ਗੁਰਦਾਸਪੁਰ 11 ਅਕਤੂਬਰ (ਸਰਬਜੀਤ ਸਿੰਘ) ਪਹਿਲਾਂ ਹੀ ਮਹਿੰਗਾਈ, ਬੇਰੁਜ਼ਗਾਰੀ ਅਤੇ ਰਿਸ਼ਵਤਖੋਰੀ ਨਾਲ ਜੂਝ ਰਹੇ ਲੋਕਾਂ ਉਪਰ ਪਿਛਲੇ ਇਕ ਮਹੀਨੇ ਤੋਂ ਰੇਤਾ ਬੱਜਰੀ ਦੀਆਂ ਅਸਮਾਨੀ ਚੜ੍ਹੀਆਂ ਕੀਮਤਾਂ ਕਰਕੇ ਸਮੁੱਚੇ ਤੌਰ ਤੇ ਪੰਜਾਬ ਅੰਦਰ ਉਸਾਰੀ ਦਾ ਸਾਰਾ ਕੰਮ ਠੱਪ ਹੋਣ ਕਰਕੇ ਦਿਹਾੜੀਦਾਰ ਨਿਰਮਾਣ ਮਜ਼ਦੂਰਾਂ ਮਿਸਤਰੀਆਂ ਲਈ ਦੋ ਡੰਗ ਦੀ ਰੋਟੀ ਦਾ ਜੁਗਾੜ ਕਰਨਾ ਵੀ ਔਖਾ ਕਰ ਦਿੱਤਾ ਹੈ, ਸੱਚਮੁੱਚ ਗਰੀਬ ਆਦਮੀ ਭੁੱਖ ਨਾਲ ਪੀੜਤ ਹੈ ਅਤੇ ਉਸਾਰੀ ਦੇ ਕਾਰੋਬਾਰ ਨਾਲ ਜੁੜੇ ਤਮਾਮ ਲੋਕਾਂ ਨੂੰ ਵੀ ਆਰਥਿਕ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸੇਹਤ ਸੇਵਾਵਾਂ ਤੇ ਸਿਖਿਆ ਤੋਂ ਵਾਂਝੇ ਆਮ ਲੋਕਾਂ ਦਾ ਜੀਣਾ ਦੁੱਭਰ ਕਰ ਦਿੱਤਾ ਹੈ।
ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਦੇ ਸੂਬਾਈ ਸੱਦੇ ਉੱਤੇ ਜਿਲ੍ਹਾ ਹੈਡਕੁਆਰਟਰ ਗੁਰਦਾਸਪੁਰ ਵਿਖੇ ਵਿਸ਼ਾਲ ਰੋਸ ਮਾਰਚ ਅਤੇ ਧਰਨੇ ਦੀ ਪ੍ਰਧਾਨਗੀ ਜਿਲ੍ਹਾ ਪ੍ਰਧਾਨ ਕਾਮਰੇਡ ਸ਼ਿਵ ਕੁਮਾਰ, ਹਰਜੀਤ ਸਿੰਘ ਕਾਹਲੋਂ ਅਤੇ ਛਿੰਦਾ ਛਿੱਥ ਨੇ ਸਾਂਝੇ ਤੌਰ ਤੇ ਕੀਤੀ । ਪਾਰਟੀ ਆਗੂਆਂ ਕਾਮਰੇਡ ਸ਼ਿਵ ਕੁਮਾਰ, ਠਾਕੁਰ ਧਿਆਨ ਸਿੰਘ, ਮੱਖਣ ਸਿੰਘ ਕੁਹਾੜ, ਜਸਵੰਤ ਸਿੰਘ ਬੁੱਟਰ, ਸ਼ਮਸ਼ੇਰ ਸਿੰਘ ਨਵਾਂ ਪਿੰਡ, ਅਤੇ ਹੋਰ ਸਾਥੀਆਂ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਬੜੇ ਦਮਗਜ਼ੇ ਮਾਰ ਕੇ ਸਤਾ ਚ’ ਆਈ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਅਤੇ ਕਿਸੇ ਵੀ ਮੰਤਰੀ ਦਾ ਮੁਸ਼ਕਲ ਸਮੇਂ ਕੋਈ ਬਿਆਨ ਤਕ ਨਹੀਂ ਆ ਰਿਹਾ ਕਿ ਰੇਤਾ ਬੱਜਰੀ ਦੀਆਂ ਕੀਮਤਾਂ ਨੂੰ ਘੱਟ ਕੀਤਾ ਜਾਵੇ ਗਾ ਅਤੇ ਕਾਨੂੰਨੀ ਨਿਯਮਾਂ ਅਨੁਸਾਰ ਜਾਇਜ ਮਾਈਨਿੰਗ ਸ਼ੁਰੂ ਕਰਾਕੇ ਵਾਜਿਬ ਕੀਮਤ ਤੇ ਰੇਤਾ ਬੱਜਰੀ ਮਿਲਣਾ ਯਕੀਨੀ ਬਣਾਇਆ ਜਾਵੇਗਾ । ਸਗੋਂ ਪਾਰਟੀ ਸੁਪਰੀਮੋ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਮਾਨ ਸਾਹਿਬ ਲੋਕ ਮੱਸਲਿਆਂ ਦਾ ਹੱਲ ਕਰਨ ਦੀ ਬਜਾਏ ਗੁਜਰਾਤ ਤੇ ਹਿਮਾਚਲ ਪ੍ਰਦੇਸ਼ ਦੀਆਂ ਚੋਣਾਂ ਜਿੱਤਣ ਲਈ ਦੌਰੇ ਤੇ ਦੌਰਾ ਕਰਕੇ ਸਰਕਾਰੀ ਖਜਾਨੇ ਦਾ ਉਜਾੜਾ ਕੀਤਾ ਜਾ ਰਿਹਾ ਹੈ। ਉਹਨਾਂ ਅੱਗੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵੀ ਮਾਫੀਆ ਰਾਜ ਨੂੰ ਕੰਟਰੋਲ ਵਿੱਚ ਬੁਰੀ ਤਰ੍ਹਾਂ ਫੇਲ੍ਹ ਸਾਬਤ ਹੋਈ ਹੈ।
ਅਸਿਸਟੈਂਟ ਕਮਿਸ਼ਨਰ ਜਨਰਲ ਗੁਰਦਾਸਪੁਰ ਸ਼੍ਰੀ ਵਰੁਣ ਕੁਮਾਰ ਨੇ ਧਰਨਾਕਾਰੀਆਂ ਤੋਂ ਮੰਗ ਲਿਆ। ਆਰ.ਐਮ.ਪੀ.ਆਈ. ਵਲੋਂ ਰੇਤਾ ਬੱਜਰੀ ਦੀਆਂ ਕੀਮਤਾਂ ਘੱਟ ਕਰਕੇ 900/-ਰੁਪਏ ਪ੍ਰਤੀ ਸੈਂਕੜਾ, ਕਾਨੂੰਨੀ ਮਾਈਨਿੰਗ ਸ਼ੁਰੂ ਕਰਾਉਣ ਲਈ, ਰੁਜ਼ਗਾਰ ਦੇਣ ਤੇ ਮਹਿੰਗਾਈ ਉਪਰ ਕਾਬੂ ਪਾਉਣ, ਮਿੱਟੀ ਪੁਟਾਈ ਉਪਰ ਲਾਈਆਂ ਬੇਲੋੜੀਆਂ ਸ਼ਰਤਾਂ ਤੇ ਦੋ ਰੁਪਏ ਪ੍ਰਤੀ ਫੁਟ ਲਾਇਆ ਟੈਕਸ ਤਰੁੰਤ ਖਤਮ ਕੀਤਾ ਜਾਵੇ, ਮਨਰੇਗਾ ਦੇ ਤਹਿਤ ਮਜ਼ਦੂਰਾਂ ਨੂੰ ਸਾਰਾ ਸਾਲ ਕੰਮ ਦਿੱਤਾ ਜਾਵੇ ਤੇ ਦਿਹਾੜੀ ਘੱਟੋ ਘੱਟ 700/-ਰੁਪਏ ਨਿਸਚਿਤ ਕੀਤੀ ਜਾਵੇ ਆਦਿ ਹੋਰ ਮੰਗਾਂ ਦਾ ਪੱਤਰ ਅਸਿਸਟੈਂਟ ਕਮਿਸ਼ਨਰ ਜਨਰਲ ਗੁਰਦਾਸਪੁਰ ਸ਼੍ਰੀ ਵਰੁਣ ਕੁਮਾਰ ਨੇ ਧਰਨਾਕਾਰੀਆਂ ਤੋਂ ਲਿਆ ਤੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਰਾਹੀਂ ਮੁੱਖ ਮੰਤਰੀ ਪੰਜਾਬ ਨੂੰ ਭੇਜਣ ਅਤੇ ਆਪਣੇ ਅਧਿਕਾਰ ਖੇਤਰ ਵਿਚ ਆਉਂਦੀਆਂ ਮੰਗਾਂ ਲਾਗੂ ਕਰਨ ਦਾ ਭਰੋਸਾ ਦਿਵਾਇਆ । ਲੋਕ ਪੱਖੀ ਮਸਲਿਆਂ ਦੀ ਅਵਾਜ਼ ਨੂੰ ਬੁਲੰਦ ਕਰਨ ਵਾਲੇ ਲੋਕਾਂ ਦੀ ਏਕਤਾ ਨੂੰ ਤੋੜਨ ਲਈ ਧਰਮ ਤੇ ਜਾਤਪਾਤ ਦੇ ਅਧਾਰਿਤ ਵੰਡੀਆਂ ਪਾਉਣ ਵਾਲੇ ਫਿਰਕੂ ਅੰਸ਼ਾਂ ਤੋਂ ਸੁਚੇਤ ਕਰਦਿਆਂ ਮਜ਼ਦੂਰਾਂ-ਕਿਸਾਨਾਂ ਅਤੇ ਅਗਾਂਹਵਧੂ ਸੋਚ ਦੇ ਧਾਰਨੀ ਲੋਕਾਂ ਨੂੰ ਇਕ ਜੁੱਟ ਹੋਣ ਦੀ ਅਪੀਲ ਕਰਦਿਆਂ ਆਗੂਆਂ ਨੇ ਅੱਗੇ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰ ਦੇ ਲੋਕ ਵਿਰੋਧੀ ਫੈਸਲਿਆਂ ਦੇ ਖਿਲਾਫ ਲੋਕ ਲਾਮਬੰਦੀ ਕਰਨ ਲਈ ਪਿੰਡਾਂ, ਸ਼ਹਿਰਾਂ ਅਤੇ ਕਸਬਿਆਂ ਅੰਦਰ ਪਬਲਿਕ ਮੀਟਿੰਗਾਂ ਕੀਤੀਆਂ ਜਾਣਗੀਆਂ ਅਤੇ ਐਲਾਨ ਕੀਤਾ ਕਿ ਜੇਕਰ ਪੰਜਾਬ ਸਰਕਾਰ ਨੇ ਸਮੇਂ ਸਿਰ ਉਪਰੋਕਤ ਮੰਗਾਂ ਦਾ ਨਿਪਟਾਰਾ ਨਾ ਕੀਤਾ ਤਾਂ ਪਾਰਟੀ ਵਲੋਂ ਸੂਬਾ ਪੱਧਰੀ ਫੈਸਲਾ ਕਰਕੇ ਤਹਿਸੀਲ/ ਜਿਲ੍ਹਾ ਅਧਿਕਾਰੀਆਂ ਜਾਂ ਮੰਤਰੀਆਂ ਅਤੇ ਵਿਧਾਇਕਾਂ ਦੇ ਘਰਾਂ ਸਾਹਮਣੇ ਧਰਨੇ ਪ੍ਰਦਰਸ਼ਨਾਂ ਦਾ ਸਿਲਸਿਲਾ ਸ਼ੁਰੂ ਕੀਤਾ ਜਾਵੇ ਗਾ।
ਅੱਜ ਦੇ ਧਰਨੇ ਨੂੰ ਉਪਰੋਕਤ ਤੋਂ ਇਲਾਵਾ ਕਾਮਰੇਡ ਅਵਤਾਰ ਸਿੰਘ, ਜਸਵੰਤ ਸਿੰਘ ਬੁੱਟਰ, ਗੁਰਦਿਆਲ ਸਿੰਘ ਸੋਹਲ, ਹਰਜੀਤ ਸਿੰਘ ਕਾਹਲੋਂ, ਜਗੀਰ ਸਿੰਘ ਸਲਾਚ, ਅਜੀਤ ਸਿੰਘ ਹੁੰਦਲ, ਕਾਮਰੇਡ ਰਜਵੰਤ ਕੌਰ, ਅਵਿਨਾਸ਼ ਸਿੰਘ, ਬਲਰਾਜ ਸਿੰਘ ਬਿਸ਼ਨਕੋਟ, ਛਿੰਦਾ ਛਿੱਥ, ਗੁਰਦਿਆਲ ਸਿੰਘ ਕਲਾਨੌਰ, ਦਤਾਰ ਸਿੰਘ ਕਾਦੀਆਂ, ਮੁਨਾ ਪ੍ਰਧਾਨ, ਮਹਿੰਦਰ ਸਿੰਘ ਦੀਨਾਨਗਰ, ਰਮਨ ਕੁਮਾਰ ਅਤੇ ਹੋਰ ਸਾਥੀਆਂ ਨੇ ਸੰਬੋਧਨ ਕੀਤਾ ਤੇ ਰੋਸ ਪ੍ਰਦਰਸ਼ਨ ਦੀ ਅਗਵਾਈ ਕੀਤੀ।