ਚਿਲਡਰਨ ਹੋਮ ਵਿੱਚ ਰਹਿ ਰਹੇ ਬੱਚਿਆਂ ਦੀ ਭਲਾਈ ਲਈ ਕੀਤੇ ਜਾ ਰਹੇ ਯਤਨਾਂ ਦੀ ਸਮੀਖਿਆ ਕੀਤੀ

ਗੁਰਦਾਸਪੁਰ


ਗੁਰਦਾਸਪੁਰ, 05 ਅਗਸਤ (ਸਰਬਜੀਤ ਸਿੰਘ) – ਚਿਲਡਰਨ ਹੋਮ (ਲੜਕੇ) ਗੁਰਦਾਸਪੁਰ ਵਿਖੇ ਰਹਿ ਰਹੇ ਬੱਚਿਆਂ ਦੀ ਭਲਾਈ ਲਈ ਕੀਤੇ ਜਾ ਰਹੇ ਯਤਨਾਂ ਦੀ ਸਮੀਖਿਆ ਕਰਨ ਲਈ ਜ਼ਿਲ੍ਹਾ ਪੱਧਰੀ ਚਿਲਡਰਨ ਹੋਮ ਮੈਨੇਜਮੈਂਟ ਕਮੇਟੀ ਵੱਲੋਂ
ਮੀਟਿੰਗ ਕਰਵਾਈ ਗਈ। ਇਸ ਮੀਟਿੰਗ ਦੀ ਪ੍ਰਧਾਨਗੀ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਜਸਮੀਤ ਕੌਰ ਵੱਲੋਂ ਕੀਤੀ ਗਈ। ਇਸ ਤੋ ਇਲਾਵਾ ਮੀਟਿੰਗ ਵਿੱਚ ਬਾਲ ਭਲਾਈ ਕੌਂਸਲ ਦੇ ਚੇਅਰਪਰਸਨ ਐਡਵੋਕੇਟ ਸੁੱਚਾ ਸਿੰਘ ਮੁਲਤਾਨੀ, ਬਾਲ ਭਲਾਈ ਕੌਂਸਲ ਦੇ ਮੈਂਬਰ ਸ੍ਰੀਮਤੀ ਰਜਨੀ ਬਾਲਾ ਮੈਂਬਰ, ਰਤਨ ਲਾਲ ਸ੍ਰੀਮਤੀ ਨੀਤੂ ਸਪੈਸ਼ਲ ਐਜੂਕੇਟਰ, ਸ੍ਰੀਮਤੀ ਸੇਖਾ ਅਤੇ ਹੋਰ ਸਬੰਧਿਤ ਅਧਿਕਾਰੀ ਹਾਜ਼ਰ ਸਨ।

ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਜਸਮੀਤ ਕੌਰ ਨੇ ਕਿਹਾ ਕਿ ਚਿਲਡਰਨ ਹੋਮ ਵਿੱਚ ਰਹਿ ਰਹੇ ਸਹਿਵਾਸੀ ਬੱਚਿਆਂ ਦੀ ਸਹੂਲਤ ਦਾ ਪੂਰਾ ਖ਼ਿਆਲ ਰੱਖਿਆ ਜਾਵੇ ਅਤੇ ਉਨ੍ਹਾਂ ਨੂੰ ਇੱਥੇ ਘਰ ਵਰਗਾ ਮਾਹੌਲ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਬੱਚਿਆਂ ਦੀ ਪੜ੍ਹਾਈ ਅਤੇ ਖੇਡਾਂ ਦਾ ਵੀ ਖ਼ਾਸ ਖ਼ਿਆਲ ਰੱਖਿਆ ਜਾਵੇ। ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਪੜ੍ਹਾਈ ਦੇ ਨਾਲ-ਨਾਲ ਨੈਤਿਕ ਸਿੱਖਿਆ ਵੀ ਦਿੱਤੀ ਜਾਵੇ ਤਾਂ ਜੋ ਉਹ ਵੱਡੇ ਹੋ ਕੇ ਨੇਕ ਤੇ ਜ਼ਿੰਮੇਵਾਰ ਨਾਗਰਿਕ ਬਣਨ।

ਮੀਟਿੰਗ ਦੌਰਾਨ ਚਿਲਡਰਨ ਹੋਮ ਦੀ ਸੁਪਰਡੈਂਟ ਸੰਦੀਪ ਕੌਰ ਨੇ ਅਗਸਤ ਮਹੀਨੇ ਵਿੱਚ ਉਲੀਕੇ ਜਾਣ ਵਾਲੇ ਪ੍ਰੋਗਰਾਮਾਂ ਬਾਰੇ ਵਿਸਥਾਰ ਵਿੱਚ ਦੱਸਿਆ। ਉਨ੍ਹਾਂ ਕਿਹਾ ਕਿ ਬਰਸਾਤ ਦੇ ਮੌਸਮ ਵਿੱਚ ਬੱਚਿਆਂ ਦੀ ਦੇਖ-ਭਾਲ ਵੱਲ ਹੋਰ ਵੀ ਧਿਆਨ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਬੱਚਿਆਂ ਲਈ ਚਿਲਡਰਨ ਹੋਮ ਵਿੱਚ ਪੜ੍ਹਾਈ ਦਾ ਮਾਹੌਲ ਦੇਣ ਤੋਂ ਇਲਾਵਾ ਇਨ੍ਹਾਂ ਲਈ ਖੇਡਾਂ ਅਤੇ ਹੋਰ ਮਨੋਰੰਜਨ ਦੀਆਂ ਸਹੂਲਤਾਂ ਵਿੱਚ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਬੱਚਿਆਂ ਨੂੰ ਸਿੱਖਿਆਦਾਇਕ ਫ਼ਿਲਮ ਦਿਖਾਉਣ ਦਾ ਪ੍ਰੋਗਰਾਮ ਵੀ ਉਲੀਕਿਆ ਗਿਆ ਹੈ। ਇਸ ਤੋਂ ਇਲਾਵਾ ਬੱਚਿਆਂ ਨੂੰ ਰੂਹਾਨੀਅਤ ਨਾਲ ਜੋੜਨ ਲਈ ਚਿਲਡਰਨ ਹੋਮ ਵਿੱਚ ਵਿਸ਼ੇਸ਼ ਤੌਰ ‘ਤੇ ਕੀਰਤਨ ਵੀ ਕਰਵਾਇਆ ਗਿਆ ਅਤੇ ਬੱਚਿਆਂ ਨੂੰ ਹਰੇਕ ਧਰਮ ਦਾ ਆਦਰ ਸਤਿਕਾਰ ਕਰਨ ਦੀ ਪ੍ਰੇਰਨਾ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਚਿਲਡਰਨ ਹੋਮ ਵਿੱਚ ਬੱਚਿਆਂ ਦੀ ਸਹੂਲਤ ਲਈ ਕਿਸੇ ਕਿਸਮ ਦੀ ਕਮੀਂ ਨਹੀਂ ਰਹਿਣ ਦਿੱਤੀ ਜਾਵੇਗੀ।

Leave a Reply

Your email address will not be published. Required fields are marked *