ਜ਼ਿਲ੍ਹਾ ਪੱਧਰੀ ਰਾਹਤ ਕੇਂਦਰ ਨੇ ਹੁਣ ਤੱਕ 5000 ਤੋਂ ਵੱਧ ਰਾਸ਼ਨ ਕਿੱਟਾਂ ਤੇ ਹੋਰ ਲੋੜੀਂਦਾ ਸਮਾਨ ਹੜ੍ਹ ਪ੍ਰਭਾਵਿਤ ਪਰਿਵਾਰਾਂ ਤੱਕ ਭੇਜਿਆ
ਗੁਰਦਾਸਪੁਰ, 05 ਸਤੰਬਰ (ਸਰਬਜੀਤ ਸਿੰਘ ) – ਪੰਜਾਬ ਸਰਕਾਰ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰਸ਼ਾਸਨ ਗੁਰਦਾਸਪੁਰ ਵੱਲੋਂ ਹੜ੍ਹ ਪੀੜ੍ਹਤਾਂ ਦੀ ਸਹਾਇਤਾ ਲਈ ਯਤਨ ਲਗਾਤਾਰ ਜਾਰੀ ਹਨ। ਡਿਪਟੀ ਕਮਿਸ਼ਨਰ ਦਲਵਿੰਦਰਜੀਤ ਸਿੰਘ ਦੇ ਨਿਰਦੇਸ਼ਾਂ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੰਚਾਇਤ ਭਵਨ ਗੁਰਦਾਸਪੁਰ ਵਿਖੇ ਬਣਾਏ ਗਏ ‘ਸਹਾਇਤਾ ਕੇਂਦਰ’ ਵੱਲੋਂ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਰਾਹਤ ਸਮਗਰੀ ਪਹੁੰਚਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਜਾ ਰਹੀ ਹੈ। ਇਸ ਜ਼ਿਲ੍ਹਾ ਪੱਧਰੀ ਰਾਹਤ ਕੇਂਦਰ ਵੱਲੋਂ ਹੁਣ ਤੱਕ 5000 ਤੋਂ ਵੱਧ ਰਾਸ਼ਨ ਕਿੱਟਾਂ ਤੇ ਹੋਰ ਲੋੜੀਂਦਾ ਸਮਾਨ ਵੰਡਣ ਲਈ ਭੇਜਿਆ ਜਾ ਚੁੱਕਾ ਹੈ।
ਜ਼ਿਲ੍ਹਾ ਪੱਧਰੀ ਸਹਾਇਤਾ ਕੇਂਦਰ ਦੇ ਨੋਡਲ ਅਫ਼ਸਰ ਨਵਜੋਤ ਸ਼ਰਮਾ ਨੇ ਦੱਸਿਆ ਕਿ ਇਸ ਕੇਂਦਰ ਤੋਂ ਹੁਣ ਤੱਕ 5000 ਤੋਂ ਵੱਧ ਰਾਸ਼ਨ ਦੀਆਂ ਕਿੱਟਾਂ, ਸੁੱਕੇ ਦੁੱਧ ਦੇ ਪੈਕੇਟ, ਬੱਚਿਆਂ ਲਈ ਬਿਸਕੁਟ, ਕੱਪੜੇ, ਵੱਡੀ ਮਾਤਰਾ ਵਿੱਚ ਸੈਨੇਟਰੀ ਪੈਡ ਅਤੇ ਹੋਰ ਘਰੇਲੂ ਜ਼ਰੂਰਤ ਦਾ ਸਮਾਨ ਭੇਜਿਆ ਜਾ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪੱਧਰੀ ਰਾਹਤ ਕੇਂਦਰ ਵੱਲੋਂ ਤਰਪਾਲਾਂ ਅਤੇ 470 ਕੁਇੰਟਲ ਪਸ਼ੂਆਂ ਲਈ ਚਾਰਾ ਵੀ ਭੇਜਿਆ ਗਿਆ ਹੈ। ਉਨ੍ਹਾਂ ਕਿਹਾ ਕਿ ਹੜ੍ਹ ਪ੍ਰਭਾਵਿਤ ਖੇਤਰਾਂ ਦੇ ਐੱਸ.ਡੀ.ਐੱਮਜ਼ ਵੱਲੋਂ ਰਾਹਤ ਸਮਗਰੀ ਦੀ ਜੋ ਵੀ ਡਿਮਾਂਡ ਆਉਂਦੀ ਹੈ ਜ਼ਿਲ੍ਹਾ ਪੱਧਰੀ ਰਾਹਤ ਕੇਂਦਰ ਵੱਲੋਂ ਉਸ ਨੂੰ ਪੂਰਾ ਕੀਤਾ ਜਾਂਦਾ ਹੈ।
ਆਰ.ਟੀ.ਓ. ਨਵਜੋਤ ਸ਼ਰਮਾ ਨੇ ਸਮਾਜ ਸੇਵੀ ਸੰਸਥਾਵਾਂ ਅਤੇ ਦਾਨੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਹੜ੍ਹ ਪੀੜ੍ਹਤਾਂ ਨੂੰ ਰਾਹਤ ਸਮਗਰੀ ਦੇਣ ਤੋਂ ਪਹਿਲਾਂ ਜ਼ਿਲ੍ਹਾ ਪ੍ਰਸ਼ਾਸਨ ਨਾਲ ਰਾਬਤਾ ਜ਼ਰੂਰ ਕਰਨ ਤਾਂ ਜੋ ਉਨ੍ਹਾਂ ਨੂੰ ਇਹ ਪਤਾ ਲੱਗ ਜਾਵੇਗਾ ਕਿ ਕਿਸ ਇਲਾਕੇ ਵਿੱਚ ਮਦਦ ਦੀ ਜ਼ਿਆਦਾ ਜ਼ਰੂਰਤ ਹੈ ਅਤੇ ਹੜ੍ਹ ਪੀੜ੍ਹਤਾਂ ਦੀਆਂ ਲੋੜਾਂ ਕੀ ਹਨ। ਉਨ੍ਹਾਂ ਕਿਹਾ ਜ਼ਿਲ੍ਹਾ ਪ੍ਰਸ਼ਾਸਨ ਦੀ ਅਗਵਾਈ ਹੇਠ ਸਹਾਇਤ ਕੇਂਦਰ ਹੜ੍ਹ ਪੀੜ੍ਹਤਾਂ ਦੀ ਮਦਦ ਲਈ ਹਰ ਸਮੇਂ ਹਾਜ਼ਰ ਹੈ।


