ਬਰਨਾਲਾ, ਗੁਰਦਾਸਪੁਰ, 16 ਜੁਲਾਈ (ਸਰਬਜੀਤ ਸਿੰਘ)– ਦੇਸ਼ ਦੇ ਵੱਖ ਵੱਖ ਕੋਨਿਆਂ ਵਿੱਚ ਕਾਲਜ਼ਾਂ ਵਿੱਚ ਪੜ੍ਹਨ ਵਾਲੀਆਂ ਕੁੜੀਆਂ ਨਾਲ ਜਿਨਸੀ ਸ਼ੋਸ਼ਣ, ਘਿਨੌਣੇ ਕਤਲ ਅਤੇ ਆਤਮਦਾਹ ਦੀਆਂ ਘਟਨਾਵਾਂ ਹਰ ਰੋਜ਼ ਅਖ਼ਬਾਰਾਂ ਦੀਆਂ ਸੁਰਖੀਆਂ ਬਣ ਰਹੀਆਂ ਹਨ, ਜੋ ਔਰਤਾਂ ਦੀ ਆਜ਼ਾਦੀ ਦੇ ਲਈ ਘਿਨਾਉਣਾ ਅਪਰਾਧ ਹੈ ਅਤੇ ਭਾਰਤੀ ਸੱਭਿਅਕ ਸਮਾਜ ਦੇ ਮੱਥੇ ਤੇ ਸਭ ਤੋਂ ਵੱਡਾ ਕਲੰਕ ਹੈ। ਕੁੱਝ ਦਿਨ ਪਹਿਲਾਂ ਉੜੀਸਾ ਦੇ ਬਾਲਾਸੌਰ ਜ਼ਿਲ੍ਹੇ ਵਿੱਚ ਐਫ਼ ਐਮ ਕਾਲਜ਼ ਵਿੱਚ ਬੀ ਐਡ ਦੀ ਦੂਜੇ ਸਾਲ ਦੀ ਵਿਦਿਆਰਥਣ (20 ਸਾਲ ) ਨੇ ਇਨਸਾਫ਼ ਨਾ ਮਿਲਦਾ ਵੇਖਕੇ ਕਾਲਜ਼ ਕੈਂਪਸ ਵਿੱਚ ਆਪਣੇ ਆਪਨੂੰ ਅੱਗ ਦੇ ਹਵਾਲੇ ਕਰ ਦਿੱਤਾ ਸੀ, ਜੋ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਦੋ ਦਿਨ ਪਹਿਲਾਂ ਉਸਦੀ ਮੌਤ ਹੋ ਗਈ ਹੈ। ਸੀ ਪੀ ਆਈ (ਐਮ ਐਲ) ਰੈੱਡ ਸਟਾਰ ਦੇ ਸੂਬਾ ਸਕੱਤਰ ਕਾਮਰੇਡ ਲਾਭ ਸਿੰਘ ਅਕਲੀਆ ਨੇ ਨਿੱਤ ਵਾਪਰ ਰਹੀਆਂ ਇਹਨਾਂ ਘਟਨਾਵਾਂ ਉੱਪਰ ਗਹਿਰੀ ਚਿੰਤਾ ਅਤੇ ਦੁੱਖ ਪ੍ਰਗਟ ਕੀਤਾ ਹੈ ਅਤੇ ਇਸ ਦੀ ਜ਼ੋਰਦਾਰ ਸ਼ਬਦਾਂ ਵਿੱਚ ਨਿੰਦਾ ਕੀਤੀ ਗਈ ਹੈ। ਇਸ ਸ਼ਰਮਨਾਕ ਘਟਨਾ ਨੂੰ ਓਥੇ ਅੰਜ਼ਾਮ ਦਿੱਤਾ ਗਿਆ ਹੈ, ਜਿੱਥੇ ਉੜੀਸਾ ਵਿੱਚ ਭਾਜਪਾ ‘ਡਬਲ ਇੰਜਣ’ ਦੀ ਸਰਕਾਰ ਹੈ। ਇਸ ਵਿਦਿਆਰਥਣ ਵੱਲੋਂ ਕਾਲਜ਼ ਦੇ ਪ੍ਰਿੰਸੀਪਲ ਨੂੰ ਕੁੱਝ ਦਿਨ ਪਹਿਲਾਂ ਸਕਾਇਤ ਕਰਕੇ ਇਨਸਾਫ਼ ਦੀ ਮੰਗ ਕੀਤੀ ਗਈ ਸੀ ਕਿ ਵਿਭਾਗ ਦੇ ਇੱਕ ਪ੍ਰੋਫੈਸਰ ਸਮੀਰਾ ਕੁਮਾਰ ਵੱਲੋਂ ਉਸਨੂੰ ਜਿਸਮਾਨੀ ਸੰਬੰਧ ਬਨਾਉਣ ਲਈ ਦਬਾਅ ਪਾਇਆ ਜਾ ਰਿਹਾ ਹੈ ਅਤੇ ਉਹ ਉਸਦੇ ਅਕੈਡਮਿਕ ਕੈਰੀਅਰ ਨੂੰ ਬਰਬਾਦ ਕਰ ਦੇਣ ਦੀਆਂ ਧਮਕੀਆਂ ਦੇ ਰਿਹਾ ਹੈ। ਪਰ ਅਧਿਕਾਰੀਆਂ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ, ਜਿਸ ਕਰਕੇ ਬੱਚੀ ਨੂੰ ਆਪਣੀ ਜ਼ਿੰਦਗੀ ਤੋਂ ਹੱਥ ਧੋਣੇ ਪੈ ਗਏ ਹਨ। ਆਗੂ ਨੇ ਕਿਹਾ ਕਿ ਪਹਿਲਾਂ ਵੀ ਦੇਸ਼ ਵਿੱਚ ਅਜਿਹੀਆਂ ਅਨੇਕਾਂ ਘਟਨਾਵਾਂ ਲਗਾਤਾਰ ਵਾਪਰ ਚੁੱਕੀਆਂ ਹਨ ਪਰ ਸਾਰੀਆਂ ਸੱਤਾਧਾਰੀ ਸਰਕਾਰਾਂ ਨੇ ਪੂਰੀ ਤਰ੍ਹਾਂ ਢੀਠਤਾਈ ਧਾਰੀ ਹੋਈ ਹੈ, ਜੋ ਔਰਤਾਂ ਦੀ ਸੁਰੱਖਿਆ ਕਰਨ ਵਿੱਚ ਪੂਰੀ ਤਰ੍ਹਾਂ ਅਸਫ਼ਲ ਹਨ। ਆਗੂ ਨੇ ਇਹ ਵੀ ਕਿਹਾ ਕਿ ਕੁੱਝ ਸਮਾਂ ਪਹਿਲਾਂ 9 ਅਗਸਤ 2024 ਨੂੰ ਕੋਲਕਾਤਾ ਦੇ ਆਰ ਜੀ ਮੈਡੀਕਲ ਕਾਲਜ਼ ਵਿੱਚ ਪੜ੍ਹਦੀ ਡਾਕਟਰ ਮੋਮਿਤਾ ਨਾਲ ਰਾਤ ਦੇ ਸਮੇਂ ਸਮੂਹਿਕ ਬਲਾਤਕਾਰ ਕਰਕੇ ਉਸ ਦਾ ਬੇਰਹਿਮੀਂ ਨਾਲ਼ ਕਤਲ ਕਰ ਦਿੱਤਾ ਗਿਆ ਸੀ। ਅਖ਼ਬਾਰਾਂ ਦੇ ਪੰਨਿਆਂ ਤੋਂ ਅਜੇ ਉਹ ਸਿਆਹੀ ਛੁੱਕੀ ਵੀ ਨਹੀਂ ਸੀ ਕਿ ਲੰਘੀ 24 ਜੂਨ ਨੂੰ ਸਾਉਥ ਕੋਲਕਾਤਾ ਲਾਅ ਕਾਲਜ਼ ਦੀ ਵਿਦਿਆਰਥਣ ਨਾਲ ਤਿੰਨ ਕਥਿਤ ਬਲਾਤਕਾਰੀਆਂ ਵੱਲੋਂ ਜ਼ਬਰ ਜ਼ਨਾਹ ਕੀਤਾ ਗਿਆ। ਇਹ ਸਾਰੇ ਮਾਮਲੇ ਅਜੇ ਵਿਚਾਰਧੀਨ ਹੀ ਹਨ। ਫਿਰਵੀ ਰੋਜ਼ ਨਵੀਆਂ ਘਟਨਾਵਾਂ ਨੂੰ ਅੰਜ਼ਾਮ ਦਿੱਤਾ ਜਾ ਰਿਹਾ ਹੈ। ਸ਼ਰਮ ਦੀ ਗੱਲ ਇਹ ਹੈ, ਕਿ ਇੱਕ ਮਹੀਨਾ ਪਹਿਲਾਂ ਉੜੀਸਾ ਵਿੱਚ ਭਾਜਪਾ ਸਰਕਾਰ ਦੇ ਮੁੱਖ ਮੰਤਰੀ ਮੋਹਨ ਚਰਨ ਮਾਝੀ ਵੱਲੋਂ ਆਪਣੀ ਸਰਕਾਰ ਦੇ ਇੱਕ ਸਾਲ ਲੰਘ ਜਾਣ ਤੇ ‘ਨਾਰੀ ਸ਼ਕਤੀ ਸਮਾਗਮ’ ਕਰਕੇ ਆਪਣੀਆਂ ਤਾਰੀਫ਼ਾਂ ਦੇ ਪੁਲ ਬੰਨ੍ਹੇ ਸਨ। ਆਗੂ ਨੇ ਕਿਹਾ ਕਿ ਅਜਿਹੇ ਕੇਸਾਂ ਦੀ ਸੁਣਵਾਈ ਲਈ ‘ਸਪੈਸ਼ਲ ਟਰੈਕ ਕੋਰਟਾਂ’ ਬਣਾਈਆਂ ਜਾਣ ਅਤੇ ਦੋਸ਼ੀਆਂ ਨੂੰ ਮੌਤ ਤੱਕ ਦੀ ਸਜ਼ਾ ਦਿੱਤੀ ਜਾਵੇ। ਆਗੂ ਨੇ ਇਹ ਵੀ ਕਿਹਾ ਕਿ ਦੇਸ਼ ਅੰਦਰ ਮੋਦੀ ਸਰਕਾਰ ਦੇ ਕਾਰਜਕਾਲ ਵਿੱਚ ਔਰਤਾਂ, ਦਲਿਤਾਂ, ਘੱਟ ਗਿਣਤੀਆਂ ਅਤੇ ਲੋਕਾਂ ਦੀ ਆਵਾਜ਼ ਬਣ ਰਹੇ ਬੁੱਧੀਜੀਵੀਆਂ, ਪੱਤਰਕਾਰਾਂ ਉੱਪਰ ਹਮਲੇ ਵਧ ਰਹੇ ਹਨ ਅਤੇ ਹਰ ਵਰਗ ਅਸੁਰੱਖਿਅਤ ਮਹਿਸੂਸ ਕਰ ਰਿਹਾ ਹੈ। ਇਹ ਸਾਰਾ ਕੁੱਝ ਮੋਦੀ ਸਰਕਾਰ ਦੇ ਫਾਸ਼ੀਵਾਦੀ ਭਗਵਾਂ ਏਜੰਡੇ ਦਾ ਹਿੱਸਾ ਹੈ। ਆਗੂ ਨੇ ਕਿਹਾ ਕਿ ਤਮਾਮ ਦੱਬੇ ਕੁੱਚਲੇ ਵਰਗਾਂ ਦੀ ਇੱਕ ਜਨਤਕ ਜਮਹੂਰੀ ਤਾਕਤ ਹੀ ਅਜਿਹੀਆਂ ਘਟਨਾਵਾਂ ਨੂੰ ਠੱਲ੍ਹ ਪਾ ਸਕਦੀ ਹੈ ਅਤੇ ਫਾਸ਼ੀਵਾਦੀ ਹਾਕਮਾਂ ਨੂੰ ਸੱਤਾ ਤੋਂ ਪਾਸੇ ਕਰ ਸਕਦੀ ਹੈ।


