‘ਨਸ਼ਾ ਮੁਕਤੀ ਯਾਤਰਾ’ ਕੋਈ ਸਿਆਸੀ ਯਾਤਰਾ ਨਹੀਂ, ਸਗੋਂ ਨਸ਼ੇ ਦੇ ਖ਼ਾਤਮੇ ਦਾ ਸਮਾਜਿਕ ਸੰਕਲਪ ਹੈ – ਗੁਰਦੀਪ ਸਿੰਘ ਰੰਧਾਵਾ
ਡੇਰਾ ਬਾਬਾ ਨਾਨਕ/ਗੁਰਦਾਸਪੁਰ, 05 ਅਗਸਤ (ਸਰਬਜੀਤ ਸਿੰਘ ) – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ “ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਤਹਿਤ ਨਸ਼ਾ ਮੁਕਤੀ ਪ੍ਰੋਗਰਾਮ ਅਧੀਨ ਬੀਤੀ ਸ਼ਾਮ ਡੇਰਾ ਬਾਬਾ ਨਾਨਕ ਹਲਕੇ ਦੇ ਪਿੰਡ ਭੋਜਰਾਜ ਤੇ ਮਛਾਣਾ ਵਿਚ ਜਾਗਰੂਕਤਾ ਸਮਾਗਮ ਕਰਾਏ ਗਏ। ਇਨ੍ਹਾਂ ਜਾਗਰੂਕਤਾ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਦੇ ਵਿਧਾਇਕ ਗੁਰਦੀਪ ਸਿੰਘ ਰੰਧਾਵਾ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਪਿੰਡ-ਪਿੰਡ ਖੇਡ ਮੈਦਾਨ ਬਣਾਉਣ ਦਾ ਟੀਚਾ ਮਿਥਿਆ ਗਿਆ ਹੈ ਤਾਂ ਜੋ ਨੌਜਵਾਨਾਂ ਨੂੰ ਖੇਡਾਂ ਨਾਲ ਜੋੜ ਕੇ ਨਸ਼ਿਆਂ ਤੋਂ ਦੂਰ ਰੱਖਿਆ ਜਾ ਸਕੇ।
ਗੁਰਦੀਪ ਸਿੰਘ ਰੰਧਾਵਾ ਨੇ ਕਿਹਾ ਕਿ ਇਹ ‘ਨਸ਼ਾ ਮੁਕਤੀ ਯਾਤਰਾ’ ਕੋਈ ਸਿਆਸੀ ਯਾਤਰਾ ਨਹੀਂ, ਸਗੋਂ ਨਸ਼ੇ ਦੇ ਖ਼ਾਤਮੇ ਦਾ ਸਮਾਜਿਕ ਸੰਕਲਪ ਹੈ। ਉਨ੍ਹਾਂ ਕਿਹਾ ਕਿ ਸਾਡੀ ਸਭ ਦੀ ਸਮਾਜਿਕ ਜ਼ਿੰਮੇਵਾਰੀ ਹੈ ਕਿ ਅਸੀਂ ਇਸ ਮੁਹਿੰਮ ਵਿਚ ਹੋਰ ਸਹਿਯੋਗ ਦਿੰਦੇ ਹੋਏ ਨਸ਼ਿਆਂ ਦਾ ਖ਼ਾਤਮਾ ਕਰੀਏ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੀ ਲੜਾਈ ਪਿੰਡ-ਪਿੰਡ ਤੋਂ ਸ਼ੁਰੂ ਹੋ ਚੁੱਕੀ ਹੈ, ਜਿਸ ਤਹਿਤ ਹਰੇਕ ਪਿੰਡ ਵਾਸੀ ਆਪਣੇ ਪਿੰਡ ਦਾ ਪਹਿਰੇਦਾਰ ਬਣੇਗਾ। ਉਨ੍ਹਾਂ ਕਿਹਾ ਕਿ ਨਸ਼ਾ ਤਸਕਰਾਂ ਨੂੰ ਕਿਸੇ ਕਿਸਮ ਦੀ ਸਿਆਸੀ ਸਰਪ੍ਰਸਤੀ ਨਹੀਂ ਮਿਲੇਗੀ ਤੇ ਨਾ ਹੀ ਉਨ੍ਹਾਂ ਦੀ ਕੋਈ ਜ਼ਮਾਨਤ ਦੇਵੇਗਾ। ਉਨ੍ਹਾਂ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਨਸ਼ਿਆਂ ਦਾ ਕਾਰੋਬਾਰ ਕਰਨ ਵਾਲਿਆਂ ਵਿਰੁੱਧ ਸਖ਼ਤੀ ਨਾਲ ਕਾਰਵਾਈ ਕਰਨ ਲਈ ਕਿਹਾ। ਇਸ ਮੌਕੇ ਉਨ੍ਹਾਂ ਹਾਜ਼ਰੀਨ ਨੂੰ ਨਸ਼ਿਆਂ ਵਿਰੁੱਧ ਸਹੁੰ ਵੀ ਚੁਕਾਈ। ਇਸ ਮੌਕੇ ਵੱਖ ਵੱਖ ਵਿਭਾਗਾਂ ਤੋਂ ਅਧਿਕਾਰੀ, ਕਰਮਚਾਰੀ ਅਤੇ ਮੁਹਤਬਰ ਹਾਜ਼ਰ ਸਨ।


