ਬਰਨਾਲਾ, ਗੁਰਦਾਸਪੁਰ 11 ਸਤੰਬਰ (ਸਰਬਜੀਤ ਸਿੰਘ)– ਅੰਤਰਰਾਸ਼ਟਰੀ ਵਿਭਾਗ ਸੀਪੀਆਈ (ਐਮ ਐਲ) ਰੈੱਡ ਸਟਾਰ ਲਾਭ ਸਿੰਘ ਅਕਲੀਆ ਨੇ ਕਿਹਾ ਕਿ ਸਾਡੇ ਗੁਆਂਢੀ ਮੁਲਕ ਨੇਪਾਲ ਅੰਦਰ 7 ਸਤੰਬਰ ਤੋਂ ਲੈਕੇ ਹੁਣ ਤੱਕ ਵਿਦਿਆਰਥੀਆਂ (ਜੇਨਰੇਸ਼ਨ ਜੈਡ) ਅਤੇ ਸ਼ਹਿਰੀ ਨੌਜਵਾਨਾਂ ਵੱਲੋਂ ਪ੍ਰਧਾਨ ਮੰਤਰੀ ‘ਸ਼ਰਮਾ ਓਲੀ’ ਸਰਕਾਰ ਦੇ ਖ਼ਿਲਾਫ਼ ਜ਼ਬਰਦਸਤ ਅੰਦੋਲਨ ਸ਼ੁਰੂ ਕੀਤਾ ਗਿਆ ਹੈ, ਜੋ ਮੂਲ ਰੂਪ ਵਿੱਚ ਸਰਕਾਰ ਵੱਲੋਂ ਸੋਸ਼ਲ ਮੀਡੀਆ ਉੱਪਰ ਲਾਈ ਗਈ ਪਾਬੰਦੀ ਦੇ ਖ਼ਿਲਾਫ਼ ‘ਨਵੀਂ ਪੀੜ੍ਹੀ’ ਦੇ ਗੁੱਸੇ ਨੇ ਇੱਕ ਵੱਡੇ ਅੰਦੋਲਨ ਦਾ ਰੂਪ ਧਾਰਨ ਕਰ ਲਿਆ। ਪਿਛਲੇ ਦੋ ਦਿਨਾਂ ਵਿੱਚ ਇਹ ਗੁੱਸਾ ਲਗਾਤਾਰ ਵਧਦਾ ਜਾ ਰਿਹਾ ਹੈ ਅਤੇ ਇਹ ਹਿੰਸਕ ਘਟਨਾਵਾਂ ਵਿੱਚ ਬਦਲ ਗਿਆ ਹੈ। ਸ਼ਰਮਾ ਓਲੀ ਸਰਕਾਰ ਦੇ ਭ੍ਰਿਸ਼ਟਾਚਾਰ,ਭਾਈ ਭਤੀਜ਼ਾਵਾਦ ਅਤੇ ਸਰਕਾਰੀ ਜ਼ਬਰ ਦੇ ਖ਼ਿਲਾਫ਼, ਆਮ ਜਨਤਾ ਦੀ ਤਿੱਖੀ ਅਲੋਚਨਾ, ਲੁੱਟ ਖਸੁੱਟ ਤੋਂ ਇਲਾਵਾ ਵਿਰੋਧੀ ਰਾਜਨੀਤਕ ਪਾਰਟੀਆਂ ਦੀਆਂ ਬੇਸ਼ਰਮ ਲੋਕ ਵਿਰੋਧੀ ਨੀਤੀਆਂ ਦੇ ਕਾਰਨ ਸ਼ੋਸ਼ਲ ਮੀਡੀਆ ਉੱਪਰ ਪਾਬੰਦੀ ਦੇ ਖ਼ਿਲਾਫ਼ ਚੱਲ ਰਿਹਾ ਇਹ ਅੰਦੋਲਨ ਅਚਾਨਕ ਵੱਡੇ ਪੱਧਰ ‘ਤੇ ਹਿੰਸਾ ਵਿੱਚ ਤਬਦੀਲ ਹੋ ਗਿਆ ਹੈ। ਜਿਸਦੇ ਕਾਰਨ ਓਲੀ ਸਰਕਾਰ ਨੂੰ ਅਸਤੀਫ਼ਾ ਦੇਣਾ ਪਿਆ। 8 ਸਤੰਬਰ ਦੀ ਸ਼ਾਮ ਨੂੰ ਭਾਵੇਂ ਸ਼ੋਸ਼ਲ ਮੀਡੀਆ ਤੇ ਲੱਗੀ ਪਾਬੰਦੀ ਹਟਾ ਲਈ ਗਈ ਸੀ, ਫਿਰ ਵੀ ਅੰਦੋਲਨਕਾਰੀਆਂ ਨੇ ਕਈ ਸਰਕਾਰੀ ਭਵਨਾਂ ‘ਤੇ ਧਾਵਾ ਬੋਲ ਦਿੱਤਾ। ਨੇਪਾਲੀ ਸੰਸਦ ਅਤੇ ਸਰਕਾਰੀ ਇਮਾਰਤਾਂ ਨੂੰ ਵੱਡੇ ਪੱਧਰ ‘ਤੇ ਅੱਗ ਦੇ ਹਵਾਲੇ ਕਰ ਦਿੱਤਾ ਗਿਆ। ਸੈਂਕੜੇ ਮੋਟਰਸਾਈਕਲ, ਕਾਰਾਂ ਅਤੇ ਹੋਰ ਵਾਹਨਾਂ ਨੂੰ ਅੱਗ ਦੀ ਭੇਂਟ ਚਾੜ੍ਹ ਦਿੱਤਾ ਹੈ। ਇਥੋਂ ਤੱਕ ਕਿ ਵੱਖ ਵੱਖ ਰਾਜਨੀਤਿਕ ਪਾਰਟੀਆਂ ਦੇ ਵੱਡੇ ਨੇਤਾਵਾਂ ਦੇ ਘਰਾਂ ਨੂੰ ਵੀ ਨਹੀਂ ਬਖਸ਼ਿਆ।
ਨੇਪਾਲ ਸੈਨਾ ਵੱਲੋਂ ਦੇਰੀ ਨਾਲ ਦਖ਼ਲ ਦੇਣ ਕਰਕੇ ਸੁਰੱਖਿਆ ਅਭਿਆਨ ਦੀ ਕਮਾਂਡ ਖੁਦ ਸੰਭਾਲ ਲਈ ਹੈ। ਫ਼ੌਜ ਵੱਲੋਂ ਦੇਸ਼ਵਿਆਪੀ ਹੁਕਮ ਚਾੜਨ ਅਤੇ ਕਰਫਿਊ ਲਗਾਕੇ, ਫ਼ੌਜੀ ਜਵਾਨਾਂ ਵੱਲੋਂ ਗਸ਼ਤ ਤੇਜ਼ ਕਰ ਦਿੱਤੀ ਹੈ। ਸੈਨਾਂ -ਪੁਲਿਸ ਅਤੇ ਬਿਉਰੋ ਕੁਰੈਸ਼ੀ ਵੱਲੋਂ ਸਾਂਝੀ ਅਪੀਲ ਰਾਹੀਂ ਨੌਜਵਾਨਾਂ ਨੂੰ ਸ਼ਾਂਤੀ ਵਰਤਣ ਲਈ ਅਪੀਲ ਕੀਤੀ ਗਈ, ਤਾਂ ਂਕਿ ਸ਼ਾਂਤਮਈ ਰਾਜਨੀਤਕ ਗੱਲਬਾਤ ਦੇ ਜ਼ਰੀਏ ਹੱਲ ਕਰਨ ਦਾ ਯਤਨ ਕੀਤਾ ਜਾ ਸਕੇ। ਪਰ ਹਾਲਾਤ ਅਜੇ ਵੀ ਅਸਥਿਰ ਬਣੇ ਹੋਏ ਹਨ ਅਤੇ ਦੇਸ਼ ਦੀਆਂ ਭਵਿੱਖੀ ਹਾਲਤਾਂ ਨੂੰ ਦੇਖਦੇ ਹੋਏ ਅਜੇ ਵੀ ਅਨਿਸ਼ਚਤਤਾ ਬਣੀ ਹੋਈ ਹੈ। ਤਾਜ਼ਾ ਖ਼ਬਰਾਂ ਅਨੁਸਾਰ ਨੇਪਾਲ ਦੇ ਰਾਸ਼ਟਰਪਤੀ ‘ਪੌਡੇਲ’ ਵੱਲੋਂ “ਜੇਨਰੇਸ਼ਨ ਜੈਡ” ਅੰਦੋਲਨਕਾਰੀਆਂ ਅਤੇ ਨੇਪਾਲ ਸੈਨਾਂ ਨਾਲ ਮੁਲਾਕਾਤ ਕਰਕੇ ਇਸ ਰਾਜਨੀਤਕ ਮਸਲੇ ਦਾ ਸ਼ਾਂਤੀਪੂਰਨ ਹੱਲ ਕੱਢਣ ਲਈ ਵੱਖ ਵੱਖ ਧਿਰਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਇਸ ਸਮੇਂ,ਨਾ ਕੇਵਲ ਸੱਤਾਧਾਰੀ ਦਲ ਬਲਕਿ ਮੁੱਖ ਧਾਰਾ ਦੇ ਖੱਬੇ ਪੱਖੀ, ਜਿਨ੍ਹਾਂ ਵਿੱਚ ਮਾਓਵਾਦੀ ਵੀ ਸ਼ਾਮਲ ਹਨ, ਸਾਰੇ ਦੇ ਸਾਰੇ ਨਵ-ਉਦਾਰਵਾਦੀ, ਅਰਾਜਨੀਤਕ, ਭ੍ਰਿਸ਼ਟ ਅਤੇ ਦਿਸ਼ਾਹੀਣ ਹੋ ਚੁੱਕੇ ਹਨ। ਮੌਜੂਦਾ ਸੰਘਰਸ਼ ਵਿਦਿਆਰਥੀਆਂ ਅਤੇ ਸ਼ਹਿਰੀ ਨੌਜ਼ਵਾਨਾਂ ਦੁਆਰਾ ਚਲਾਇਆ ਜਾ ਰਿਹਾ ਹੈ। ਜਦੋਂ ਕਿ ਮਜ਼ਦੂਰਾਂ ਅਤੇ ਪੇਂਡੂ ਜਨਤਾ ਦੀ ਵਿਆਪਕ ਭਾਗੀਦਾਰੀ ਇਸ ਵਿੱਚ ਬਹੁਤੀ ਨਹੀਂ ਹੈ। ਪ੍ਰਾਪਤ ਸੂਚਨਾਵਾਂ ਅਨੁਸਾਰ ਭਾਵੇਂ ਅੰਦੋਲਨਕਾਰੀਆਂ ਦਾ ਭ੍ਰਿਸ਼ਟਾਚਾਰੀਆਂ ਅਤੇ ਹਾਕਮ ਜਮਾਤਾਂ ਦੀ ਉਦਾਸੀਨਤਾ ਦੇ ਖ਼ਿਲਾਫ਼ ਸੰਘਰਸ਼ ਸਲਾਹੁਣਯੋਗ ਹੈ। ਲੇਕਿਨ ਉਹਨਾਂ ਦਾ ਅਜੇ ਤੱਕ ਸੱਜੇ ਪੱਖੀ ਨਵਉਦਾਰਵਾਦੀ ਨੀਤੀਆਂ ਦੇ ਵਿਰੁੱਧ ਕੋਈ ਬਦਲਵੇਂ ਰੂਪ ਵਿੱਚ ਸਾਹਮਣੇ ਨਹੀਂ ਆਇਆ।
ਕਿਉਂ ਕਿ ਹਾਲਾਤ ਬੇਹੱਦ ਅਸਥਿਰ ਹਨ, ਉੱਭਰਦੇ ਬਦਲਾ ਵੀ ਭਵਿੱਖ ਦੇ ਲਈ ਕੋਈ ਸ਼ੁਭ ਸੰਕੇਤ ਨਹੀਂ ਦੇ ਰਹੇ। ਉਦਾਹਰਣ ਦੇ ਲਈ ਰਾਸ਼ਟਰੀ ਸਵਤੰਤਰ ਪਾਰਟੀ (RSP) ਦੇ ਰਵੀ ਲਾਮਿਛਾਨ, ਜੋ ਰਾਜਤੰਤਰ ਸਮਰਥਕ ਅਤੇ ਭਾਰਤ ਪ੍ਰਸਤ ਰੁਝਾਨ ਦੇ ਲਈ ਜਾਣੇਂ ਜਾਂਦੇ ਹਨ, ਇਹ ਇੱਕ ਪ੍ਰਮੁੱਖ ਚੇਹਰਾ ਬਣਕੇ ਉੱਭਰਿਆ ਹੈ। ਉਸਦੀ ਪਾਰਟੀ ਦੇ 21 ਸੰਸਦਾਂ ਵੱਲੋਂ ਅਸਤੀਫ਼ਾ ਦੇਣਾ ਵੀ ਰਾਜਨੀਤਿਕ ਅਸਥਿਰਤਾ ਪੈਦਾ ਕਰਨ ਤੋਂ ਵੱਧ ਕੁੱਝ ਨਹੀਂ। ਹੁਣ ‘ਲਾਮਿਛਾਨ’ ਨੌਜ਼ਵਾਨਾਂ, ਵਿਦਿਆਰਥੀਆਂ ਅਤੇ ਸ਼ਹਿਰੀ ਪੇਸ਼ੇਵਰਾਂ ਦੀ ਨਿਰਾਸ਼ਾ ਨੂੰ ਆਪਣੇ ਹਿਤਾਂ ਲਈ ਵਰਤਣ ਦੀ ਕੋਸ਼ਿਸ਼ ਕਰ ਰਿਹਾ ਹੈ। ਇਸੇ ਤਰ੍ਹਾਂ ਕਾਠਮੰਡੂ ਦੇ ਮੇਅਰ ਬਲੇਂਦਰ ਜੋ ਭ੍ਰਿਸ਼ਟਾਚਾਰ ਅਤੇ ਭਾਈ ਭਤੀਜਾਵਾਦ ਦੇ ਖ਼ਿਲਾਫ਼ ਬੋਲਦੇ ਆ ਰਹੇ ਹਨ ਅਤੇ ਉਹ ‘ਜੇਨਰੇਸ਼ਨ ਜੈਡ’ ਦਾ ਕੱਟੜ ਸਮਰਥਕ ਵੀ ਹੈ, ਉਹ ਵੀ ਨਵ-ਉਦਾਰਵਾਦ ਦਾ ਸਮਰਥਕ ਹੈ,ਜੋ ਖੁਦ ਭ੍ਰਿਸ਼ਟਾਚਾਰ ਦੀ ਜੜ੍ਹ ਮੰਨੀ ਜਾਂਦੀ ਹੈ। ਦੱਸਿਆ ਜਾ ਰਿਹਾ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਬਾਬੂਰਾਮ ਭੱਟਾਰਾਈ ਵੀ ਸੰਭਾਵਿਤ ਅੰਤਰਿਮ ਵਿਵਸਥਾ ਨੂੰ ਲੈਕੇ ਚਰਚਾ ਵਿੱਚ ਸ਼ਾਮਲ ਹੋ ਚੁੱਕੇ ਹਨ। ਜਨਮਤ ਪਾਰਟੀ ਨੇਪਾਲ, ਨਾਗਰਿਕ ਮੁਕਤੀ ਪਾਰਟੀ ਅਤੇ ਕੁੱਝ ਆਜ਼ਾਦ ਮੈਂਬਰ ਵੀ ਇਸ ਦੌੜ ਵਿੱਚ ਸਰਗਰਮ ਹੋ ਚੁੱਕੇ ਹਨ।
ਲੇਕਿਨ ਉਪਰੋਕਤ ਤਮਾਮ ਤਾਕਤਾਂ, ਜੋ ਨੇਪਾਲ ਦੀ ਨਵੀਂ ਪੀੜ੍ਹੀ ਦੀ ਗਹਿਰੀ ਅਸੰਤੁਸ਼ਟੀ ਨੂੰ ਆਪਣੇ ਮੁਫ਼ਾਦਾਂ ਲਈ ਵਰਤਣ ਦੀ ਕੋਸ਼ਿਸ਼ ਕਰ ਰਹੀਆਂ ਹਨ, ਹੁਣ ਤੱਕ ਉਹ ਨੇਪਾਲ ਦੇ ਸੰਕਟ ਦਾ ਕੋਈ ਠੋਸ ਰਾਜਨੀਤਕ ਬਦਲ ਪੇਸ਼ ਨਹੀਂ ਕਰ ਸਕੀਆਂ। ਇਸ ਤਰ੍ਹਾਂ ਜਿਵੇਂ ਕਿ, ਦੱਖਣੀ ਏਸ਼ੀਆਈ ਦੇਸ਼ਾਂ ਵਿੱਚ ਵੀ ਦੇਖਿਆ ਗਿਆ ਹੈ, ਸ਼ਾਸ਼ਕ ਵਰਗ ਦੇ ਖ਼ਿਲਾਫ਼ ਆਮ ਜਨਤਾ ਖੜੀ ਹੁੰਦੀ ਹੈ, ਪ੍ਰੰਤੂ ਜਨਤਾ ਕੋਲ ਕੋਈ ਬਦਲਵਾਂ ਰਾਜਨੀਤਕ ਪ੍ਰੋਗਰਾਮ ਨਾਂ ਹੋਣ ਦੀ ਹਾਲਤ ਵਿੱਚ, ਨੇਪਾਲ ਵਿੱਚ ਵਿਸ਼ਵ ਨਵ-ਉਦਾਰਵਾਦੀ, ਨਵ-ਫਾਸ਼ੀਵਾਦੀ ਕੇਂਦਰ, ਦੇਸ਼ ਅੰਦਰਲੇ ਲੋਕ ਵਿਰੋਧੀ ਅਤੇ ਰਾਜਤੰਤਰ ਸਮਰਥਕ ਤਾਕਤਾਂ ਦੇ ਨਾਲ ਮਿਲਕੇ ਮੌਜੂਦਾ ਹਾਲਤਾਂ ਦਾ ਫਾਇਦਾ ਉਠਾਉਣ ਦੀ ਕੋਸ਼ਿਸ਼ ਕਰਨਗੇ। ਨੇਪਾਲ ਵਿੱਚ ਬਾਰ – ਬਾਰ ਉੱਭਰ ਰਿਹਾ ਰਾਜਨੀਤਕ ਸੰਕਟ ਇੱਕ ਬਾਰ ਫਿਰ ਇਸੇ ਸਚਾਈ ਨੂੰ ਸਾਹਮਣੇ ਲਿਆਉਂਦਾ ਹੈ। ਦੇਸ਼ ਅੰਦਰਲੇ ਲੋਕ ਵਿਰੋਧੀ ਸ਼ਾਸ਼ਕ ਵਰਗ ਅਤੇ ਬਾਹਰੀ ਨਵ -ਉਦਾਰਵਾਦੀ ਕਾਰਪੋਰੇਟ ਤਾਕਤਾਂ ਦਾ ਅਪਵਿੱਤਰ ਗੱਠਜੋੜ ਦੇ ਖ਼ਿਲਾਫ਼ ਇੱਕ ਜਮਹੂਰੀ ਖੱਬੇ ਪੱਖੀ ਬਦਲ ਦਾ ਨਿਰਮਾਣ ਹੀ ਅਤਿਅੰਤ ਜ਼ਰੂਰੀ ਹੈ।


