ਗੁਰਦਾਸਪੁਰ, 27 ਜੂਨ (ਸਰਬਜੀਤ ਸਿੰਘ) – ਸਾਉਣੀ ਦੀਆਂ ਫ਼ਸਲਾਂ ਖ਼ਾਸ ਕਰਕੇ ਝੋਨੇ ਦੀ ਲਵਾਈ ਦਾ ਕੰਮ ਅਗਲੇ ਹਫ਼ਤੇ ਤੱਕ ਮੁਕੰਮਲ ਹੋ ਜਾਵੇਗਾ, ਇਸ ਦੇ ਨਾਲ ਹੀ ਯੂਰੀਆ ਅਤੇ ਹੋਰ ਖਾਦਾਂ ਦੀ ਵਰਤੋਂ ਕਿਸਾਨਾਂ ਵੱਲੋਂ ਕੀਤੀ ਜਾ ਰਹੀ ਹੈ, ਜਿਸ ਕਾਰਨ ਯੂਰੀਆ ਖਾਦ ਦੀ ਮੰਗ ਵੀ ਵਧ ਗਈ ਹੈ।
ਝੋਨੇ ਦੀ ਫ਼ਸਲ ਵਿਚ ਯੂਰੀਆ ਖਾਦ ਦੀ ਵਰਤੋਂ ਬਾਰੇ ਪਿੰਡ ਗੋਹਤ ਪੋਖਰ ਦੇ ਕਿਸਾਨ ਉਂਕਾਰ ਸਿੰਘ ਦੇ ਖੇਤਾਂ ਵਿਚ ਕਿਸਾਨਾਂ ਨਾਲ ਗੱਲਬਾਤ ਕਰਦਿਆਂ ਡਾਕਟਰ ਅਮਰੀਕ ਸਿੰਘ ਮੁੱਖ ਖੇਤੀਬਾੜੀ ਅਫ਼ਸਰ ਨੇ ਦੱਸਿਆ ਕਿ ਝੋਨੇ ਦੀ ਫ਼ਸਲ ਵਿਚ ਯੂਰੀਆ ਖਾਦ ਦੀ ਵਰਤੋਂ ਜ਼ਰੂਰਤ ਅਨੁਸਾਰ ਹੀ ਕਰਨੀ ਚਾਹੀਦੀ ਹੈ ਤਾਂ ਜੋ ਫ਼ਸਲ ਨੂੰ ਕੀੜੇ, ਮਕੌੜਿਆਂ ਅਤੇ ਬਿਮਾਰੀਆਂ ਤੋਂ ਬਚਾਇਆ ਜਾ ਸਕੇ। ਉਨ੍ਹਾਂ ਦੱਸਿਆ ਕਿ ਮਿੱਟੀ ਅਤੇ ਪਾਣੀ ਦੇ ਪ੍ਰਦੂਸ਼ਣ ਨੂੰ ਘਟਾਉਣ ਲਈ ਯੂਰੀਆ ਦੀ ਵਰਤੋਂ ਸਿਫ਼ਾਰਸ਼ ਕੀਤੀ ਮਾਤਰਾ ਅਨੁਸਾਰ ਹੀ ਕਰਨੀ ਚਾਹੀਦੀ। ਉਨ੍ਹਾਂ ਕਿਹਾ ਕਿ ਯੂਰੀਆ ਖਾਦ ਵਿਚੋਂ ਫ਼ਸਲ ਨੂੰ ਸਿਰਫ਼ ਨਾਈਟ੍ਰੋਜਨ ਖ਼ੁਰਾਕੀ ਤੱਤ ਹੀ ਮਿਲਦਾ ਹੈ ਜੋ ਪੌਦਿਆਂ ਦੇ ਵਾਧੇ ਅਤੇ ਵਿਕਾਸ ਲਈ ਬਹੁਤ ਜ਼ਰੂਰੀ ਹੈ। ਨਾਈਟ੍ਰੋਜਨ ਖ਼ੁਰਾਕ ਤੱਤ ਕਲੋਰੋਫਿਲ ਦਾ ਇੱਕ ਮੁੱਖ ਹਿੱਸਾ ਹੈ, ਜੋ ਪ੍ਰਕਾਸ਼ ਸੰਸ਼ਲੇਸ਼ਣ ਪ੍ਰੀਕਿਰਿਆ ਨੂੰ ਸਮਰੱਥ ਬਣਾਉਂਦਾ ਹੈ। ਉਨ੍ਹਾਂ ਕਿਹਾ ਕਿ ਯੂਰੀਆ ਖਾਦ ਅਮੀਨੋ ਐਸਿਡ, ਪ੍ਰੋਟੀਨ, ਨਿਊਕਲੀਕ ਐਸਿਡ (ਡੀਐਨਏ ਅਤੇ ਆਰਐਨਏ), ਅਤੇ ਐਨਜ਼ਾਈਮਾਂ ਦੇ ਉਤਪਾਦਨ ਲਈ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਯੂਰੀਆ ਦੀ ਸਿਫ਼ਾਰਸ਼ਾਂ ਤੋਂ ਵਧੇਰੇ ਵਰਤੋਂ ਵੀ ਝੋਨੇ ਦੀ ਫ਼ਸਲ ਲਈ ਨੁਕਸਾਨਦੇਹ ਹੋ ਸਕਦੀ ਹੈ । ਬਹੁਤ ਜ਼ਿਆਦਾ ਨਾਈਟ੍ਰੋਜਨ (ਯੂਰੀਆ) ਦੀ ਵਰਤੋਂ ਨਾਲ ਫ਼ਸਲ ਦਾ ਬਨਸਪਤੀ ਵਿਕਾਸ ਬਹੁਤ ਜ਼ਿਆਦਾ ਹੋ ਜਾਂਦਾ ਹੈ, ਤਣੇ ਅਤੇ ਪੱਤੇ ਕਮਜ਼ੋਰ ਹੋ ਜਾਂਦੇ ਹਨ ਜਿਸ ਨਾਲ ਫ਼ਸਲ ਜਲਦੀ ਡਿਗ ਪੈਂਦੀ ਅਤੇ ਫ਼ਸਲ ਵਿੱਚ ਬਿਮਾਰੀਆਂ ਪ੍ਰਤੀ ਸੰਵੇਦਨਸ਼ੀਲਤਾ ਵਧ ਜਾਂਦੀ ਹੈ, ਇਸ ਲਈ ਯੂਰੀਆ ਖਾਦ ਦੀ ਵਰਤੋਂ ਸਿਫ਼ਾਰਸ਼ ਮਾਤਰਾ ਤੋਂ ਵਧੇਰੇ ਨਹੀਂ ਕਰਨੀ ਚਾਹੀਦੀ। ਉਨ੍ਹਾਂ ਕਿਹਾ ਕਿ ਝੋਨੇ ਦੀ ਫ਼ਸਲ ਨੂੰ ਯੂਰੀਆ ਖਾਦ ਆਮ ਕਰਕੇ ਪ੍ਰਤੀ ਏਕੜ 90 ਕਿੱਲੋ ਤਿੰਨ ਬਰਾਬਰ ਕਿਸ਼ਤਾਂ ਵਿਚ ਪਾਉਣ ਦੀ ਸਿਫ਼ਾਰਸ਼ ਕੀਤੀ ਜਾਂਦੀ ਹੈ। ਝੋਨੇ ਦੀ ਲਵਾਈ ਤੋਂ 7ਵੇਂ, 21ਵੇਂ ਅਤੇ 42 ਵੇਂ ਦਿਨਾਂ ਬਾਅਦ ਯੂਰੀਆ ਨੂੰ ਤਿੰਨ ਬਰਾਬਰ ਕਿਸ਼ਤਾਂ ਵਿਚ ਛੱਟੇ ਨਾਲ ਪਾਉਣੀ ਚਾਹੀਦੀ ਹੈ। ਦੂਜੀ ਅਤੇ ਤੀਜੀ ਕਿਸ਼ਤ ਪਾਉਣ ਸਮੇਂ ਖੇਤ ਵਿਚ ਪਾਣੀ ਖੜ੍ਹਾ ਨਹੀਂ ਹੋਣਾ ਚਾਹੀਦਾ। ਖਾਦ ਪਾਉਣ ਤੋਂ ਬਾਅਦ ਦੂਜੇ ਜਾਂ ਤੀਜੇ ਦਿਨ ਪਾਣੀ ਲਾਉਣਾ ਚਾਹੀਦਾ। ਮਹਿੰਗੀ ਮਜ਼ਦੂਰੀ ਅਤੇ ਮਜ਼ਦੂਰਾ ਦੀ ਘਾਟ ਹੋਣ ਕਾਰਨ ਕਿਸਾਨ ਆਮ ਕਰਕੇ 30-35 ਦਿਨਾਂ ਵਿਚ ਹੀ ਯੂਰੀਆ ਝੋਨੇ ਦੀ ਫ਼ਸਲ ਨੂੰ ਪਾ ਦਿੰਦੇ ਹਨ ਜਿਸ ਨਾਲ ਯੂਰੀਆ ਦੀ ਕਾਰਜਕੁਸ਼ਲਤਾ ਘਟਦੀ ਹੈ। ਉਨ੍ਹਾਂ ਕਿਹਾ ਕਿ ਪੀ ਆਰ 126 ਕਿਸਮ ਨੂੰ ਯੂਰੀਆ ਖਾਦ ਦੀ ਤੀਜੀ ਕਿਸ਼ਤ, ਲਵਾਈ ਤੋਂ 35 ਦਿਨਾਂ ਬਾਅਦ ਪਾਉਣ ਦੀ ਸਿਫ਼ਾਰਸ਼ ਕੀਤੀ ਜਾਂਦੀ ਹੈ। ਪੀ.ਆਰ. 132 ਅਤੇ 128 ਕਿਸਮਾਂ ਨੂੰ 67.5 ਕਿੱਲੋ ਯੂਰੀਆ ਖਾਦ ਪਾਉਣੀ ਚਾਹੀਦੀ ਹੈ, ਕਿਉਂਕਿ ਇਹ ਦੋਵੇਂ ਕਿਸਮਾਂ ਯੂਰੀਆ ਦੀ ਵੱਧ ਮਾਤਰਾ ਨਹੀਂ ਸਹਾਰ ਸਕਦੀਆਂ, ਜਿਸ ਕਾਰਨ ਇਹ ਕਿਸਮਾਂ ਡਿਗ ਪੈਂਦੀਆਂ ਹਨ।ਯੂਰੀਆ ਖਾਦ ਪਾਉਣ ਤੋਂ 2-3 ਦਿਨਾਂ ਬਾਅਦ ਪਾਣੀ ਲਗਾਓ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਗੁਰਦਾਸਪੁਰ ਵਿੱਚ ਜੂਨ ਅਖੀਰ ਤੱਕ 62 ਹਜ਼ਾਰ ਟਨ ਯੂਰੀਆ ਖਾਦ ਦੀ ਜ਼ਰੂਰਤ ਹੈ ਜਦ ਕਿ 26 ਜੂਨ ਤੱਕ ਤਕਰੀਬਨ 56 ਹਜ਼ਾਰ ਟਨ ਯੂਰੀਆ ਖਾਦ , ਸਹਿਕਾਰੀ ਸਭਾਵਾਂ ਅਤੇ ਖਾਦ ਵਿਕ੍ਰੇਤਾਵਾਂ ਕੋਲ ਪਹੁੰਚ ਚੁੱਕੀ ਹੈ। ਉਨ੍ਹਾਂ ਕਿਸਾਨਾਂ ਨੂੰ ਸਲਾਹ ਦਿੱਤੀ ਕਿ ਕਿਸੇ ਤਰਾਂ ਦੀ ਸਮੱਸਿਆ ਤੋਂ ਬਚਣ ਲਈ ਯੂਰੀਆ ਖਾਦ ਜ਼ਰੂਰਤ ਅਨੁਸਾਰ ਹੀ ਖ਼ਰੀਦਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਆਮ ਕਰਕੇ ਕਿਸਾਨ ਯੂਰੀਆ ਅਤੇ ਫਾਸਫੋਰਸ ਖ਼ੁਰਾਕੀ ਤੱਤ ਵਾਲੀਆਂ ਖਾਦਾਂ ਜਿਵੇਂ ਡੀਏਪੀ ਅਤੇ ਸਿੰਗਲ ਸੁਪਰ ਫੋਸਫੈਟ ਦੀ ਵਰਤੋਂ ਸਿਫ਼ਾਰਸ਼ ਮਾਤਰਾ ਤੋਂ ਵੱਧ ਕਰਦੇ ਹਨ । ਇਹ ਖਾਦਾਂ ਨਾਈਟ੍ਰੋਜਨ, ਫਾਸਫੋਰਸ ਅਤੇ ਸਲਫ਼ਰ ਤੋਂ ਇਲਾਵਾ ਹੋਰ ਪੌਸ਼ਟਿਕ ਤੱਤ ਪ੍ਰਦਾਨ ਨਹੀਂ ਕਰਦੀਆਂ। ਇਨ੍ਹਾਂ ਖਾਦਾਂ ਦੀ ਵਧੇਰੇ ਵਰਤੋਂ ਮਿੱਟੀ ਵਿੱਚ ਪੋਟਾਸ਼ ਅਤੇ ਸੂਖਮ ਪੌਸ਼ਟਿਕ ਤੱਤਾਂ ਦੀ ਕਮੀ ਦਾ ਕਾਰਨ ਬਣਦੀ ਹੈ। ਉਨ੍ਹਾਂ ਕਿਹਾ ਕਿ ਖਾਦਾਂ ਦੀ ਵਰਤੋਂ ਬਾਰੇ ਵਧੇਰੇ ਜਾਣਕਾਰੀ ਲਈ ਆਪਣੇ ਬਲਾਕ ਦੇ ਖੇਤੀਬਾੜੀ ਅਧਿਕਾਰੀਆਂ ਨਾਲ ਸੰਪਰਕ ਕਰ ਸਕਦੇ ਹਨ ਅਤੇ ਖਾਦ ਖ਼ਰੀਦਦੇ ਸਮੇਂ, ਕਿਸਾਨਾਂ ਨੂੰ ਇਸ ਦੀ ਐਮ ਆਰ ਪੀ ਦੀ ਜਾਂਚ ਕਰਨੀ ਚਾਹੀਦੀ ਹੈ ਅਤੇ ਖ਼ਰੀਦੀ ਗਈ ਖਾਦ ਦੀ ਰਸੀਦ (ਬਿੱਲ) ਵੀ ਲੈਣਾ ਚਾਹੀਦਾ ਹੈ।


