ਗੁਰਦਾਸਪੁਰ, 12 ਜੁਲਾਈ (ਸਰਬਜੀਤ ਸਿੰਘ)— ਗੁਰਦਾਸਪੁਰ ਦੇ ਐਮ.ਡੀ. ਇੰਜੀਨੀਅਰ ਸੰਦੀਪ ਕੁਮਾਰ ਨੂੰ ਨਵੀਂ ਦਿੱਲੀ ਦੇ ਪ੍ਰਧਾਨ ਮੰਤਰੀ ਸੰਗ੍ਰਾਲਾ ਵਿਖੇ ਆਯੋਜਿਤ ਰਾਸ਼ਟਰੀ ਸਮਾਗਮ ਦੌਰਾਨ ਨੈਸ਼ਨਲ ਆਇਕਨ ਐਵਾਰਡ 2025 ਨਾਲ ਸਨਮਾਨਿਤ ਕੀਤਾ ਗਿਆ। ਇਹ ਐਵਾਰਡ ਉਨ੍ਹਾਂ ਨੂੰ ਆਈ.ਟੀ. ਖੇਤਰ ਵਿੱਚ ਨੌਜਵਾਨਾਂ ਦੀ ਤਕਨੀਕੀ ਤਾਲੀਮ, ਉਨ੍ਹਾਂ ਦੀ ਰੋਜ਼ਗਾਰ ਯੋਗਤਾ ਅਤੇ ਸਮਾਜ ਭਲਾਈ ਲਈ ਉਤਕ੍ਰਿਸ਼ਟ ਯੋਗਦਾਨ ਦੇਣ ਲਈ ਦਿੱਤਾ ਗਿਆ।

ਸਮਾਰੋਹ ਵਿੱਚ ਸਤਿਸ਼ ਚੰਦ ਦਵੀਵੇਦਿ (ਸਾਬਕਾ ਮੂਲ ਸਿੱਖਿਆ ਮੰਤਰੀ, ਉੱਤਰ ਪ੍ਰਦੇਸ਼), ਰਘੁਰਾਜ ਸਿੰਘ (ਮੰਤਰੀ ਕਮਰਸ਼ੀਅਲ ਲੇਬਰ ਐਂਡ ਇੰਪਲਾਇਮੈਂਟ, ਉੱਤਰ ਪ੍ਰਦੇਸ਼), ਡਾ. ਅਭਿਸ਼ੇਕ ਵਰਮਾ (ਚੀਫ ਕੋਆਰਡੀਨੇਟਰ, ਸ਼ਿਵ ਸੇਨਾ, ਐਨ.ਡੀ.ਏ. ਅਲਾਇੰਸ ਅਤੇ ਚੋਣਾਂ) ਅਤੇ ਕੇਂਦਰੀ ਮੰਤਰੀ ਰਾਮਦਾਸ ਅਠਾਵਲੇ (ਮੰਤਰੀ ਆਫ ਸਟੇਟ ਫਾਰ ਸੋਸ਼ਲ ਜਸਟਿਸ ਐਂਡ ਐਮਪਾਵਰਮੈਂਟ) ਵੱਲੋਂ ਇਹ ਸਨਮਾਨ ਭੇਟ ਕੀਤਾ ਗਿਆ।
ਇੰਜੀਨੀਅਰ ਸੰਦੀਪ ਕੁਮਾਰ ਨੇ ਇਹ ਐਵਾਰਡ ਪ੍ਰਾਪਤ ਕਰਕੇ ਗੁਰਦਾਸਪੁਰ, ਪੰਜਾਬ ਅਤੇ ਪੂਰੇ ਖੇਤਰ ਲਈ ਮਾਣ ਦਾ ਮੌਕਾ ਪੈਦਾ ਕੀਤਾ। ਉਨ੍ਹਾਂ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਇਹ ਮਾਣ ਸਿਰਫ ਉਨ੍ਹਾਂ ਦਾ ਨਹੀਂ, ਸਗੋਂ ਗੁਰਦਾਸਪੁਰ ਦੀ ਧਰਤੀ, ਇਥੇ ਦੇ ਨੌਜਵਾਨਾਂ, ਵਿਦਿਆਰਥੀਆਂ ਅਤੇ ਉਨ੍ਹਾਂ ਦੀ ਟੀਮ ਦਾ ਹੈ। ਉਨ੍ਹਾਂ ਨੇ ਖ਼ਾਸ ਤੌਰ ‘ਤੇ ਆਪਣੇ ਮਿਹਨਤੀ ਵਿਦਿਆਰਥੀਆਂ, ਸਥਾਨਕ ਲੋਕਾਂ ਅਤੇ ਇੰਜੀਨੀਅਰ ਸਿਮਰਨ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਹਮੇਸ਼ਾ ਉਨ੍ਹਾਂ ਨੂੰ ਹਰ ਪਲ ਹੌਂਸਲਾ ਦਿੱਤਾ। ਉਨ੍ਹਾਂ ਨੇ ਇਹ ਵੀ ਕਿਹਾ ਕਿ ਜੇਕਰ ਨੌਜਵਾਨ ਸੱਚੀ ਲਗਨ ਅਤੇ ਮਿਹਨਤ ਨਾਲ ਆਪਣੇ ਸੁਪਨਿਆਂ ਦੀ ਪਿੱਛਾ ਕਰਨ, ਤਾਂ ਥਾਂ ਛੋਟੀ-ਵੱਡੀ ਨਹੀਂ, ਸਫਲਤਾ ਹਮੇਸ਼ਾ ਪੈਰ ਚੁੰਮਦੀ ਹੈ। ਉਨ੍ਹਾਂ ਨੇ ਨੌਜਵਾਨ ਪੀੜ੍ਹੀ ਨੂੰ ਸੰਦੇਸ਼ ਦਿੰਦਿਆਂ ਕਿਹਾ ਕਿ ਕਦੇ ਵੀ ਆਪਣੀ ਪਿੱਠ ਭੂਮਿ ਜਾਂ ਸ਼ਹਿਰ ਦੀ ਛੋਟੀ ਥਾਂ ਨੂੰ ਆਪਣੀ ਕਾਬਲੀਅਤ ਦੀ ਰੁਕਾਵਟ ਨਾ ਬਣਨ ਦਿਓ, ਕਿਉਂਕਿ ਮਿਹਨਤ, ਦ੍ਰਿੜਤਾ ਅਤੇ ਹੌਂਸਲੇ ਨਾਲ ਹਰ ਅਸੰਭਵ ਕੰਮ ਵੀ ਸੰਭਵ ਹੋ ਜਾਂਦਾ ਹੈ।
ਇੰਜੀਨੀਅਰ ਸੰਦੀਪ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੀ ਕੰਪਨੀ ਸੀ.ਬੀ.ਏ ਇਨਫੋਟੈਕ, ਜੋ ਪਿਛਲੇ 12 ਸਾਲਾਂ ਤੋਂ ਆਈ.ਟੀ. ਖੇਤਰ ਵਿੱਚ ਨੌਜਵਾਨਾਂ ਨੂੰ ਆਧੁਨਿਕ ਤਕਨੀਕੀ ਤਾਲੀਮ ਅਤੇ ਰੋਜ਼ਗਾਰ ਯੋਗਤਾ ਮੁਹੱਈਆ ਕਰਵਾ ਰਹੀ ਹੈ, ਭਵਿੱਖ ਵਿੱਚ ਹੋਰ ਨਵੇਂ ਕੋਰਸ ਅਤੇ ਮੌਕੇ ਪੇਸ਼ ਕਰਕੇ ਇਲਾਕੇ ਦੇ ਨੌਜਵਾਨਾਂ ਨੂੰ ਆਤਮਨਿਰਭਰ ਬਣਾਉਣ ਲਈ ਜਤਨ ਕਰਦੀ ਰਹੇਗੀ।
ਉਨ੍ਹਾਂ ਨੇ ਅੰਤ ਵਿੱਚ ਕਿਹਾ ਕਿ “ਸੁਪਨਾ ਉਹ ਨਹੀਂ ਜੋ ਨੀਂਦ ਵਿੱਚ ਵੇਖਿਆ ਜਾਵੇ, ਸੁਪਨਾ ਉਹ ਹੁੰਦਾ ਜੋ ਤੁਹਾਨੂੰ ਨੀਂਦ ਨਾ ਆਉਣ ਦੇਵੇ।” ਉਨ੍ਹਾਂ ਨੇ ਗੁਰਦਾਸਪੁਰ ਦੇ ਨੌਜਵਾਨਾਂ ਨੂੰ ਵੱਡਾ ਸੋਚਣ, ਮਿਹਨਤ ਕਰਨ ਅਤੇ ਹੌਂਸਲੇ ਨਾਲ ਆਪਣਾ ਨਾਂ ਰੌਸ਼ਨ ਕਰਨ ਦੀ ਪ੍ਰੇਰਣਾ ਦਿੱਤੀ।



