ਜੰਗ ਤੇ ਹੜ੍ਹਾਂ ਦੌਰਾਨ ਲੋਕਾਂ ਦੀਆਂ ਜਾਨਾਂ ਬਚਾਉਣ ਵਾਲੇ ਆਈ.ਏ.ਐੱਸ. ਅਧਿਕਾਰੀ ਜਸਪਿੰਦਰ ਸਿੰਘ ਭੁੱਲਰ ਦੀ ਸਾਰੇ ਪਾਸੇ ਚਰਚਾ

ਗੁਰਦਾਸਪੁਰ

ਹੜ੍ਹ ਵਿੱਚ ਫਸੇ ਕਈ ਲੋਕਾਂ ਦੀ ਬਚਾਈ ਜਾਨ
ਦੀਨਾਨਗਰ/ਗੁਰਦਾਸਪੁਰ, 07 ਸਤੰਬਰ (ਸਰਬਜੀਤ ਸਿੰਘ) – 2021 ਬੈਚ ਦੇ ਨੌਜਵਾਨ ਆਈ.ਏ.ਐੱਸ. ਅਧਿਕਾਰੀ ਜਸਪਿੰਦਰ ਸਿੰਘ ਭੁੱਲਰ ਜੋ ਕਿ ਇਸ ਸਮੇਂ ਦੀਨਾਨਗਰ ਵਿਖੇ ਬਤੌਰ ਐੱਸ.ਡੀ.ਐੱਮ. ਸੇਵਾਵਾਂ ਨਿਭਾ ਰਹੇ ਹਨ, ਸੰਕਟ ਦੀ ਘੜੀ ਵਿੱਚ ਲੋਕਾਂ ਦੀ ਜਾਨ ਬਚਾਉਣ ਲਈ ਢਾਲ ਬਣ ਕੇ ਖੜ੍ਹੇ ਹਨ। ਇਸੇ ਸਾਲ ਮਈ ਮਹੀਨੇ ਵਿੱਚ ਓਪਰੇਸ਼ਨ ਸਿੰਧੂਰ ਦੌਰਾਨ ਵੀ ਆਈ.ਏ.ਐੱਸ. ਅਧਿਕਾਰੀ ਜਸਪਿੰਦਰ ਸਿੰਘ ਭੁੱਲਰ ਨੇ ਮਿਸਾਲੀ ਸੇਵਾਵਾਂ ਨਿਭਾਈਆਂ ਸਨ ਅਤੇ ਉਨ੍ਹਾਂ ਵੱਲੋਂ ਸਿਵਲ ਤੇ ਸੁਰੱਖਿਆ ਬਲਾਂ, ਫ਼ੌਜ ਦਰਮਿਆਨ ਵਧੀਆ ਤਾਲਮੇਲ ਕਰਦੇ ਹੋਏ ਸਰਹੱਦੀ ਲੋਕਾਂ ਦੀ ਜਾਨ-ਮਾਲ ਦੀ ਰੱਖਿਆ ਵਿੱਚ ਅਹਿਮ ਭੂਮਿਕਾ ਨਿਭਾਈ ਸੀ। ਬੀਤੇ ਦਿਨੀਂ ਰਾਵੀ ਦਰਿਆ ਦੇ ਹੜ੍ਹ ਕਾਰਨ ਜੋ ਸੰਕਟ ਦੇ ਹਾਲਤ ਪੈਦਾ ਹੋਏ ਹਨ ਉਸ ਦੌਰਾਨ ਵੀ ਐੱਸ.ਡੀ.ਐੱਮ. ਜਸਪਿੰਦਰ ਸਿੰਘ ਭੁੱਲਰ ਰਾਵੀ ਦਰਿਆ ਦੇ ਨੇੜੇ ਦੀ ਵਸੋਂ ਲਈ ਸੰਕਟਮੋਚਨ ਸਾਬਤ ਹੋਏ ਹਨ।

ਜਸਪਿੰਦਰ ਸਿੰਘ ਭੁੱਲਰ ਹੜ੍ਹ ਆਉਣ ਤੋਂ ਪਹਿਲਾਂ ਹੀ ਸਰਗਰਮ ਸਨ ਅਤੇ ਉਨ੍ਹਾਂ ਵੱਲੋਂ ਸਮੇਂ-ਸਮੇਂ ਤੇ ਲੋਕਾਂ ਨੂੰ ਅਗਾਹ ਕੀਤਾ ਜਾ ਰਿਹਾ ਸੀ ਕਿ ਉਹ ਸੁਰੱਖਿਅਤ ਥਾਵਾਂ ‘ਤੇ ਚਲੇ ਜਾਣ ਕਿਉਂਕਿ ਰਾਵੀ ਦਰਿਆ ਕਾਰਨ ਹੜ੍ਹ ਆ ਸਕਦਾ ਹੈ।  ਇਸੇ ਦੌਰਾਨ ਉਹ ਟਰੈਕਟਰ ‘ਤੇ ਸਵਾਰ ਹੋ ਕੇ ਦਿਨ-ਰਾਤ ਮਕੌੜਾ ਪੱਤਣ ਇਲਾਕੇ ਦੇ ਪਿੰਡਾਂ ਵਿੱਚ ਰਹੇ ਅਤੇ ਜਦੋਂ ਧੁੱਸੀ ਟੁੱਟਣ ਕਾਰਨ ਦੀਨਾਨਗਰ ਤਹਿਸੀਲ ਦੇ ਪਿੰਡਾਂ ਵਿੱਚ ਪਾਣੀ ਆਇਆ ਤਾਂ ਉਨ੍ਹਾਂ ਸਭ ਤੋਂ ਅੱਗੇ ਹੋ ਰੈਸਕਿਊ ਓਪਰੇਸ਼ਨ ਦੀ ਅਗਵਾਈ ਕੀਤੀ ਅਤੇ ਕਈ ਕੀਮਤੀ ਜਾਨਾਂ ਨੂੰ ਬਚਾਇਆ। ਹੜ੍ਹਾਂ ਦੌਰਾਨ ਲੋਕਾਂ ਤੇ ਸਰਕਾਰ ਵਿੱਚ ਇੱਕ ਕੜੀ ਵਜੋਂ ਕੰਮ ਕਰਦਿਆਂ ਹੜ੍ਹ ਪ੍ਰਭਾਵਿਤ ਲੋਕਾਂ ਤੱਕ ਤੁਰੰਤ ਰਾਹਤ ਪਹੁੰਚਾਈ ਅਤੇ ਹੜ੍ਹਾਂ ਵਿੱਚ ਫਸੇ ਕਈ ਲੋਕਾਂ ਨੂੰ ਫ਼ੌਜ ਨਾਲ ਰਾਬਤਾ ਕਰਕੇ ਹੈਲੀਕਾਪਟਰ ਰਾਹੀਂ ਏਅਰ ਲਿਫ਼ਟ ਵੀ ਕੀਤਾ। ਉਨ੍ਹਾਂ ਵੱਲੋਂ ਐੱਨ.ਡੀ.ਆਰ.ਐੱਫ਼, ਭਾਰਤੀ ਫ਼ੌਜ, ਬੀ.ਐੱਸ.ਐੱਫ. ਅਤੇ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਟੀਮਾਂ ਵਿੱਚ ਤਾਲਮੇਲ ਪੈਦਾ ਕਰਕੇ ਰਾਹਤ ਕਾਰਜਾਂ ਨੂੰ ਸਫਲਤਾ ਨਾਲ ਸਿਰੇ ਚਾੜ੍ਹਿਆ ਗਿਆ।

ਬੇਸ਼ੱਕ ਹੜ੍ਹ ਦਾ ਪਾਣੀ ਉਤਰ ਰਿਹਾ ਹੈ ਪਰ ਹੜ੍ਹ ਪ੍ਰਭਾਵਿਤ ਖੇਤਰ ਦੇ ਲੋਕਾਂ ਦੀਆਂ ਮੁਸ਼ਕਲਾਂ ਅਜੇ ਘੱਟ ਨਹੀਂ ਹੋਈਆਂ ਹਨ। ਇਸ ਸਭ ਨੂੰ ਦੇਖਦੇ ਹੋਏ ਐੱਸ.ਡੀ.ਐੱਮ. ਜਸਪਿੰਦਰ ਸਿੰਘ ਭੁੱਲਰ ਵੱਲੋਂ ਆਪਣੇ ਅਧਿਕਾਰ ਖੇਤਰ ਵਿੱਚ ਰਾਹਤ ਕਾਰਜ ਲਗਾਤਾਰ ਚਲਾਏ ਜਾ ਰਹੇ ਹਨ। ਲੋੜਵੰਦਾਂ ਤੱਕ ਰਾਹਤ ਸਮਗਰੀ ਤੇ ਹੋਰ ਜ਼ਰੂਰਤ ਦਾ ਸਮਾਨ ਪਹੁੰਚਾਇਆ ਜਾ ਰਿਹਾ ਹੈ। ਪ੍ਰਭਾਵਿਤ ਪਿੰਡਾਂ ਵਿੱਚ ਮੈਡੀਕਲ ਕੈਂਪ ਲਗਾਏ ਜਾ ਰਹੇ ਹਨ ਅਤੇ ਪਿੰਡਾਂ ਵਿੱਚ ਮੱਛਰ-ਮੱਖੀਆਂ ਦੇ ਖ਼ਾਤਮੇ ਲਈ ਫੌਗਿੰਗ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਲੋਕਾਂ ਨੂੰ ਬਿਮਾਰੀਆਂ ਤੋਂ ਬਚਣ ਲਈ ਜਾਗਰੂਕ ਕੀਤਾ ਜਾ ਰਿਹਾ ਹੈ। ਪਸ਼ੂਆਂ ਦੇ ਇਲਾਜ ਤੋਂ ਇਲਾਵਾ ਉਨ੍ਹਾਂ ਦੇ ਚਾਰੇ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਉਨ੍ਹਾਂ ਵੱਲੋਂ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਨਾਲ ਸੰਪਰਕ ਕਰਕੇ ਲੋੜਵੰਦ ਲੋਕਾਂ ਦੀ ਹਰ ਤਰ੍ਹਾਂ ਨਾਲ ਮਦਦ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *