
10000 ਰੁੱਖਾਂ ਦਾ ਕਰਨਗੇ ਟੀਚਾ ਪੂਰਾ
ਗੁਰਦਾਸਪੁਰ, 3 ਜੂਨ (ਸਰਬਜੀਤ ਸਿੰਘ)— ਇਕ ਰੁੱਖ ਸੋ ਸੁੱਖ ਦੇ ਨਾਮ ਨਾਲ ਪ੍ਰਚਲਤ ਕਹਾਵਤ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਇਸ ਕਰਕੇ ਇਸ ਵਾਰ ਕਮਿਊਨਿਟੀ ਹੈਲਥ ਅਫਸਰ ਪੂਰੇ ਪੰਜਾਬ ਵਿਚ 1 ਜੂਨ ਤੋਂ 5 ਜੂਨ ਤੱਕ ਹਜ਼ਾਰਾਂ ਰੁੱਖ ਲਗਾ ਕੇ ਵਿਸ਼ਵ ਵਾਤਾਵਰਨ ਦਿਵਸ ਮਨਾਉਣਗੇ।
ਇਸ ਗੱਲ ਦੀ ਜਾਣਕਾਰੀ ਦਿੰਦਿਆ ਕਮਿਊਨਟੀ ਹੈਲਥ ਅਫਸਰ ਐਸੋਸ਼ੀਏਸ਼ਨ ਦੇ ਪ੍ਰਧਾਨ ਡਾ ਸੁਨੀਲ ਤਰਗੋਤਰਾ ਨੇ ਦੱਸਿਆ ਕੇ ਪੂਰੀ ਦੁਨੀਆ ਵਿਚ ਪ੍ਰਦੂਸ਼ਣ ਇੱਕ ਗੰਭੀਰ ਸਮੱਸਿਆ ਬਣ ਚੁੱਕਾ ਹੈ ਜੇ ਤੁਸੀਂ ਭਾਰਤ ਦੇ ਕਿਸੇ ਵੱਡੇ ਸ਼ਹਿਰ ਵਿਚ ਰਹਿੰਦੇ ਹੋ, ਤਾਂ ਤੁਹਾਨੂੰ ਪਤਾ ਹੋਵੇਗਾ ਕਿ ਇਥੇ ਰਹਿਣ ਵਾਲੇ ਲੋਕ ਹਰ ਸਾਲ ਵੱਧ ਰਹੇ ਤਾਪਮਾਨ ਅਤੇ ਪ੍ਰਦੂਸ਼ਣ ਦੇ ਵਿਚਕਾਰ ਕਿਵੇਂ ਜੀਅ ਰਹੇ ਹਨ। ਇਹ ਸਥਿਤੀ ਨਾ ਸਿਰਫ਼ ਦਿੱਲੀ ਜਾਂ ਮੁੰਬਈ ਵਰਗੇ ਸ਼ਹਿਰਾਂ ਦੀ ਹੈ ਬਲਕਿ ਪੂਰੀ ਦੁਨੀਆ ਦੀ ਹੈ। ਅੱਜ, ਤੇਜ਼ੀ ਨਾਲ ਵਧਦਾ ਤਾਪਮਾਨ ਅਤੇ ਪ੍ਰਦੂਸ਼ਣ ਮਨੁੱਖਾਂ ਦੇ ਨਾਲ ਨਾਲ ਧਰਤੀ ਉੱਤੇ ਹਰ ਕਿਸੇ ਦੇ ਜੀਵਨ ਲਈ ਇਕ ਵੱਡਾ ਖ਼ਤਰਾ ਬਣ ਗਏ ਹਨ। ਇਹੀ ਕਾਰਨ ਹੈ ਕਿ ਬਹੁਤ ਸਾਰੇ ਜਾਨਵਰ ਅਲੋਪ ਹੋ ਰਹੇ ਹਨ। ਇਸ ਦੇ ਨਾਲ ਹੀ ਲੋਕ ਸਾਹ ਦੀਆਂ ਬਿਮਾਰੀਆਂ ਨਾਲ ਜੁੜੀਆਂ ਕਈ ਗੰਭੀਰ ਬਿਮਾਰੀਆਂ ਦਾ ਵੀ ਸ਼ਿਕਾਰ ਹੋ ਰਹੇ ਹਨ।ਇਹ ਸਭ ਸਿਰਫ਼ ਵਾਤਾਵਰਣ ਵਿਚ ਤਬਦੀਲੀ ਅਤੇ ਇਸ ਨੂੰ ਪਹੁੰਚਣ ਵਾਲੇ ਨੁਕਸਾਨ ਕਾਰਨ ਹੈ। ਅਸੀਂ ਆਪਣੇ ਵਾਤਾਵਰਣ ਦੀ ਸੰਭਾਲ ਨਹੀਂ ਕਰ ਰਹੇ ਹਾਂ, ਇਸੇ ਕਾਰਨ ਹੌਲੀ ਹੌਲੀ ਸਾਡੀ ਜ਼ਿੰਦਗੀ ਮੁਸ਼ਕਲ ਹੁੰਦੀ ਜਾ ਰਹੀ ਹੈ ਅਤੇ ਇਸ ਲਈ ਲੋਕਾਂ ਨੂੰ ਵਾਤਾਵਰਣ ਪ੍ਰਤੀ ਜਾਗਰੂਕ ਕਰਨ ਦੇ ਨਾਲ ਨਾਲ ਬਹੁ ਗਿਣਤੀ ਵਿਚ ਰੁੱਖ ਲਗਾਉਣ ਦੀ ਬਹੁਤ ਜ਼ਰੂਰਤ ਹੈ ਤਾਂ ਜੋਂ ਖਰਾਬ ਹੋ ਰਹੇ ਵਾਤਾਵਰਣ ਨੂੰ ਬਚਾਇਆ ਜਾ ਸਕੇ।
ਪੰਜਾਬ ਦਾ ਵਾਤਾਵਰਨ ਤੇਜ਼ੀ ਨਾਲ ਪ੍ਰਦੂਸ਼ਿਤ ਹੋ ਰਿਹਾ ਹੈ। ਇਸ ਦੇ ਬਹੁਤ ਸਾਰੇ ਕਾਰਨ ਹਨ ਪਰ ਮੁੱਖ ਕਾਰਨ ਪੰਜਾਬ ਵਿਚ ਘਟ ਰਹੀ ਰੁੱਖਾਂ ਦੀ ਗਿਣਤੀ ਹੈ। ਪੰਜਾਬ ਅਤੇ ਪੰਜਾਬੀਆਂ ਨੂੰ ਆਪਣੇ ਰੁੱਖਾਂ ਉਤੇ ਮਾਣ ਸੀ। ਰੁੱਖ ਤਾਂ ਉਥੇ ਹੀ ਹੁੰਦੇ ਹਨ ਜਿਥੇ ਪਾਣੀ ਹੋਵੇ, ਤੇ ਪੰਜਾਬ ਨੂੰ ਤਾਂ ਪਾਣੀਆਂ ਦਾ ਸੂਬਾ ਆਖਿਆ ਜਾਂਦਾ ਹੈ । ਇਨਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਪਿੰਡ ਮਲਕਪੁਰ ਦੇ ਸਰਪੰਚ ਸਰਦਾਰ ਮਨਜੀਤ ਸਿੰਘ ਜੀ ਨੇ ਕਿਹਾ ਕਿ ਸਾਡੇ ਵਾਤਾਵਰਨ ‘ਚ ਲਗਤਾਰ ਵੱਧਦਾ ਪ੍ਰਦੂਸ਼ਣ ਗੰਭੀਰ ਚਿੰਤਾ ਦਾ ਵਿਸ਼ਾ ਹੈ। ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਹਰ ਇਕ ਮਨੁੱਖ ਨੂੰ ਆਪਣੇ ਜੀਵਨ ‘ਚ ਵੱਧ ਤੋਂ ਵੱਧ ਪੌਦੇ ਲਗਾਉਣੇ ਚਾਹੀਦੇ ਹਨ ਤੇ ਸਾਂਭ-ਸੰਭਾਲ ਕਰਨੀ ਚਾਹੀਦੀ ਹੈ ਤਾਂ ਜੋ ਵਾਤਾਵਰਨ ਹਰਿਆ-ਭਰਿਆ ਰਹੇ। ਇਸ ਮੌਕੇ ਉਨਾਂ ਨੇ ਕਿਹਾ ਕਿ ਵਾਤਾਵਰਨ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਲਈ ਰੁੱਖਾਂ ਦਾ ਹੋਣਾਂ ਜ਼ਰੂਰੀ ਹੈ ।
ਪਿਛਲੇ ਸਮੇਂ ‘ਚ ਰੁੱਖਾਂ ਦੀ ਅੰਨ੍ਹੇਵਾਹ ਹੋਈ ਕਟਾਈ ਕਾਰਨ ਸਾਨੂੰ ਤਰਾਂ ਤਰਾਂ ਦੀਆਂ ਬਿਮਾਰੀਆਂ ਨਾਲ ਜੂਝਣਾ ਪੈ ਰਿਹਾ ਹੈ। ਉਨਾਂ ਨੇ ਕਿਹਾ ਕਿ ਰੁੱਖ ਜੋ ਕਿ ਸਾਨੂੰ ਆਕਸੀਜਨ ਪ੍ਰਦਾਨ ਕਰਦੇ ਹਨ। ਰੁੱਖਾਂ ਤੋਂ ਬਿਨਾਂ ਮਨੁੱਖ ਦੀ ਜ਼ਿੰਦਗੀ ਅਧੂਰੀ ਹੈ। ਉਨਾਂ ਕਿਹਾ ਕਿ ਹਰੇਕ ਇਨਸਾਨ ਦਾ ਫਰਜ਼ ਬਣਦਾ ਹੈ ਕਿ ਵਾਤਾਵਰਨ ਨੂੰ ਬਚਾਉਣ ਲਈ ਵੱਧ ਤੋਂ ਵੱਧ ਰੁੱਖ ਲਗਾ ਕੇ ਉਨਾਂ ਦੀ ਸਾਂਭ-ਸੰਭਾਲ ਨੂੰ ਵੀ ਯਕੀਨੀ ਬਣਾਇਆ ਜਾਵੇ। ਇਸ ਮੌਕੇ ਸਮੂਹ ਸਟਾਫ ਗੁਰਪ੍ਰੀਤ ਕੌਰ (ਏਐੱਨਐੱਮ), ਕੇਵਲ ਕ੍ਰਿਸ਼ਨ (ਐੱਸ ਆਈ)ਮਨਪ੍ਰੀਤ ਸਿੰਘ,ਸਤਿੰਦਰ ਸਿੰਘ (ਐਮਪੀਐਚਡਬਲਯੂ ਮੇਲ), ਮਨਜੀਤ ਕੌਰ (ਆਸ਼ਾ),ਭੁਪਿੰਦਰ ਕੌਰ (ਆਸ਼ਾ),ਗਗਨਦੀਪ ਕੌਰ (ਆਸ਼ਾ),ਨਿਰਮਲ ਕੌਰ (ਆਸ਼ਾ),ਪੰਚਾਇਤ ਮੈਂਬਰ ਬਲਬੀਰ ਸਿੰਘ,ਨਾਜ਼ਰ ਮਸੀਹ,ਸਵਾਰਾਂ ਸਿੰਘ ,ਗੁਰਜੀਤ ਕੌਰ, ਅਤੇ ਸਾਬਕਾ ਮੈਂਬਰ ਪੰਚਾਇਤ ਬਲਕਾਰ ਸਿੰਘ,ਗੁਰਿੰਦਰ ਸਿੰਘ,ਦਰਸ਼ਨ ਸਿੰਘ ਸਤਨਾਮ ਸਿੰਘ ਆਦਿ ਵਿਸ਼ੇਸ਼ ਤੌਰ ਤੇ ਹਾਜ਼ਰ ਸਨ ।


