ਖਾਦ ਡੀਲਰਾਂ ਲਈ ਦੁਕਾਨਾਂ ਦੇ ਬਾਹਰ ਰੇਟ ਅਤੇ ਸਟਾਕ ਦੇ ਨੋਟਿਸ ਬੋਰਡ ਲਗਾਉਣਗੇ ਲਾਜ਼ਮੀ ਕੀਤੇ
ਗੁਰਦਾਸਪੁਰ,7 ਅਕਤੂਬਰ (ਸਰਬਜੀਤ ਸਿੰਘ) – ਪੰਜਾਬ ਸਰਕਾਰ ਵੱਲੋਂ ਝੋਨੇ ਦੀ ਕਟਾਈ ਤੋਂ ਬਾਅਦ ਬਚੇ ਰਹਿੰਦ-ਖੂੰਹਦ ਨੂੰ ਖੇਤਾਂ ਵਿੱਚ ਹੀ ਨਸ਼ਟ ਕਰਨ ਦੇ ਮਕਸਦ ਲਈ ਜ਼ਿਲ੍ਹਾ ਗੁਰਦਾਸਪੁਰ ਦੇ ਵੱਖ-ਵੱਖ ਪਿੰਡਾਂ ਦੇ ਕਿਸਾਨਾਂ ਨੂੰ 2400 ਸੁਪਰ ਸੀਡਰ ਸਬਸਿਡੀ ’ਤੇ ਮੁਹੱਈਆ ਕਰਵਾਏ ਗਏ ਹਨ। ਇਨ੍ਹਾਂ ਸੁਪਰ ਸੀਡਰਾਂ ਦੀ ਵਰਤੋਂ ਨੂੰ ਯਕੀਨੀ ਬਣਾਉਣ ਅਤੇ ਹਰ ਕਿਸਾਨ ਤੱਕ ਪਹੁੰਚਾਉਣਾ ਜਰੂਰੀ ਹੈ ਤਾਂ ਜੋ ਪਰਾਲੀ ਦੀ ਰਹਿੰਦ-ਖੂੰਹਦ ਨੂੰ ਖੇਤਾਂ ਵਿੱਚ ਹੀ ਨਸ਼ਟ ਕੀਤਾ ਜਾ ਸਕੇ।
ਇਸ ਸਭ ਨੂੰ ਧਿਆਨ ਵਿੱਚ ਰੱਖਦਿਆਂ ਜ਼ਿਲ੍ਹਾ ਮੈਜਿਸਟਰੇਟ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫ਼ਾਕ ਨੇ ਜਾਬਤਾ ਫੌਜਦਾਰੀ ਸੰਘਤਾ 1973 ਦੀ ਧਾਰਾ 144 ਦੇ ਤਹਿਤ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜ਼ਿਲ੍ਹਾ ਗੁਰਦਾਸਪੁਰ ਅੰਦਰ ਸੁਪਰ ਸੀਡਰ ਧਾਰਕਾਂ ਨੂੰ ਹੁਕਮ ਕੀਤਾ ਹੈ ਕਿ ਜੇਕਰ ਕਿਸੇ ਨੇੜਲੇ ਕਿਸਾਨ ਨੂੰ ਸੁਪਰ ਸੀਡਰ ਦੀ ਜ਼ਰੂਰਤ ਹੋਵੇ ਤਾਂ ਉਹ ਸੁਪਰ ਸੀਡਰ ਵਾਜਬ ਦਰਾਂ ’ਤੇ ਜਰੂਰਤਮੰਦ ਕਿਸਾਨਾਂ ਨੂੰ ਮੁਹੱਈਆ ਕੀਤਾ ਜਾਣਾ ਯਕੀਨੀ ਬਣਾਉਣਗੇ। ਇਸ ਸਬੰਧ ਵਿੱਚ ਮੁੱਖ ਖੇਤੀਬਾੜੀ ਅਫ਼ਸਰ ਗੁਰਦਾਸਪੁਰ ਨੂੰ ਨੋਡਲ ਅਫ਼ਸਰ ਨਿਯੁਕਤ ਕੀਤਾ ਗਿਆ ਹੈ ਅਤੇ ਉਹ ਨਿਗਰਾਨੀ ਰੱਖਣਗੇ ਕਿ ਲੋੜਵੰਦ ਕਿਸਾਨਾਂ ਨੂੰ ਸੁਪਰ ਸੀਡਰ ਮੁਹੱਈਆ ਹੋ ਸਕਣ। ਜੇਕਰ ਕਿਸੇ ਕਿਸਾਨ ਨੂੰ ਸੁਪਰਸੀਡਰ ਮੁਹੱਈਆ ਕਰਵਾਉਣ ਵਿੱਚ ਕੋਈ ਕੁਤਾਹੀ ਹੁੰਦੀ ਹੈ ਤਾਂ ਸਬੰਧਤ ਸੁਪਰ ਸੀਡਰ ਮਾਲਕ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ। ਪਾਬੰਦੀ ਦਾ ਇਹ 4 ਅਕਤੂਬਰ 2022 ਤੋਂ 4 ਦਸੰਬਰ 2022 ਤੱਕ ਲਾਗੂ ਰਹੇਗਾ।
ਇਸ ਤੋਂ ਇਲਾਵਾ ਜ਼ਿਲ੍ਹਾ ਮੈਜਿਸਟਰੇਟ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫ਼ਾਕ ਨੇ ਜਾਬਤਾ ਫੌਜਦਾਰੀ ਸੰਘਤਾ 1973 ਦੀ ਧਾਰਾ 144 ਦੇ ਤਹਿਤ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜ਼ਿਲ੍ਹਾ ਗੁਰਦਾਸਪੁਰ ਅੰਦਰ ਸਮੂਹ ਲਾਇਸੰਸ ਧਾਰਕ ਖਾਦ ਡੀਲਰਾਂ ਨੂੰ ਹੁਕਮ ਕੀਤਾ ਹੈ ਕਿ ਉਹ ਰੋਜ਼ਾਨਾਂ ਆਪਣੀ ਦੁਕਾਨ ਦੇ ਬਾਹਰ ਨੋਟਿਸ ਬੋਰਡ ਲਗਾ ਕੇ ਉਸ ਉੱਪਰ ਖਾਦ ਦੇ ਨਿਰਧਾਰਤ ਰੇਟ ਅਤੇ ਰੋਜ਼ਾਨਾਂ ਸਟਾਕ ਪੁਜੀਸ਼ਨ ਦਰਸਾਉਣੀ ਯਕੀਨੀ ਬਣਾਉਣਗੇ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਖਾਦ ਡੀਲਰ ਵੱਲੋਂ ਅਜਿਹਾ ਨਾ ਕੀਤਾ ਗਿਆ ਅਤੇ ਨਿਰਧਾਰਤ ਰੇਟ ਤੋਂ ਵੱਧ ਖਾਦ ਵੇਚੀ ਗਈ ਅਤੇ ਸਰਕਾਰ ਦੁਆਰਾ ਪਾਬੰਦੀਸ਼ੁਦਾ ਕੀਟਨਾਸ਼ਕ ਦਵਾਈ ਵੇਚੀ ਗਈ ਤਾਂ ਉਸ ਖਿਲਾਫ ਉਕਤ ਧਾਰਾ ਅਧੀਨ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ