੀੜ੍ਹਤਾਂ ਲਈ ਜ਼ਰੂਰੀ ਸਮਾਨ ਦਾ ਟਰੱਕ ਜ਼ਿਲ੍ਹਾ ਪ੍ਰਸ਼ਾਸ਼ਨ ਨੂੰ ਭੇਂਟ
ਹੜ੍ਹ ਪ੍ਰਭਾਵਿਤ ਪਰਿਵਾਰਾਂ ਨੂੰ ਜ਼ਰੂਰੀ ਸਮਾਨ ਦੀ ਫੈਮਿਲੀ ਕਿਟ ਮੁੱਹਈਆ ਕਰਵਾਈ ਜਾਵੇਗੀ – ਸਮਾਜ ਸੇਵਕ ਵਿਨੋਦ ਮਹਾਜਨ
ਗੁਰਦਾਸਪੁਰ, 11 ਸਤੰਬਰ (ਸਰਬਜੀਤ ਸਿੰਘ) – ਜ਼ਿਲ੍ਹਾ ਗੁਰਦਾਸਪੁਰ ਦੇ ਹੜ੍ਹ ਪ੍ਰਭਾਵਿਤ ਲੋਕਾਂ ਦੀ ਸਹਾਇਤਾ ਲਈ ਜਿੱਥੇ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਯਤਨ ਲਗਾਤਾਰ ਜਾਰੀ ਹਨ ਓਥੇ ਸਮਾਜ ਸੇਵੀ ਸੰਸਥਾਵਾਂ ਵੀ ਹੜ੍ਹ ਪੀੜ੍ਹਤਾਂ ਦੀ ਦਿਲ ਖੋਲ੍ਹ ਕੇ ਮਦਦ ਕਰ ਰਹੀਆਂ ਹਨ। ਇਸੇ ਤਰ੍ਹਾਂ ਹੀ ਨਵੀਂ ਦਿੱਲੀ ਦੀ ਐਨਜੀਓ ਸਹਿਯੋਗ ਕੇਅਰ ਫਾਰ ਯੂ ਹੜ੍ਹ ਪੀੜ੍ਹਤਾਂ ਦੀ ਮਦਦ ਲਈ ਅੱਗੇ ਆਈ ਹੈ। ਇਸ ਸੰਸਥਾ ਵੱਲੋਂ ਹੜ੍ਹ ਪੀੜ੍ਹਤਾਂ ਲਈ ਜ਼ਰੂਰੀ ਸਮਾਨ ਦਾ ਟਰੱਕ ਜ਼ਿਲ੍ਹਾ ਪ੍ਰਸ਼ਾਸਨ ਨੂੰ ਭੇਟ ਕੀਤਾ ਗਿਆ ਹੈ। ਇਸ ਰਾਹਤ ਸਮਗਰੀ ਨੂੰ ਜ਼ਿਲ੍ਹਾ ਸਹਾਇਤਾ ਕੇਂਦਰ ਦੇ ਨੋਡਲ ਅਧਿਕਾਰੀ ਆਰ.ਟੀ.ਓ. ਮੈਡਮ ਨਵਜੋਤ ਸ਼ਰਮਾ ਵੱਲੋਂ ਪ੍ਰਾਪਤ ਕੀਤਾ ਗਿਆ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਨਜੀਓ ਦੇ ਪ੍ਰਬੰਧਕਾਂ ਵੱਲੋਂ ਦੱਸਿਆ ਗਿਆ ਕਿ ਉਹਨਾਂ ਦੀ ਸੰਸਥਾ ਮਨੁੱਖਤਾ ਦੀ ਭਲਾਈ ਲਈ ਦੇਸ਼ ਭਰ ਵਿੱਚ ਸਰਗਰਮ ਹੈ ਅਤੇ ਜਿਵੇਂ ਹੀ ਉਹਨਾਂ ਨੂੰ ਪਤਾ ਲੱਗਾ ਕਿ ਪੰਜਾਬ ਵਿੱਚ ਇਸ ਵਾਰ ਭਾਰੀ ਹੜ ਆਇਆ ਹੈ ਤਾਂ ਉਹਨਾਂ ਵੱਲੋਂ ਹੜ ਪ੍ਰਭਾਵਿਤ ਲੋਕਾਂ ਲਈ ਸਹਾਇਤਾ ਦਿੱਤੀ ਗਈ ਅਤੇ ਸੰਸਥਾ ਵੱਲੋਂ ਇੱਕ ਟਰੱਕ ਅੱਜ ਜ਼ਿਲ੍ਹਾ ਪ੍ਰਸ਼ਾਸਨ ਗੁਰਦਾਸਪੁਰ ਵੱਲੋਂ ਨਿਯੁਕਤ ਨੋਡਲ ਅਫਸਰ ਆਰ.ਟੀ.ਏ. ਨਵਜੋਤ ਸ਼ਰਮਾ ਨੂੰ ਭੇਂਟ ਕੀਤਾ ਗਿਆ। ਉਹਨਾਂ ਦੱਸਿਆ ਕਿ ਐਨਜੀਓ ਵੱਲੋਂ ਹੜ ਪੀੜਤਾਂ ਨੂੰ ਭੇਂਟ ਕੀਤੇ ਸਮਾਨ ਵਿੱਚ ਮਹਿਲਾਵਾਂ, ਬੱਚਿਆਂ , ਬਜ਼ੁਰਗਾਂ ਲਈ ਜ਼ਰੂਰੀ ਸਮਾਨ ਮੁਹਈਆ ਕਰਵਾਇਆ ਗਿਆ ਹੈ, ਜਿਸ ਵਿੱਚ ਖਾਣ ਪੀਣ ਦਾ ਸਮਾਨ ਆਦਿ ਵੀ ਸ਼ਾਮਿਲ ਹੈ।
ਇਹ ਸਾਰਾ ਸਮਾਨ ਐਨ.ਜੀ.ਓ ਦੇ ਮੈਂਬਰ ਸਮਾਜ ਸੇਵਕ ਵਿਨੋਦ ਮਹਾਜਨ ਦੀ ਅਗਵਾਈ ਵਿਚ ਹੋਰ ਮੈਂਬਰਾਨ ਸਾਹਿਲ, ਤਰੁਣ ਮਹਾਜਨ ,ਵਿਕਾਸ, ਰਵਿੰਦਰ ਸੋਡੀ, ਰਕੇਸ਼, ਰਿਸ਼ੀ ਅਸ਼ਵਨੀ, ਰਾਮ ਜੀ, ਅਨੂਪ ਵੱਲੋਂ ਜਿਲ੍ਹਾ ਪ੍ਰਸ਼ਾਸ਼ਨ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਹੜ੍ਹ ਪੀੜਤ ਇਲਾਕੇ ਦੇ ਘਰ-ਘਰ ਜਾ ਕੇ ਲੋੜਵੰਦਾਂ ਨੂੰ ਭੇਂਟ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਐਨਜੀਓ ਵੱਲੋਂ ਫਿਰ ਦੁਬਾਰਾ ਜ਼ਿਲ੍ਹਾ ਪ੍ਰਸ਼ਾਸਨ ਗੁਰਦਾਸਪੁਰ ਨੂੰ ਹੜ ਪੀੜਤਾਂ ਦੀ ਸਹਾਇਤਾ ਲਈ ਪੂਰਾ ਯੋਗਦਾਨ ਦੇਣ ਲਈ ਵਚਨਬੱਧ ਹੈ।


