ਗੁਰਦਾਸਪੁਰ, 13 ਅਕਤੂਬਰ (ਸਰਬਜੀਤ ਸਿੰਘ)–ਪੰਜਾਬ ਵਿਧਾਨ ਸਭਾ ਦੇ ਸਪੀਕਰ ਸਰਦਾਰ ਕੁਲਤਾਰ ਸਿੰਘ ਸੰਧਵਾਂ ਨੇ 5 ਮਈ, 2022 ਨੂੰ ਮੇਰੇ ਵੱਲੋਂ ਕਾਦੀਆਂ ਹਲਕੇ ਦੇ ਵਿਧਾਇਕ ਅਤੇ ਵਿਰੋਧੀ ਧਿਰ ਦੇ ਨੇਤਾ ਵਜੋਂ ਦਿੱਤੇ ਗਏ ਨੋਟਿਸ ਦੇ ਵਿਸ਼ੇਸ਼ ਅਧਿਕਾਰ ਦੀ ਉਲੰਘਣਾ ਦੇ ਮੁੱਦੇ ਦਾ ਨੋਟਿਸ ਲਿਆ ਹੈ। 4 ਮਈ, 2022 (ਬੁੱਧਵਾਰ) ਨੂੰ ਦਫ਼ਤਰ ਵਿਖੇ ਸਵੇਰੇ 11.00 ਵਜੇ ਮੇਰੇ ਹਲਕੇ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਦੇ ਸੰਬੰਧਿਤ ਤਾਲਮੇਲ ਲਈ ਰੱਖੀ ਮੀਟਿੰਗ ਵਿੱਚ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਅਧਿਕਾਰੀਆਂ ਵੱਲੋਂ ਜਾਣਬੁੱਝ ਕੇ ਗੈਰ ਹਾਜ਼ਰ ਰਹਿਣ ਸਬੰਧੀ ਮੇਰੇ ਵੱਲੋੰ ਮਾਨਯੋਗ ਸਪੀਕਰ ਸਾਹਿਬ ਨੂੰ ਪੱਤਰ ਲਿਖਿਆ ਗਿਆ ਸੀ । ਬਲਾਕ ਵਿਕਾਸ ਅਤੇ ਪੰਚਾਇਤ ਅਫਸਰ, ਧਾਰੀਵਾਲ, ਜਿਲਾ ਗੁਰਦਾਸਪੁਰ ਮੁਤਾਬਕ ਸਕੱਤਰ, ਪੰਜਾਬ ਵਿਧਾਨ ਸਭਾ ਤੋਂ ਪ੍ਰਾਪਤ ਸੂਚਨਾ ਅਨੁਸਾਰ, ਇਸ ਮਾਮਲੇ ਦੀ ਜਾਂਚ ਕਰਨ ਲਈ ਵਿਸ਼ੇਸ਼ ਅਧਿਕਾਰ ਕਮੇਟੀ 18 ਅਕਤੂਬਰ, 2022 ਨੂੰ ਦੁਪਹਿਰ 2.45 ਵਜੇ ਪੰਜਾਬ ਵਿਧਾਨ ਸਭਾ ਦੇ ਕਮੇਟੀ ਰੂਮ ਵਿੱਚ ਹੇਠਲੇ ਹਸਤਾਖਰੀਆਂ ਨਾਲ ਗੱਲਬਾਤ ਕਰੇਗੀ ।
ਜ਼ਿਕਰਯੋਗ ਹੈ ਕਿ ਵਿਸ਼ੇਸ਼ ਅਧਿਕਾਰ ਦੀ ਉਲੰਘਣਾ ਦਾ ਨੋਟਿਸ ਕਰੀਬ ਪੰਜ ਮਹੀਨੇ ਪਹਿਲਾਂ ਦਿੱਤਾ ਗਿਆ ਸੀ । ਜਿਸ ਸਬੰਧੀ ਮਾਨਯੋਗ ਸਪੀਕਰ ਨੇ ਆਪਣੇ ਪੱਧਰ ‘ਤੇ ਸਬੰਧਤ ਵਿਭਾਗਾਂ ਤੋਂ ਸਪੱਸ਼ਟੀਕਰਨ ਲੈਣ ਦੀ ਕੋਸ਼ਿਸ਼ ਕੀਤੀ ਹੈ । ਮੈਂ ਦੱਸਣਾ ਚਾਹੁੰਦਾ ਹਾਂ ਕਿ ਵਿਧਾਨ ਸਭਾ ਪ੍ਰਤੀ ਆਪਣੀ ਕਾਰਜਕਾਰਨੀ ਦੀ ਉਦਾਸੀਨਤਾ ਬਾਰੇ ਮੇਰੇ ਵੱਲੋਂ ਵਾਰ-ਵਾਰ ਇਸ਼ਾਰਾ ਕਰਨ ਤੋਂ ਬਾਅਦ ਮਾਣਯੋਗ ਸਪੀਕਰ ਨੂੰ ਆਖਰਕਾਰ ਯਕੀਨ ਹੋ ਗਿਆ ਹੈ ਕਿ ਇਹ ਮੁੱਦਾ ਸਦਨ ਦੀ ਕਮੇਟੀ ਦੁਆਰਾ ਵਿਚਾਰਨ ਦੇ ਯੋਗ ਹੈ । ਇਹ ਸਦਨ ਦੀ ਮਾਣ ਮਰਿਆਦਾ ਨੂੰ ਕਾਇਮ ਰੱਖਣ ਅਤੇ ਲੋਕਤੰਤਰੀ ਸੰਸਥਾ ਦੇ ਕੰਮਕਾਜ ਨੂੰ ਹੋਰ ਵਧੇਰੇ ਜੀਵੰਤ ਅਤੇ ਲੋਕਾਂ ਦੀਆਂ ਉਮੀਦਾਂ ਦੇ ਪ੍ਰਤੀ ਜਵਾਬਦੇਹ ਬਣਾਉਣ ਵਿੱਚ ਨਿਸ਼ਚਿਤ ਰੂਪ ਵਿੱਚ ਸਹਾਈ ਹੋਵੇਗਾ।