ਗੁਰਦਾਸਪੁਰ, 8 ਅਗਸਤ (ਸਰਬਜੀਤ ਸਿੰਘ– ਸੰਯੂਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਭਾਰਤ ਵਿੱਚ ਸ਼ਾਮਿਲ ਜਥੇ ਬੰਦੀਆਂ ਦੇ ਆਗੂਆਂ ਦੀ ਇੱਕ ਵਿਸ਼ੇਸ਼ ਮੀਟਿੰਗ ਮੋਰਚੇ ਦੇ ਆਗੂ ਅਤੇ ਕਿਸਾਨ ਤੇ ਜਵਾਨ ਭਲਾਈ ਯੂਨੀਅਨ ਦੇ ਪ੍ਰਧਾਨ ਸੁਖਦੇਵ ਸਿੰਘ ਭੋਜਰਾਜ ਦੇ ਗ੍ਰਹਿ ਵਿਖੇ ਹੋਈ। ਇਸ ਮੀਟਿੰਗ ਵਿੱਚ ਪਗੜੀ ਸੰਭਾਲ ਲਹਿਰ ਦੇ ਪ੍ਰਧਾਨ ਸਤਨਾਮ ਸਿੰਘ ਬਾਗੜੀਆਂ, ਭਾਰਤੀ ਕਿਸਾਨ ਯੂਨੀਅਨ ਮਾਝਾ ਦੇ ਕਾਰਜਕਾਰੀ ਪ੍ਰਧਾਨ ਰਜਿੰਦਰ ਸਿੰਘ ਜਫਰਵਾਲ ਅਤੇ ਕਿਸਾਨ ਯੂਥ ਵਿੰਗ ਦੇ ਪ੍ਰਧਾਨ ਸ਼ਮਸ਼ੇਰ ਸਿੰਘ ਅਠਵਾਲ ਆਦਿ ਆਗੂ ਸ਼ਾਮਿਲ ਹੋਏ।
ਮੀਟਿੰਗ ਦੀ ਜਾਣਕਾਰੀ ਸਾਂਝੀ ਕਰਦਿਆਂ ਹੋਇਆ ਕਿਸਾਨ ਆਗੂ ਸੁਖਦੇਵ ਸਿੰਘ ਭੋਜਰਾਜ ਨੇ ਕਿਹਾ ਕਿ ਸੂਬੇ ਦੀ ਜਰਖੇਜ ਜਮੀਨ ਨੂੰ ਮੁਫਤ ਅਤੇ ਧੱਕੇ ਨਾਲ ਕਿਸਾਨਾਂ ਤੋਂ ਖੋਹਣ ਦੀ ਪਾਲਸੀ ਦਾ ਨਾਮ ਹੈ ਲੈਂਡ ਪੂਲਿੰਗ ਪਾਲਸੀ। ਪੰਜਾਬ ਵਿੱਚ ਸਰਕਾਰ ਨਾਮ ਦੀ ਕੋਈ ਚੀਜ਼ ਨਹੀਂ ਹੈ, ਪੰਜਾਬ ਸਰਕਾਰ ਕੇਂਦਰ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਉੱਤੇ ਚਲਦਿਆਂ ਹੋਇਆਂ ਕਿਸਾਨਾਂ ਤੋਂ ਉਪਜਾਊ ਜਮੀਨਾਂ ਖੋਹ ਕੇ ਕੁਝ ਹਿੱਸਾ ਆਪਣੇ ਨਿੱਜੀ ਮੁਫਾਦਾਂ ਲਈ ਵਰਤਣਾ ਚਾਹੁੰਦੀ ਹੈ ਅਤੇ ਵੱਡਾ ਹਿੱਸਾ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕਰਨਾ ਚਾਹੁੰਦੀ ਹੈ।
ਉਹਨਾਂ ਕਿਹਾ ਕਿ ਪੰਜਾਬ ਦੀ ਜਰਖੇਜ਼ ਜ਼ਮੀਨ ਨੂੰ ਪੈਸੇ ਨਾਲ ਨਹੀਂ ਤੋਲਿਆ ਜਾ ਸਕਦਾ ਪੰਜਾਬ ਦੀ ਜਮੀਨ ਬੇਸ਼ਕੀਮਤੀ ਹੈ। ਸੂਬੇ ਦੇ ਕਿਸਾਨ ਕਿਸੇ ਵੀ ਲਾਲਚ ਵਿੱਚ ਆ ਕੇ ਸਰਕਾਰ ਨੂੰ ਇਸ ਜਮੀਨ ਉੱਤੇ ਕਾਬਜ ਨਹੀਂ ਹੋਣ ਦੇਣਗੇ।
ਆਗੂਆਂ ਨੇ ਸਰਕਾਰ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਤੁਰੰਤ ਲੈਂਡ ਪੁਲਿੰਗ ਪਾਲਿਸੀ ਨੂੰ ਰੱਦ ਕਰੇ ਨਹੀਂ ਤਾਂ ਗੁੱਸੇ ਵਿੱਚ ਆਏ ਹੋਏ ਸੂਬੇ ਦੇ ਕਿਸਾਨ ਸੜਕਾਂ ਉੱਤੇ ਉਤਰ ਆਉਣਗੇ। ਕਿਸਾਨ ਆਗੂ ਭੋਜਰਾਜ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਭਾਰਤ ਦੇ ਬੈਨਰ ਹੇਠ 16 ਅਗਸਤ ਨੂੰ ਬਾਬਾ ਬਕਾਲਾ ਵਿਖੇ ਹੋਣ ਵਾਲੀ “ਜਮੀਨ ਬਚਾਓ ਰੈਲੀ” ਵਿੱਚ ਮਾਝੇ ਅਤੇ ਦੁਆਬੇ ਦੇ ਕਿਸਾਨਾਂ ਦੀ ਭਾਰੀ ਇਕੱਤਰਤਾ ਹੋਵੇਗੀ, ਜੋ ਸੂਬਾ ਅਤੇ ਕੇਂਦਰ ਸਰਕਾਰ ਦੇ ਸਾਰੇ ਭੁਲੇਖੇ ਦੂਰ ਕਰ ਦੇਵੇਗੀ।


