ਨਸ਼ਾ ਤਸਕਰਾਂ ਨਾਲ ਆਰ ਪਾਰ ਦੀ ਲੜਾਈ ਲੜ ਰਹੀ ਹੈ ਪੰਜਾਬ ਸਰਕਾਰ – ਰਮਨ ਬਹਿਲ
ਗੁਰਦਾਸਪੁਰ, 29 ਮਈ (ਸਰਬਜੀਤ ਸਿੰਘ) – ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਪਿੰਡਾਂ ਵਿੱਚ ਨਸ਼ਾ ਮੁਕਤੀ ਯਾਤਰਾ ਤਹਿਤ ਲੋਕਾਂ ਨੂੰ ਨਸ਼ਿਆਂ ਖ਼ਿਲਾਫ਼ ਲਾਮਬੰਦ ਕੀਤਾ ਜਾ ਰਿਹਾ ਹੈ। ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ ਵੱਲੋਂ ਵਿਧਾਨ ਸਭਾ ਹਲਕਾ ਗੁਰਦਾਸਪੁਰ ਵਿੱਚ ਨਸ਼ਾ ਮੁਕਤੀ ਯਾਤਰਾ ਦੀ ਅਗਵਾਈ ਕੀਤੀ ਜਾ ਰਹੀ ਹੈ, ਜਿਸ ਤਹਿਤ ਬੀਤੀ ਸ਼ਾਮ ਹਲਕੇ ਦੇ ਪਿੰਡ ਸਲੀਮਪੁਰ ਅਫ਼ਗਾਨਾ, ਮੰਗਲ ਸੈਨ ਅਤੇ ਰਾਜੂਪੁਰਾ ਵਿਖੇ ਨਸ਼ਾ ਮੁਕਤੀ ਯਾਤਰਾ ਤਹਿਤ ਜਾਗਰੂਕਤਾ ਸਭਾਵਾਂ ਕੀਤੀਆਂ ਗਈਆਂ। ਇਹਨਾਂ ਜਾਗਰੂਕਤਾ ਸਭਾਵਾਂ ਵਿੱਚ ਚੇਅਰਮੈਨ ਬਹਿਲ ਨੇ ਹਾਜ਼ਰੀਨ ਨੂੰ ਨਸ਼ਿਆਂ ਵਿਰੁੱਧ ਲੜਾਈ ਵਿੱਚ ਸਰਕਾਰ ਦਾ ਸਾਥ ਦੇਣ ਦੀ ਸਮੂਹਿਕ ਸਹੁੰ ਵੀ ਚੁਕਵਾਈ। ਇਸ ਮੌਕੇ ਜਨਤਕ ਸਭਾਵਾਂ ਨੂੰ ਸੰਬੋਧਨ ਕਰਦਿਆਂ ਚੇਅਰਮੈਨ ਰਮਨ ਬਹਿਲ ਨੇ ਕਿਹਾ ਕਿ ਪੰਜਾਬ ਸਰਕਾਰ ਨਸ਼ਾ ਤਸਕਰਾਂ ਨਾਲ ਆਰ ਪਾਰ ਦੀ ਲੜਾਈ ਲੜ ਰਹੀ ਹੈ, ਜਿਸ ਵਿੱਚ ਸੂਬਾ ਵਾਸੀਆਂ ਦੇ ਸਹਿਯੋਗ ਦੀ ਬੇਹੱਦ ਲੋੜ ਹੈ। ਉਨ੍ਹਾਂ ਕਿਹਾ ਕਿ 1 ਮਾਰਚ ਤੋਂ ਮੁੱਖ ਮੰਤਰੀ ਸ: ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਵਿੱਢੀ ਯੁੱਧ ਨਸ਼ਿਆਂ ਵਿਰੁੱਧ ਦੇ ਬੜੇ ਤਸੱਲੀਬਖ਼ਸ਼ ਨਤੀਜੇ ਸਾਹਮਣੇ ਆਏ ਹਨ। ਜਿਸ ਦਾ ਪ੍ਰਤੱਖ ਪ੍ਰਮਾਣ ਹੈ ਕਿ 14 ਹਜ਼ਾਰ ਦੇ ਕਰੀਬ ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕਰਕੇ ਸਮੈਕ, ਹੈਰੋਇਨ, ਅਫ਼ੀਮ ਆਦਿ ਨਸ਼ਿਆਂ ਦੀਆਂ ਵੱਡੀਆਂ ਖੇਪਾਂ ਬਰਾਮਦ ਕਰਨ ਤੋਂ ਇਲਾਵਾ 10 ਕਰੋੜ ਦੇ ਕਰੀਬ ਡਰੱਗ ਮਨੀ ਬਰਾਮਦ ਕੀਤੀ ਗਈ ਹੈ। ਰਮਨ ਬਹਿਲ ਨੇ ਕਿਹਾ ਕਿ ਨਸ਼ਾ ਤਸਕਰੀ ਦੇ ਕਾਲੇ ਧੰਦੇ ‘ਚ ਲੱਗੇ ਸਮਗਲਰਾਂ ਦੀਆਂ ਜਾਇਦਾਦਾਂ ਨੂੰ ਜ਼ਬਤ ਕਰਨ, ਘਰਾਂ ਨੂੰ ਸੀਲ ਕਰਨ ਤੇ ਡਰੱਗ ਮਨੀ ਨਾਲ ਬਣਾਈਆਂ ਨਜਾਇਜ਼ ਉਸਾਰੀਆਂ ਨੂੰ ਬੁਲਡੋਜ਼ਰ ਚਲਾ ਕੇ ਤਹਿਸ ਨਹਿਸ ਕੀਤਾ ਗਿਆ। ਉਨ੍ਹਾਂ ਨੇ ਨਸ਼ਾ ਮੁਕਤ ਪੰਜਾਬ ਦੀ ਸਿਰਜਣਾ ਲਈ ਹਲਕਾ ਵਾਸੀਆਂ ਕੋਲੋਂ ਭਰਵੇਂ ਸਹਿਯੋਗ ਦੀ ਮੰਗ ਵੀ ਕੀਤੀ।


