ਵਪਾਰੀਆਂ ਨੂੰ ਜੀ.ਐੱਸ.ਟੀ ਦੀਆਂ ਰਿਟਰਨਾਂ ਸਮੇਂ ਸਿਰ ਭਰਨ ਅਤੇ ਬਣਦਾ ਟੈਕਸ ਜਮ੍ਹਾਂ ਕਰਵਾਉਣ ਲਈ ਪ੍ਰੇਰਿਤ ਕੀਤਾ
ਗੁਰਦਾਸਪੁਰ, 15 ਜੁਲਾਈ (ਸਰਬਜੀਤ ਸਿੰਘ) – ਸੁਪਨੰਦਨਦੀਪ ਕੌਰ, ਸਹਾਇਕ ਕਮਿਸ਼ਨਰ ਰਾਜ ਕਰ, ਗੁਰਦਾਸਪੁਰ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਕਾਰਵਾਈ ਕਰਦੇ ਹੋਏ ਯੋਗੇਸ਼ ਕੁਮਾਰ, ਰਾਜ ਕਰ ਅਫ਼ਸਰ ਦੀ ਅਗਵਾਈ ਹੇਠ ਅੱਜ ਜ਼ਿਲ੍ਹੇ ਦੇ ਐਡਵੋਕੇਟ, ਸੀ.ਏ. ਨਾਲ ਮੀਟਿੰਗ ਆਯੋਜਿਤ ਕੀਤੀ ਗਈ। ਮੀਟਿੰਗ ਦੌਰਾਨ ਉਨ੍ਹਾਂ ਨੇ ਐਡਵੋਕੇਟ, ਸੀ.ਏ. ਨੂੰ ਆਪਣੇ ਨਾਲ ਸਬੰਧਿਤ ਸਮੂਹ ਵਪਾਰੀਆਂ ਨੂੰ ਜੀ.ਐੱਸ.ਟੀ ਦੀਆਂ ਰਿਟਰਨਾਂ ਸਮੇਂ ਸਿਰ ਭਰਨ ਅਤੇ ਬਣਦਾ ਟੈਕਸ ਜਮ੍ਹਾਂ ਕਰਵਾਉਣ ਲਈ ਪ੍ਰੇਰਿਤ ਕਰਨ ਲਈ ਕਿਹਾ ਗਿਆ।
ਇਸ ਦੇ ਨਾਲ ਜ਼ਿਲ੍ਹੇ ਅਧੀਨ ਨਿੱਲ ਕੈਸ਼ ਟੈਕਸ ਪੇਅਰ ਤੋਂ ਬਣਦਾ ਕੈਸ਼ ਟੈਕਸ ਜਮ੍ਹਾਂ ਕਰਵਾਉਣ ਸਬੰਧੀ ਵੀ ਹਦਾਇਤ ਕੀਤੀ ਗਈ ਅਤੇ ਜ਼ਿਲ੍ਹੇ ਅਧੀਨ ਆਉਂਦੇ ਉਹ ਵਪਾਰੀ ਜਿਨ੍ਹਾਂ ਵੱਲੋਂ ਆਪਣਾ ਕਾਰੋਬਾਰ ਕਿਰਾਏ ਦੀ ਇਮਾਰਤ ਵਿੱਚ ਕਰ ਰਹੇ ਹਨ, ਉਨ੍ਹਾਂ ਵੱਲੋਂ ਇਮਾਰਤ ਦੇ ਕਿਰਾਏ ਉੱਤੇ ਬਣਦਾ ਟੈਕਸ ਆਰ.ਸੀ.ਐੱਮ. (ਰਿਵਰਸ ਚਾਰਜ ਮੈਕਨਿਜ਼ਮ) ਨਿਯਮਾਂ ਅਨੁਸਾਰ ਜਮ੍ਹਾਂ ਕਰਵਾਇਆ ਜਾਵੇ।
ਐਡਵੋਕੇਟ/ਸੀ.ਏ. ਵੱਲੋਂ ਆਉਣ ਵਾਲੇ ਸਮੇਂ ਵਿੱਚ ਵਪਾਰੀਆਂ ਨਾਲ ਮੀਟਿੰਗ ਰੱਖੇ ਜਾਣ ਸਬੰਧੀ ਵਿਚਾਰ ਪੇਸ਼ ਕੀਤੇ ਗਏ ਅਤੇ ਇਹ ਵਿਸ਼ਵਾਸ ਦਵਾਇਆ ਗਿਆ ਕਿ ਉਨ੍ਹਾਂ ਵੱਲੋਂ ਜੀ.ਐੱਸ.ਟੀ ਅਧੀਨ ਬਣਦਾ ਟੈਕਸ ਸਮੇਂ ਸਿਰ ਜਮ੍ਹਾਂ ਕਰਵਾਇਆ ਜਾਵੇਗਾ। ਅੰਤ ਵਿੱਚ ਸਹਾਇਕ ਕਮਿਸ਼ਨਰ ਰਾਜ ਕਰ, ਗੁਰਦਾਸਪੁਰ ਜੀ ਵੱਲੋਂ ਆਏ ਹੋਏ ਮੈਂਬਰਾਂ ਦਾ ਧੰਨਵਾਦ ਕੀਤਾ ਗਿਆ।


