ਵਧੀਕ ਜ਼ਿਲ੍ਹਾ ਚੋਣ ਅਧਿਕਾਰੀ ਨੇ ਰਾਜਸੀ ਪਾਰਟੀਆਂ ਨੂੰ ਬੀ.ਐੱਲ.ਏ. ਦੀ ਨਿਯੁਕਤੀ ਕਰਨ ਦੀ ਅਪੀਲ ਕੀਤੀ

ਗੁਰਦਾਸਪੁਰ


ਗੁਰਦਾਸਪੁਰ, 14 ਅਗਸਤ (ਸਰਬਜੀਤ ਸਿੰਘ) – ਵਧੀਕ ਜ਼ਿਲ੍ਹਾ ਚੋਣ ਅਫ਼ਸਰ-ਕਮ-ਵਧੀਕ ਡਿਪਟੀ ਕਮਿਸ਼ਨਰ (ਜਨਰਲ) ਡਾ. ਹਰਜਿੰਦਰ ਸਿੰਘ ਬੇਦੀ ਨੇ ਰਾਜਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਅਪੀਲ ਕੀਤੀ ਹੈ ਕਿ ਮਾਣਯੋਗ ਚੋਣ ਕਮਿਸ਼ਨ, ਭਾਰਤ ਵੱਲੋਂ ਵੋਟਰ ਸੂਚੀਆਂ ਦੀ ਤਿਆਰੀ/ਸੁਧਾਈ ਦੀ ਪ੍ਰੀਕ੍ਰਿਆ ਵਿੱਚ ਪਾਰਦਰਸ਼ਤਾ ਲਿਆਉਣ ਅਤੇ ਵੋਟਰ ਸੂਚੀ ਵਿੱਚ ਹੋਰ ਸੁਧਾਰ ਲਿਆਉਣ ਲਈ ਬੂਥ ਲੈਵਲ ਏਜੰਟਾਂ (ਬੀ.ਐੱਲ.ਏ.) ਦੀ ਨਿਯੁਕਤੀ ਕੀਤੀ ਜਾਵੇ।

ਉਨ੍ਹਾਂ ਕਿਹਾ ਕਿ ਮਾਨਤਾ ਪ੍ਰਾਪਤ ਰਾਜਸੀ ਪਾਰਟੀਆਂ ਬੀ.ਐੱਲ.ਏ. ਦੀ ਨਿਯੁਕਤੀ ਲਈ ਅਧਿਕਾਰਤ ਪ੍ਰਤੀਨਿਧੀਆਂ ਦੀ ਤਜਵੀਜ਼ ਫਾਰਮ ਆਈ.:ਡੀ. ਬੀ.ਐੱਲ..ਏ. 2 ਵਿੱਚ ਮਿਤੀ 18 ਅਗਸਤ 2025 ਤੱਕ ਹਰ ਹਾਲਤ ਵਿੱਚ ਸਬੰਧਿਤ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰਾਂ ਨੂੰ ਭੇਜੇ ਜਾਣ ਤਾਂ ਜੋ ਉਨ੍ਹਾਂ ਵੱਲੋਂ ਅਗਲੇਰੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਸਕੇ। ਉਨ੍ਹਾਂ ਕਿਹਾ ਕਿ ਹੁਣ ਤੱਕ ਦੀ ਰਿਪੋਰਟ ਅਨੁਸਾਰ ਵਿਧਾਨ ਸਭਾ ਹਲਕਾ 4-ਗੁਰਦਾਸਪੁਰ, 6-ਕਾਦੀਆਂ, 7-ਬਟਾਲਾ, 8-ਸ੍ਰੀ ਹਰਗੋਬਿੰਦਪੁਰ ਅਤੇ 10-ਡੇਰਾ ਬਾਬਾ ਨਾਨਕ ਵਿੱਚ ਰਾਜਸੀ ਪਾਰਟੀਆਂ ਵੱਲੋਂ ਬੀ.ਐੱਲ.ਏ. ਘੱਟ ਨਿਯੁਕਤ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਸਾਰੀਆਂ ਰਾਜਸੀ ਪਾਰਟੀਆਂ ਨਿਰਧਾਰਿਤ ਸਮੇਂ ਤੱਕ ਬੀ.ਐੱਲ.ਏ. ਨਿਯੁਕਤ ਜ਼ਰੂਰ ਕਰਨ।

ਵਧੀਕ ਡਿਪਟੀ ਕਮਿਸ਼ਨਰ ਨੇ ਬੂਥ ਲੈਵਲ ਏਜੰਟਾਂ ਦੀ ਨਿਯੁਕਤੀ ਸਬੰਧੀ ਪ੍ਰੀਕ੍ਰਿਆ ਤੋਂ ਜਾਣੂ ਕਰਵਾਉਂਦੇ ਹੋਏ ਦੱਸਿਆ ਕਿ ਹਰੇਕ ਮਾਨਤਾ ਪ੍ਰਾਪਤ ਰਾਜਨੀਤਿਕ ਪਾਰਟੀ ਆਪਣੇ ਪ੍ਰਧਾਨ ਜਾਂ ਸਕੱਤਰ ਆਦਿ ਰਾਹੀਂ ਜ਼ਿਲ੍ਹਾ ਪ੍ਰਤੀਨਿਧੀਆਂ ਨੂੰ ਬੂਥ ਲੈਵਲ ਏਜੰਟਾਂ ਦੀ ਨਿਯੁਕਤੀ ਲਈ ਫਾਰਮ ਆਈ.ਡੀ. – ਬੀ.ਐੱਲ.ਏ.-1 ਵਿੱਚ ਅਧਿਕਾਰਤ ਕਰੇਗੀ। ਅਧਿਕਾਰਤ ਕੀਤੇ ਗਏ ਜ਼ਿਲ੍ਹਾ ਪ੍ਰਤੀਨਿਧੀ ਵੱਲੋਂ ਜ਼ਿਲ੍ਹੇ ਦੇ ਸਮੂਹ 07 ਵਿਧਾਨ ਸਭਾ ਚੋਣ ਹਲਕਿਆਂ ਦੇ ਹਰੇਕ ਪੋਲਿੰਗ ਸਟੇਸ਼ਨ ਲਈ ਫਾਰਮ ਆਈ.ਡੀ.: ਬੀ.ਐੱਲ.ਏ-2 ਵਿੱਚ ਬੂਥ ਲੈਵਲ ਏਜੰਟ ਦੀ ਨਿਯੁਕਤੀ ਕੀਤੀ ਜਾਵੇਗੀ। ਬੀ.ਐੱਲ.ਏ. ਦੀ ਨਿਯੁਕਤੀ ਸਮੇਂ ਇਸ ਗੱਲ ਦਾ ਖ਼ਾਸ ਖ਼ਿਆਲ ਰੱਖਿਆ ਜਾਵੇ ਕਿ ਸਰਕਾਰੀ ਜਾਂ ਪੀ.ਐੱਸ.ਯੂ ਵਿੱਚ ਨੌਂਕਰੀ ਕਰਨ ਵਾਲਾ ਕੋਈ ਵੀ ਵਿਅਕਤੀ ਬੂਥ ਲੈਵਲ ਏਜੰਟ ਵਜੋਂ ਕੰਮ ਨਹੀਂ ਕਰ ਸਕਦਾ ਅਤੇ ਬੀ.ਐੱਲ.ੲ. ਸਬੰਧਿਤ ਭਾਗ/ਪੋਲਿੰਗ ਸਟੇਸ਼ਨ ਦੀ ਵੋਟਰ ਸੂਚੀ ਵਿੱਚ ਬਤੌਰ ਵੋਟਰ ਰਜਿਸਟਰਡ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਬੀ.ਐੱਲ.ਏ ਸਬੰਧਿਤ ਪੋਲਿੰਗ ਸਟੇਸ਼ਨਾਂ ਦੇ ਬੂਥ ਲੈਵਲ ਅਫ਼ਸਰਾਂ ਨਾਲ ਮਿਲ ਕੇ ਵੋਟਰ ਸੂਚੀਆਂ ਨੂੰ ਬਿਹਤਰ ਬਣਾਉਣ ਲਈ ਕੰਮ ਕਰਨਗੇ ਅਤੇ ਨਵੀਆਂ ਵੋਟਾਂ ਬਣਾਉਣ, ਕਟੌਤੀ, ਸੋਧ ਲਈ ਫਾਰਮ ਜਮਾਂ ਕਰਵਾਉਣ ਵਿੱਚ ਬਿਨੈਕਾਰਾਂ ਦੀ ਮਦਦ ਕਰਨਗੇ।

Leave a Reply

Your email address will not be published. Required fields are marked *