ਖੇਤੀਬਾੜੀ ਵਿਭਾਗ ਵੱਲੋਂ ਸਬਸਿਡੀ ’ਤੇ ਸੁਪਰ ਸੀਡਰ ਦੇਣ ਲਈ 463 ਹੋਰ ਕਿਸਾਨਾਂ ਦੇ ਨਾਵਾਂ ਦਾ ਕੱਢਿਆ ਗਿਆ ਲੱਕੀ ਡਰਾਅ

ਗੁਰਦਾਸਪੁਰ

ਵਧੀਕ ਡਿਪਟੀ ਕਮਿਸ਼ਨਰ, ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ, ਕਿਸਾਨਾਂ ਅਤੇ ਮੀਡੀਆ ਦੀ ਹਾਜ਼ਰੀ ਵਿੱਚ ਲੱਕੀ ਡਰਾਅ ਕੱਢਣ ਦੀ ਪ੍ਰੀਕ੍ਰਿਆ ਮੁਕੰਮਲ ਕੀਤੀ ਗਈ

ਗੁਰਦਾਸਪੁਰ, 12 ਅਕਤੂਬਰ ( ਸਰਬਜੀਤ ਸਿੰਘ) – ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਵੱਲੋ ਕਿਸਾਨਾਂ ਨੂੰ ਖੇਤੀ ਸੰਦ ਸਬਸਿਡੀ ’ਤੇ ਦੇਣ ਲਈ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਲੱਕੀ ਡਰਾਅ ਕੱਢੇ ਗਏ। ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਗੁਰਦਾਸਪੁਰ ਸ੍ਰੀਮਤੀ ਪਰਮਜੀਤ ਕੌਰ, ਮੁੱਖ ਖੇਤੀਬਾੜੀ ਅਫ਼ਸਰ ਡਾ. ਕੰਵਲਪ੍ਰੀਤ ਸਿੰਘ, ਇੰਜੀ: ਦੀਪਕ ਭਾਰਦਵਾਜ ਖੇਤੀਬਾੜੀ ਇੰਜੀਨੀਅਰ, ਕੇ.ਵੀ.ਕੇ ਗੁਰਦਾਸਪੁਰ ਤੋਂ ਇੰਜੀ: ਅਰਵਿੰਦਰ ਸਿੰਘ, ਅਗਾਂਹਵਧੂ ਕਿਸਾਨ ਦਿਲਬਾਗ ਸਿੰਘ ਚੀਮਾ ਬਰਿਆਰ, ਗੁਰਦਿਆਲ ਸਿੰਘ ਸੱਲੋਪੁਰ ਸਮੇਤ ਹੋਰ ਕਿਸਾਨਾਂ ਅਤੇ ਮੀਡੀਆ ਦੀ ਹਾਜ਼ਰੀ ਵਿੱਚ ਡਰਾਅ ਕੱਢਣ ਦੀ ਸਮੁੱਚੀ ਪ੍ਰੀਕ੍ਰਿਆ ਪੂਰੇ ਪਾਰਦਰਸ਼ੀ ਢੰਗ ਨਾਲ ਨੇਪਰੇ ਚਾੜੀ ਗਈ। ਅੱਜ ਦੇ ਲੱਕੀ ਡਰਾਅ ਵਿੱਚ ਸੁਪਰ ਸੀਡਰ ਲਈ 463 ਕਿਸਾਨਾਂ ਦੇ ਡਰਾਅ ਕੱਢੇ ਗਏ।

ਲੱਕੀ ਡਰਾਅ ਸਬੰਧੀ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ ਸ੍ਰੀਮਤੀ ਪਰਮਜੀਤ ਕੌਰ ਨੇ ਦੱਸਿਆ ਕਿ ਕਿਸਾਨਾਂ ਵੱਲੋਂ ਸਬਸਿਡੀ ਉੱਪਰ ਸੁਪਰ ਸੀਡਰ ਲੈਣ ਲਈ ਖੇਤੀਬਾੜੀ ਵਿਭਾਗ ਕੋਲ 2127 ਅਰਜ਼ੀਆਂ ਆਈਆਂ ਸਨ ਅਤੇ ਅੱਜ 463 ਕਿਸਾਨਾਂ ਦੇ ਡਰਾਅ ਕੱਢੇ ਗਏ ਹਨ। ਉਨ੍ਹਾਂ ਦੱਸਿਆ ਕਿ ਇੱਕ ਸੁਪਰ ਸੀਡਰ ਉੱਪਰ ਪੰਜਾਬ ਸਰਕਾਰ ਵੱਲੋਂ 105000 ਰੁਪਏ ਦੀ ਸਬਸਿਡੀ ਦਿੱਤੀ ਜਾਵੇਗੀ।

ਲੱਕੀ ਡਰਾਅ ਰਾਹੀਂ ਸੁਪਰ ਸੀਡਰ ਹਾਸਲ ਕਰਨ ਵਾਲੇ ਕਿਸਾਨਾਂ ਨੂੰ ਮੁਬਾਰਕਬਾਦ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਮਸ਼ੀਨਰੀ ਦੀ ਬਦੌਲਤ ਪਰਾਲੀ ਨੂੰ ਅੱਗ ਲਗਾਉਣ ਦੀ ਘਟਨਾਵਾਂ ੳੱੁਪਰ ਰੋਕ ਲੱਗੇਗੀ। ਉਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਖੇਤੀਬਾੜੀ ਵਿਭਾਗ ਦੀਆਂ ਸਲਾਹਾਂ ਮੁਤਾਬਕ ਪਰਾਲੀ ਨੂੰ ਬਿਨਾਂ ਅੱਗ ਲਗਾਏ ਅਗਲੀਆਂ ਫਸਲਾਂ ਦੀ ਕਾਸ਼ਤ ਕਰਨ।

Leave a Reply

Your email address will not be published. Required fields are marked *